60 ਨੌਜਵਾਨਾਂ ਨੇ ਲਿਆ ਭਾਗ, ਵਿਰਾਸਤ, ਅਨੁਸ਼ਾਸਨ ਅਤੇ ਮਨੁੱਖਤਾ ਦੀ ਸੇਵਾ ਦਾ ਦਿੱਤਾ ਸੰਦੇਸ਼ : ਅਰਸ਼ ਸੱਚਰ
ਕੋਟਕਪੂਰਾ, 5 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜ ਸੇਵੀ ਅਰਸ਼ ਸੱਚਰ ਵੱਲੋਂ ਆਯੋਜਿਤ ਦਸਤਾਰ ਮੁਕਾਬਲਾ-2026 ਬਹੁਤ ਹੀ ਉਤਸ਼ਾਹ, ਅਨੁਸ਼ਾਸਨ, ਭਾਈਚਾਰੇ ਅਤੇ ਸੱਭਿਆਚਾਰਕ ਮਾਹੌਲ ਵਿੱਚ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੁਕਾਬਲੇ ਵਿੱਚ ਕੁੱਲ 60 ਨੌਜਵਾਨਾਂ ਨੇ ਭਾਗ ਲੈ ਕੇ ਦਸਤਾਰ ਸਜਾਉਣ ਦੀ ਕਲਾ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਆਪਣੀ ਅਮੀਰ ਸਿੱਖ ਵਿਰਾਸਤ ਪ੍ਰਤੀ ਸਮਰਪਣ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਅਰਸ਼ ਸੱਚਰ ਨੇ ਕਿਹਾ ਕਿ ਦਸਤਾਰ ਸਿਰਫ਼ ਇੱਕ ਪਹਿਰਾਵਾ ਨਹੀਂ, ਸਗੋਂ ਸਨਮਾਨ, ਸਵੈ-ਮਾਣ, ਅਨੁਸ਼ਾਸਨ, ਜ਼ਿੰਮੇਵਾਰੀ, ਸੇਵਾ ਅਤੇ ਮਨੁੱਖਤਾ ਦਾ ਪ੍ਰਤੀਕ ਹੈ। ਅਜਿਹੇ ਉਪਰਾਲਿਆਂ ਦਾ ਮਕਸਦ ਕੇਵਲ ਮੁਕਾਬਲੇ ਕਰਵਾਉਣਾ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ, ਸੱਭਿਆਚਾਰ, ਉੱਚੇ ਜੀਵਨ ਮੁੱਲਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਨਾ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਪਿਆਰ, ਭਾਈਚਾਰੇ, ਸਰਬੱਤ ਦੇ ਭਲੇ ਅਤੇ ਸਰਵ-ਧਰਮ ਸਤਿਕਾਰ ਦਾ ਸੰਦੇਸ਼ ਦਿੰਦੀ ਆਈ ਹੈ। ਹਰ ਧਰਮ ਸਾਨੂੰ ਸੱਚਾਈ, ਦਇਆ, ਸੇਵਾ, ਸਹਿਣਸ਼ੀਲਤਾ ਅਤੇ ਮਨੁੱਖਤਾ ਦੀ ਪ੍ਰੇਰਣਾ ਦਿੰਦਾ ਹੈ। ਇਸ ਲਈ ਸਮਾਜ ਵਿੱਚ ਆਪਸੀ ਸਤਿਕਾਰ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਮੁਕਾਬਲੇ ਦੇ ਜੱਜ ਲਵੀ ਧਾਲੀਵਾਲ ਜੀ ਟਰਬਨ ਸਟਾਰ, ਪਗੜੀ ਹਾਊਸ ਫਰੀਦਕੋਟ ਨੇ ਆਪਣੇ ਵਿਸ਼ਾਲ ਤਜਰਬੇ ਅਤੇ ਪੂਰੀ ਨਿਰਪੱਖਤਾ ਨਾਲ ਹਰੇਕ ਭਾਗੀਦਾਰ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ। ਜੇਤੂਆਂ ਦੀ ਚੋਣ ਦਸਤਾਰ ਬੰਨ੍ਹਣ ਦੀ ਕਲਾ, ਸਾਫ਼-ਸੁਥਰਾਪਣ, ਪੇਸ਼ਕਾਰੀ, ਸੰਤੁਲਨ, ਆਤਮ-ਵਿਸ਼ਵਾਸ, ਪਰੰਪਰਾਗਤ ਸ਼ੈਲੀ, ਫਿਨਿਸ਼ਿੰਗ ਅਤੇ ਸਮੁੱਚੀ ਪ੍ਰਭਾਵਸ਼ਾਲੀ ਪ੍ਰਸਤੁਤੀ ਸਮੇਤ ਕਈ ਮਹੱਤਵਪੂਰਨ ਮਾਪਦੰਡਾਂ ਦੇ ਆਧਾਰ ‘ਤੇ ਕੀਤੀ ਗਈ। ਮੁਕਾਬਲੇ ਪਹਿਲਾ ਸਥਾਨ ਪ੍ਰਾਂਸ਼ੂ ਵਰਮਾ ਪੁੱਤਰ ਸ੍ਰੀ ਹਰੀ ਰਾਮ, ਸੰਗਰੂਰ, ਦੂਜਾ ਸਥਾਨ ਗੁਰਨਿਵਾਜ਼ ਸਿੰਘ, ਪੁੱਤਰ ਸ੍ਰੀ ਗੁਰਸੇਵਕ ਸਿੰਘ, ਫਰੀਦਕੋਟ, ਤੀਜਾ ਸਥਾਨ ਅਨਮੋਲਪ੍ਰੀਤ ਸਿੰਘ, ਪੁੱਤਰ ਸ੍ਰੀ ਗੁਰਜੰਟ ਸਿੰਘ, ਕੋਟਕਪੂਰਾ, ਅਰਸ਼ਪ੍ਰੀਤ ਸਿੰਘ, ਪੁੱਤਰ ਸ੍ਰੀ ਸਰਬਜੀਤ ਸਿੰਘ, ਕੋਟਕਪੂਰਾ ਅਤੇ ਏਕਮ ਸਿੰਘ, ਪੁੱਤਰ ਸ੍ਰੀ ਦਿਲਬਾਗ ਸਿੰਘ, ਕੋਟਕਪੂਰਾ ਨੇ ਪ੍ਰਾਪਤ ਕੀਤਾ। ਅਰਸ਼ ਸੱਚਰ ਨੇ ਗੁਰਦਰਸ਼ਨ ਸਿੰਘ (ਲਵੀ ਧਾਲੀਵਾਲ) ਦਾ ਨਿਰਪੱਖ ਫ਼ੈਸਲੇ, ਉਨ੍ਹਾਂ ਦੇ ਕੀਮਤੀ ਸਮੇਂ ਅਤੇ ਯੋਗਦਾਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਸਲ ਜੇਤੂ ਹਰ ਉਹ ਨੌਜਵਾਨ ਹੈ ਜਿਸ ਨੇ ਆਪਣੀ ਵਿਰਾਸਤ, ਆਪਣੇ ਸੰਸਕਾਰ ਅਤੇ ਆਪਣੀ ਪਛਾਣ ਨੂੰ ਮਾਣ ਨਾਲ ਅਪਣਾਇਆ ਅਤੇ ਮੰਚ ‘ਤੇ ਆਤਮ-ਵਿਸ਼ਵਾਸ ਨਾਲ ਪੇਸ਼ ਕੀਤਾ। ਉਨ੍ਹਾਂ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ 60 ਪ੍ਰਤੀਭਾਗੀਆਂ, ਉਨ੍ਹਾਂ ਦੇ ਮਾਪਿਆਂ, ਪਰਿਵਾਰਾਂ, ਸਹਿਯੋਗੀਆਂ, ਵਲੰਟੀਅਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸਮੂਹ ਮੀਡੀਆ ਭਾਈਚਾਰੇ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਨਾਲ ਇਹ ਸਮਾਗਮ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਅੰਤ ਵਿੱਚ ਅਰਸ਼ ਸੱਚਰ ਨੇ ਵਿਸ਼ਵਾਸ ਪ੍ਰਗਟਾਇਆ ਕਿ ਭਵਿੱਖ ਵਿੱਚ ਵੀ ਨੌਜਵਾਨਾਂ ਨੂੰ ਆਪਣੀ ਵਿਰਾਸਤ, ਸੱਭਿਆਚਾਰ, ਖੇਡਾਂ, ਸੇਵਾ, ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜਿਕ ਸਰੋਕਾਰਾਂ ਨਾਲ ਜੋੜਨ ਲਈ ਅਜਿਹੇ ਲੋਕ-ਭਲਾਈ ਦੇ ਉਪਰਾਲੇ ਨਿਰੰਤਰ ਜਾਰੀ ਰੱਖੇ ਜਾਣਗੇ, ਤਾਂ ਜੋ ਇੱਕ ਜਾਗਰੂਕ, ਅਨੁਸ਼ਾਸਿਤ ਅਤੇ ਸਸ਼ਕਤ ਪੰਜਾਬ ਦੀ ਨਵੀਂ ਪੀੜ੍ਹੀ ਤਿਆਰ ਕੀਤੀ ਜਾ ਸਕੇ।
