ਬਰੈਂਪਟਨ, 25 ਮਈ (ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਰਮਿੰਦਰ ਰੰਮੀ ਦੀ ਅਗਵਾਈ ਹੇਠ ਪ੍ਰੋ. ਡਾ. ਕੁਲਜੀਤ ਕੌਰ ਵੱਲੋਂ “ਸਿਰਜਣਾ ਦੇ ਆਰ-ਪਾਰ” ਪ੍ਰੋਗਰਾਮ ਤਹਿਤ ਕੈਨੇਡਾ ਵੱਸਦੇ ਪ੍ਰਮੁੱਖ ਸਮਾਜ ਸੇਵੀ ਅਤੇ ਸਾਹਿਤਕ ਸ਼ਖਸੀਅਤ ਹਰਦਿਆਲ ਸਿੰਘ ਝੀਤਾ ਨਾਲ ਵਿਸ਼ੇਸ਼ ਰੂਬਰੂ 24 ਮਈ ਐਤਵਾਰ ਨੂੰ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੁਰਜੀਤ ਜੀ ਨੇ ਸਵਾਗਤੀ ਸ਼ਬਦਾਂ ਨਾਲ ਕੀਤੀ ਅਤੇ ਹਾਜ਼ਰ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਿਹਾ।ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ . ਦਲਬੀਰ ਸਿੰਘ ਕਥੂਰੀਆ ਜੀ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਨਿਕਾਲ ਕੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ।
ਪ੍ਰੋ. ਕੁਲਜੀਤ ਕੌਰ ਨੇ ਹਰਦਿਆਲ ਸਿੰਘ ਝੀਤਾ ਦੀ ਸ਼ਖਸੀਅਤ ਅਤੇ ਸਾਹਿਤਕ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਬਹੁਤ ਹੀ ਸੰਵੇਦਨਸ਼ੀਲ, ਨਿਮਰ ਅਤੇ ਮਾਂ-ਬੋਲੀ ਪੰਜਾਬੀ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਸਾਹਿਤਕਾਰ ਹਨ। ਉਹਨਾਂ ਨੇ ਝੀਤਾ ਜੀ ਦੇ ਜੀਵਨ ਸਫ਼ਰ ਨੂੰ ਤਸਵੀਰਾਂ ਅਤੇ ਯਾਦਾਂ ਰਾਹੀਂ ਬੜੀ ਸੁੰਦਰਤਾ ਨਾਲ ਪੇਸ਼ ਕੀਤਾ।
ਰੂਬਰੂ ਦੌਰਾਨ ਹਰਦਿਆਲ ਸਿੰਘ ਝੀਤਾ ਜੀ ਨੇ ਆਪਣੇ ਪਰਿਵਾਰਕ ਪਿਛੋਕੜ, ਪਿੰਡ ਅਤੇ ਸੰਘਰਸ਼ ਭਰੇ ਜੀਵਨ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਨੇ ਦੁਬਈ ਵਿੱਚ ਕਠਿਨ ਮਿਹਨਤ ਕਰਕੇ ਪਰਿਵਾਰ ਦੀ ਪਰਵਰਿਸ਼ ਕੀਤੀ ਅਤੇ ਨਾਲ ਹੀ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਵੀ ਦਿੱਤੀ। ਨਕੋਦਰ ਦੇ ਫਰਨੀਚਰ ਸਟੋਰ ਤੋਂ ਸ਼ੁਰੂ ਹੋਇਆ ਜੀਵਨ-ਸਫ਼ਰ ਦੁਬਈ ਅਤੇ ਫਿਰ ਕੈਨੇਡਾ ਤੱਕ ਪਹੁੰਚਿਆ। ਉਹਨਾਂ ਕਿਹਾ ਕਿ ਪਹਿਲਾਂ ਵਿਦੇਸ਼ ਜਾਣ ਦੀ ਇੰਨੀ ਹੋੜ ਨਹੀਂ ਸੀ, ਪਰ 2005 ਤੋਂ ਬਾਅਦ ਅਤੇ ਖਾਸ ਕਰਕੇ 2015 ਤੋਂ ਬਾਅਦ ਕੈਨੇਡਾ ਵੱਲ ਨੌਜਵਾਨਾਂ ਦਾ ਰੁਝਾਨ ਕਾਫ਼ੀ ਵਧ ਗਿਆ।
ਉਹਨਾਂ ਆਪਣੇ ਸੰਘਰਸ਼ਮਈ ਦੌਰ ਨੂੰ ਯਾਦ ਕਰਦਿਆਂ ਦੱਸਿਆ ਕਿ ਦੁਬਈ ਦੀ ਤਪਦੀ ਧੁੱਪ ਵਿੱਚ ਲਗਭਗ ਪੰਦਰਾਂ ਸਾਲ ਮਿਹਨਤ ਕਰਨ ਤੋਂ ਬਾਅਦ ਉਹ ਆਪਣੇ ਭਰਾਵਾਂ ਦੇ ਪਿੱਛੇ ਕੈਨੇਡਾ ਪਹੁੰਚੇ। ਸਾਹਿਤ ਨਾਲ ਪਿਆਰ ਉਹਨਾਂ ਨੂੰ ਸੱਤਵੀਂ ਜਮਾਤ ਤੋਂ ਹੀ ਹੋ ਗਿਆ ਸੀ, ਜਦੋਂ ਉਹ ਆਪਣੇ ਇੱਕ ਅਧਿਆਪਕ ਤੋਂ ਬਹੁਤ ਪ੍ਰਭਾਵਿਤ ਹੋਏ। ਪ੍ਰਵਾਸੀ ਜੀਵਨ ਦੀ ਇਕੱਲਤਾ, ਭੂ-ਹੇਰਵਾ ਅਤੇ ਮਨ ਦੇ ਖਾਲੀਪਣ ਨੇ ਉਹਨਾਂ ਨੂੰ ਕਲਮ ਦਾ ਸਹਾਰਾ ਲੈਣ ਲਈ ਪ੍ਰੇਰਿਆ।
ਕੈਨੇਡਾ ਵਿੱਚ ਪਿਆਰਾ ਸਿੰਘ ਕੁੱਦੋਵਾਲ ਨਾਲ ਮਿਲਾਪ ਅਤੇ “ਕਲਮਾਂ ਦੀ ਸਾਂਝ” ਅਤੇ ਹੋਰ ਸਾਹਿਤਕ ਸੰਸਥਾਵਾਂ ਦੇ ਜੁੜਾਅ ਨੇ ਉਹਨਾਂ ਦੀ ਸਾਹਿਤਕ ਚੇਤਨਾ ਨੂੰ ਹੋਰ ਮਜ਼ਬੂਤ ਕੀਤਾ। ਉਹਨਾਂ ਰਾਮਗੜ੍ਹੀਆ ਐਸੋਸੀਏਸ਼ਨ ਨਾਲ ਮਿਲ ਕੇ ਕਈ ਕਵੀ ਦਰਬਾਰ ਕਰਵਾਏ, ਜਿਨ੍ਹਾਂ ਨੇ ਉਹਨਾਂ ਦੀ ਸ਼ਖਸੀਅਤ ਨੂੰ ਹੋਰ ਨਿਖਾਰਿਆ।ਹਰਦਿਆਲ ਸਿੰਘ ਝੀਤਾ ਦੀ ਕਵਿਤਾ ਸਮਾਜਕ, ਧਾਰਮਿਕ ਅਤੇ ਮਨੁੱਖੀ ਮਸਲਿਆਂ ਨੂੰ ਛੂਹਦੀ ਹੈ। ਉਹਨਾਂ ਕਿਹਾ ਕਿ ਅੱਜ ਸਮਾਜ ਦੇ ਹਰ ਖੇਤਰ ਵਿੱਚ ਫੈਲਿਆ ਪ੍ਰਦੂਸ਼ਣ ਅਤੇ ਮਨੁੱਖੀ ਮੁੱਲਾਂ ਦੀ ਘਾਟ ਉਹਨਾਂ ਦੇ ਚਿੰਤਨ ਦਾ ਕੇਂਦਰ ਹੈ। ਇਸ ਮੌਕੇ ਉਹਨਾਂ ਨੇ ਆਪਣੀ ਕਵਿਤਾ “ਦਸਤਾਵੇਜ਼” ਸਾਂਝੀ ਕੀਤੀ, ਜਿਸ ਵਿੱਚ ਧਾਰਮਿਕ ਕੱਟੜਤਾ ਅਤੇ ਸਮਾਜਕ ਵਿਸੰਗਤੀਆਂ ਉੱਤੇ ਗੰਭੀਰ ਪ੍ਰਹਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਆਤਮਿਕ ਸ਼ਾਂਤੀ ਅਤੇ ਆਤਮ-ਪੜਚੋਲ ਲਈ ਉਹ ਸਾਧਨਾ ਅਤੇ ਮੈਡੀਟੇਸ਼ਨ ਦੇ ਰਾਹ ਨਾਲ ਵੀ ਜੁੜੇ ਰਹੇ ਹਨ।
ਆਪਣੀ ਜੀਵਨ ਸਾਥਣ ਕਮਲਜੀਤ ਕੌਰ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੂੰ ਹਰ ਕਦਮ ‘ਤੇ ਸਾਥ ਦੇਣ ਵਾਲੀ, ਨੈਤਿਕ ਕਦਰਾਂ ਵਾਲੀ ਅਤੇ ਪਰਿਵਾਰ ਨੂੰ ਸੰਭਾਲਣ ਵਾਲੀ ਸਾਥਣ ਮਿਲੀ। ਉਹਨਾਂ ਕਿਹਾ ਕਿ 18 ਸਾਲ ਦੀ ਇਕੱਲਤਾ ਅਤੇ ਵਿਛੋੜੇ ਦੇ ਅਹਿਸਾਸ ਨੇ ਉਹਨਾਂ ਦੇ ਕਾਵਿ ਸੰਗ੍ਰਹਿ “ਤੇਰੇ ਬਾਝੋਂ” ਨੂੰ ਜਨਮ ਦਿੱਤਾ। ਇਸ ਮੌਕੇ ਉਹਨਾਂ ਨੇ “ਤੇਰਾ ਤਸੱਵਰ” ਸਮੇਤ ਆਪਣੀਆਂ ਕਈ ਭਾਵਪੂਰਨ ਕਵਿਤਾਵਾਂ ਵੀ ਸੁਣਾਈਆਂ।
ਪ੍ਰੋਗਰਾਮ ਦੌਰਾਨ ਕਈ ਸਾਹਿਤਕਾਰਾਂ ਅਤੇ ਸਾਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮਹਿੰਦਰ ਪ੍ਰਤਾਪ ਨੇ ਹਰਦਿਆਲ ਸਿੰਘ ਝੀਤਾ ਨੂੰ ਨਰਮ-ਦਿਲ ਅਤੇ ਸੁਹਿਰਦ ਇਨਸਾਨ ਦੱਸਦਿਆਂ ਕਾਲਜ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਅਜੈਬ ਸਿੰਘ ਚੱਠਾ ਨੇ ਉਹਨਾਂ ਨੂੰ ਮਿਹਨਤੀ ਅਤੇ ਮਿੱਤਰਤਾ ਨਿਭਾਉਣ ਵਾਲੀ ਸ਼ਖਸੀਅਤ ਕਰਾਰ ਦਿੱਤਾ। ਹਰਭਜਨ ਕੌਰ ਗਿੱਲ ਨੇ ਕਿਹਾ ਕਿ ਝੀਤਾ ਜੀ ਦੀ ਕਵਿਤਾ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ, ਧਾਰਮਿਕ ਅੰਧਵਿਸ਼ਵਾਸ, ਦਾਜ ਪ੍ਰਥਾ, ਭਰੂਣ ਹੱਤਿਆ ਅਤੇ ਬੇਰੁਜ਼ਗਾਰੀ ਵਰਗੇ ਮਸਲਿਆਂ ‘ਤੇ ਚੋਟ ਕਰਦੀ ਹੈ।
ਡਾ. ਸਰਬਜੀਤ ਕੌਰ ਸੋਹਲ ਨੇ ਉਹਨਾਂ ਦੇ ਸਾਹਿਤਕ ਯਤਨਾਂ ਅਤੇ ਪੰਜਾਬੀ ਭਾਸ਼ਾ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ।
ਇਸ ਮੌਕੇ ਮਈ ਮਹੀਨੇ ਦੇ “ਸਾਹਿਤਕ ਸਾਂਝਾਂ” ਅੰਕ ਨੂੰ ਵੀ ਰਿਲੀਜ਼ ਕੀਤਾ ਗਿਆ, ਜਿਸਨੂੰ ਰਮਿੰਦਰ ਰੰਮੀ ਵੱਲੋਂ ਬੜੀ ਮਿਹਨਤ ਨਾਲ ਸੰਪਾਦਿਤ ਕਰਕੇ ਪੇਸ਼ ਕੀਤਾ ਗਿਆ।
ਰਮਿੰਦਰ ਰੰਮੀ ਜੀ ਨੇ ਹਰਦਿਆਲ ਸਿੰਘ ਝੀਤਾ ਜੀ ਦੇ ਪਹਿਲੇ ਕਾਵਿ ਸੰਗ੍ਰਹਿ,” ਤੇਰੇ ਬਾਝੋਂ”ਦਾ ਜਾਣਕਾਰੀ ਭਰਪੂਰ ਮੁਲਾਂਕਣ ਕਰਦਿਆਂ ਸਮੁੱਚੀ ਕਾਵਿ ਕਲਾ ਤੇ ਛੂਹੇ ਗਏ ਵਿਸ਼ਿਆਂ ਉੱਪਰ ਬਾਖੂਬੀ ਚਰਚਾ ਕੀਤੀ । ਉਹਨਾਂ ਦੀ ਰਚਨਾ ਨੋਜਵਾਨ ਪੀੜੀ ਲਈ ਸੇਧ ਦਿੰਦੀ ਹੈ। ਉਹ ਰੱਬ ਤੇ ਸੱਚੀ ਆਸਥਾ ਵਾਲੇ ਇਨਸਾਨ ਹਨ।
ਪ੍ਰੋਗਰਾਮ ਦੇ ਅੰਤ ਵਿੱਚ ਚੇਅਰਮੈਨ ਸ . ਪਿਆਰਾ ਸਿੰਘ ਕੁੱਦੋਵਾਲ ਨੇ ਇਸ ਪ੍ਰੋਗਰਾਮ ਪ੍ਰਤੀ ਸਮੁੱਚੇ ਪ੍ਰਭਾਵ ਦੱਸੇ ਤੇ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਵੀ ਕੀਤਾ । ਉਹਨਾਂ ਨੇ ਹਰਦਿਆਲ ਸਿੰਘ ਝੀਤਾ ਦੀ ਸਾਦਗੀ, ਅਨੁਸ਼ਾਸਨ, ਆਧਿਆਤਮਿਕ ਸੋਚ ਅਤੇ ਪਰਿਵਾਰਕ ਮੁੱਲਾਂ ਦੀ ਵਿਸ਼ੇਸ਼ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਝੀਤਾ ਜੀ ਲਈ “ਅਤਿਥੀ ਹੀ ਰੱਬ ਦਾ ਰੂਪ” ਹਨ ਅਤੇ ਉਹ ਨਾਮਧਾਰੀ ਸੰਗਤ ਅਤੇ ਸੇਵਾ ਭਾਵਨਾ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਹਨ।
ਸਮੁੱਚੇ ਰੂਪ ਵਿੱਚ “ਸਿਰਜਣਾ ਦੇ ਆਰ-ਪਾਰ” ਦਾ ਇਹ ਪ੍ਰੋਗਰਾਮ ਸਾਹਿਤਕ ਚੇਤਨਾ, ਜੀਵਨ ਅਨੁਭਵਾਂ, ਪਰਿਵਾਰਕ ਮੁੱਲਾਂ ਅਤੇ ਮਨੁੱਖੀ ਸੰਵੇਦਨਾਵਾਂ ਨਾਲ ਭਰਪੂਰ ਇੱਕ ਪ੍ਰੇਰਨਾਦਾਇਕ ਅਤੇ ਯਾਦਗਾਰੀ ਸਾਹਿਤਕ ਮਿਲਣੀ ਸਾਬਤ ਹੋਇਆ। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਵਿਦਵਾਨਾਂ ਨੇ ਸ਼ਿਰਕਤ ਕੀਤੀ ਤੇ ਨਿੱਠ ਕੇ ਪ੍ਰੋਗਰਾਮ ਨੂੰ ਸੁਣਿਆ । ਧੰਨਵਾਦ ਸਹਿਤ । ਇਹ ਰਿਪੋਰਟ ਡਾ . ਪੁਸ਼ਵਿੰਦਰ ਕੌਰ ਖੋਖਰ ਜੀ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।

