ਇੰਡੋਨੇਸ਼ੀਅਨ ਕਵੀ ਚੈਰਿਲ ਅਨਵਰ ਦਾ ਜਨਮ28 ਜੁਲਾਈ 1922 ਨੂੰ ਹੋਇਆ। ਸਿਰਫ਼ 26 ਸਾਲ ਦੀ ਉਮਰ ਹੰਢਾ ਕੇ ਉਹ 28 ਅਪ੍ਰੈਲ 1949 ਨੂੰ ਸਦੀਵੀ ਅਲਵਿਦਾ ਕਹਿ ਗਿਆ ਸਿਰਫ਼
96 ਕਵਿਤਾਵਾਂ ਲਿਖ ਕੇ।
ਉਸ ਦੀ ਇਹ ਅਮਰ ਕਵਿਤਾ 1967 ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵੱਲ਼ੋਂ ਛਪਦੇ ਮੈਗਜ਼ੀਨ “ ਦੇਸ਼ ਭਗਤ ਯਾਦਾਂ” ਵਿੱਚ ਪਹਿਲੀ ਵਾਰ ਅਨੁਵਾਦ ਕਰਕੇ ਸ. ਰਾਜਿੰਦਰ ਸਿੰਘ ਚੀਮਾ ਨੇ ਆਪਣੇ ਕਲਮੀ ਨਾਮ “ਰਾਜ ਕਸ਼ਮੀਰੀ “ ਹੋਠ ਪ੍ਰਕਾਸ਼ਿਤ ਕਰਵਾਈ ਸੀ। ਮੈਨੂੰ ਧੁੰਦਲਾ ਜਿਹਾ ਚੇਤੇ ਹੈ ਕਿ ਇਹ ਅੰਕ ਸ਼ਾਇਦ ਅਮਰਜੀਤ ਚੰਦਨ ਜੀ ਨੇ ਸੰਪਾਦਿਤ ਕੀਤਾ ਸੀ।
ਇਸ ਦਾ ਟੁੱਟਵਾਂ ਹਿੱਸਾ ਮੇਰੇ ਕੋਲ ਸੀ। ਮੈਂ ਆਪਣੇ ਵੱਡੇ ਭਾ ਜੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋ. ਸੁਖਵੰਤ ਸਿੰਘ ਗਿੱਲ ਪਾਸੋਂ ਇਸ ਦੀ ਟੈਕਸਟ ਮੰਗਵਾ ਕੇ ਭਾ ਜੀ ਸ. ਰਾਜਿੰਦਰ ਸਿੰਘ ਚੀਮਾ (ਸੀਨੀਅਰ ਐਡਵੋਕੇਟ ਸੁਪਰੀਮ ਕੋਰਟ)ਤੋਂ ਤਸਦੀਕ ਕਰਵਾ ਕੇ ਪਾਠਕਾਂ ਸਨਮੁੱਖ ਪੇਸ਼ ਕਰ ਰਿਹਾਂ।
ਇੰਡੋਨੇਸ਼ੀਆ ਦੇ ਆਜ਼ਾਦੀ ਸੰਗਰਾਮੀਆਂ ਦਾ ਇਹ ਸੁਨੇਹਾ ਵਿਸ਼ਵ ਭਰ ਦੇ ਇਨਕਲਾਬੀਆਂ ਵੱਲੋਂ ਅੱਜ ਵੀ ਓਨਾ ਹੀ ਸਾਰਥਕ ਹੈ।
ਜਦ ਮੈਂ ਇਹ ਕਵਿਤਾ ਪਹਿਲੀ ਵਾਰ ਪੜ੍ਹੀ ਸੀ ਉਦੋਂ ਮੈਂ ਨੌਵੀਂ ਜਮਾਤ ਵਿੱਚ ਚੜ੍ਹਿਆ ਹੀ ਸਾਂ। ਹੁਣ ਮੈਨੂੰ ਸੇਵਾ ਮੁਕਤ ਹੋਇਆਂ ਨੂੰ ਲਗਪਗ 13 ਸਾਲ ਹੋ ਗਏ ਨੇ। ਜੇ ਇਹ ਕਵਿਤਾ ਏਨੇ ਸਾਲ ਮੇਰੇ ਨਾਲ ਨਾਲ ਜਾਂ ਮੈਂ ਇਸ ਦੇ ਅੰਗ ਸੰਗ ਤੁਰਿਆ ਹਾਂ ਤਾਂ ਇਹ ਕਵਿਤਾ ਦੀ ਹੀ ਤਾਕਤ ਹੈ। ਤੁਸੀਂ ਵੀ ਇਹ ਇੰਡੋਨੇਸ਼ੀਅਨ ਕਵਿਤਾ ਪੜ੍ਹੋ।
ਸ਼ਹੀਦਾਂ ਦੀ ਰੂਹ ਦੇ ਬੋਲ
ਮੂਲ ਲੇਖਕਃ ਚੈਰਿਲ ਅਨਵਰ
ਪੰਜਾਬੀ ਰੂਪਃ ਰਾਜ ਕਸ਼ਮੀਰੀ
ਮੰਨਿਆ ਕੁਝ ਵੀ ਨਹੀਂ ਬਾਕੀ ਰਿਹਾ,
ਸਾਡੀਆਂ ਨਿਰਜਿੰਦ ਹੱਡੀਆਂ ਦੇ ਸਿਵਾ।
ਫੇਰ ਵੀ ਸਾਡੀ ਤੁਹਾਡੀ ਸਾਂਝ ਹੈ,
ਮੌਤ ਪਿੱਛੋਂ ਵੀ ਤੁਹਾਡੇ ਹਾਂ ਅਸੀਂ।
ਤੁਸਾਂ ਸਾਡੀ ਮੌਤ ਦਾ ਮੁੱਲ ਪਾਵਣੈਂ,
ਤੇ ਤੁਸੀਂ ਕਰਨੈਂ ਹੁਣ ਇਹ ਫ਼ੈਸਲਾ।
ਕਿਸ ਲਈ ਸਨ ਅਸਾਂ ਜਾਨਾਂ ਵਾਰੀਆਂ?
ਕਿਉਂ ਅਸਾਂ ਜੀਵਨ ਨੂੰ ਆਖੀ ਅਲਵਿਦਾ?
ਜਿੱਤ ਲਈ, ਜੀਵਨ ਜਾਂ ਆਜ਼ਾਦੀ ਲਈ,
ਜਾਂ ਅਸੀਂ ਐਵੇਂ ਮਰੇ ਸਾਂ ਬੇਵਜ੍ਹਾ।
ਸਮੇਂ ਦੇ ਹੋਠਾਂ ਦੀ ਫਰਕਣ ਹੋ ਤੁਸੀਂ,
ਅਸੀਂ ਤਾਂ ਨਿਰਸ਼ਬਦ ਬੇ-ਆਵਾਜ਼ ਹਾਂ।
ਫੇਰ ਵੀ ਕਾਲ਼ੀ ਤੇ ਬੋਲ਼ੀ ਰਾਤ ਨੂੰ,
ਵਕਤ ਹੁੰਦਾ ਏ ਜਦੋਂ ਗੁੰਮ-ਸੁੰਮ ਜਿਹਾ।
ਘੜੀ ਦੀ ਟਿਕ ਟਿਕ ਜਦੋਂ ਹੈ ਗੂੰਜਦੀ,
ਅਸੀਂ ਇਹ ਪੈਗਾਮ ਦੇਂਦੇ ਹਾਂ ਸਦਾ।
ਯਾਦ ਸਾਡੀ ਨੂੰ ਤੁਸਾਂ ਹੀ ਸਾਂਭਣੈਂ,
ਤੇ ਸਦਾ ਇਸ ਰੂਹ ਨੂੰ ਜਿਉਂਦੇ ਰੱਖਣੈਂ।
▪️ਗੁਰਭਜਨ ਗਿੱਲ
