ਲੁਧਿਆਣਾ 22 ਮਈ (ਵਰਲਡ ਪੰਜਾਬੀ ਟਾਈਮਜ਼)
ਅੱਜ ਪੀ.ਏ.ਯੂ. ਅਤੇ ਨਾਗਪੁਰ ਮਹਾਂਰਾਸ਼ਟਰ ਸਥਿਤ ਕੰਪਨੀ ਅੰਕੁਰ ਸੀਡਜ਼ ਪ੍ਰਾਈਵੇਟ ਲਿਮਿਟਡ ਵਿਚਕਾਰ ਇਕ ਸਮਝੌਤੇ ਉੱਪਰ ਦਸਤਖਤ ਕੀਤੇ ਗਏ| ਪੀ.ਏ.ਯੂ. ਦੀ ਤਰਫੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਕੰਪਨੀ ਵੱਲੋਂ ਡਾ. ਆਰ ਕੇ ਗੁੰਬਰ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ| ਇਸ ਮੌਕੇ ਖੇਤੀਬਾੜੀ ਅਤੇ ਬਾਗਬਾਨੀ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ, ਡਾ. ਮਹੇਸ਼ ਕੁਮਾਰ, ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਅਤੇ ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ ਡਾ. ਸੁਰਿੰਦਰ ਸੰਧੂ ਤੋਂ ਇਲਾਵਾ ਖੇਤਰੀ ਖੋਜ ਕੇਂਦਰ ਫਰੀਦਕੋਟ ਦੇ ਨਿਰਦੇਸ਼ਕ ਡਾ. ਕੁਲਦੀਪ ਸਿੰਘ ਮੌਜੂਦ ਰਹੇ| ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਝੌਤੇ ਲਈ ਵਿਗਿਆਨੀਆਂ ਨੂੰ ਵਧਾਈ ਦਿੱਤੀ| ਉਹਨਾਂ ਕਿਹਾ ਕਿ ਇਸ ਸਮਝੌਤੇ ਨਾਲ ਨਰਮੇ ਦੇ ਪੱਤਾ ਮਰੋੜ ਰੋਗ ਨੂੰ ਕਾਬੂ ਕਰਨ ਦੇ ਰਾਹ ਵਿਚ ਸਫਲਤਾ ਹਾਸਲ ਹੋਵੇਗੀ|
ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਨਰਮੇ ਵਿਚ ਪੱਤਾ ਮਰੋੜ ਰੋਗ ਉੱਤਰੀ ਭਾਰਤ ਦੇ ਨਰਮਾ ਉਤਪਾਦਕ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਅਮਰੀਕਨ ਨਰਮੇ ਦੀ ਕਾਸ਼ਤ ਲਈ ਗੰਭੀਰ ਖਤਰਾ ਬਣ ਕੇ ਸਾਹਮਣੇ ਆਇਆ ਹੈ| ਇਸਦਾ ਕਾਰਨ ਚਿੱਟੀ ਮੱਖੀ ਵੱਲੋਂ ਡੀ ਐੱਨ ਏ ਵਾਇਰਸ ਦਾ ਪ੍ਰਸਾਰ ਕਰ ਦੇਣਾ ਹੈ| ਪੱਤਾ ਮਰੋੜ ਬਿਮਾਰੀ ਕਾਰਨ ਫਸਲ ਦੇ ਵਿਕਾਸ ਦੇ ਮੁੱਢਲੇ ਪੜਾਅ ਪ੍ਰਭਾਵਿਤ ਹੁੰਦੇ ਹਨ| ਪੀ.ਏ.ਯੂ. ਨੇ ਇਸ ਬਿਮਾਰੀ ਦੀ ਰੋਕਥਾਮ ਲਈ ਅਮਰੀਕਨ ਨਰਮਾ ਲਾਈਨ ਨੂੰ ਪੀ.ਏ.ਯੂ. ਆਰਮਰ-1 ਦੇ ਰੂਪ ਵਿਚ ਵਿਕਸਿਤ ਕੀਤਾ ਹੈ| ਇਸ ਕਿਸਮ ਦੇ ਵਿਕਾਸ ਵਿਚ ਅਮਰੀਕਨ ਨਰਮੇ ਅਤੇ ਜੰਗਲੀ ਕਪਾਹ ਦੇ ਤੱਤਾਂ ਦਾ ਸੁਮੇਲ ਕੀਤਾ ਗਿਆ ਹੈ| ਮੌਜੂਦਾ ਸਮੇਂ ਵਿਚ ਪੱਤਾ ਮਰੋੜ ਦਾ ਸਾਹਮਣਾ ਕਰਨ ਦੀ ਸਮਰਥਾ ਵਾਲੀ ਕਿਸਮ ਇਸ ਬਿਮਾਰੀ ਨੂੰ ਰੋਕਣ ਲਈ ਮਹੱਤਵਪੂਰਨ ਬਦਲ ਹੈ|
ਡਾ. ਖੁਸ਼ਦੀਪ ਧਰਨੀ ਨੇ ਇਸ ਸਮਝੌਤੇ ਲਈ ਦੋਵਾਂ ਧਿਰਾਂ ਨੂੰ ਵਧਾਈ ਦਿੱਤੀ|

