ਮੁੱਖ ਪ੍ਰਬੰਧਕ ਡਾ. ਅਮਨਦੀਪ ਕੌਰ ਦੇ ਉਪਰਾਲੇ ਦੀ ਹੋਈ ਪ੍ਰਸੰਸਾ
ਬਠਿੰਡਾ, 7 ਅਗਸਤ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਬਠਿੰਡਾ ਵਿਖੇ ਡਾ. ਅਮਨਦੀਪ ਕੌਰ ਮਾਨ, ਉਸਦੀਆਂ ਸਹੇਲੀਆਂ ਅਤੇ ਉਸਦੇ ਸਹਿਯੋਗੀਆਂ ਦੀ ਅਣਥੱਕ ਮਿਹਨਤ ਸਦਕਾ ਤੀਆਂ ਦਾ ਮਣਾਇਆ ਗਿਆ ਮੇਲਾ ਆਪਣੀ ਇੱਕ ਅਮਿੱਟ ਯਾਦਗਾਰ ਛੱਡਦਾ ਹੋਇਆ ਸਭਨਾਂ ਹਾਜਰੀਨ ਦੇ ਦਿਲਾਂ ਤੇ ਡੂੰਘੀ ਛਾਪ ਛੱਡ ਗਿਆ, ਜੋ ਚਿਰਾਂ ਤੱਕ ਯਾਦ ਰਹੇਗਾ। ਇਸ ਮੇਲੇ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਪੁੱਜੇ ਸਨ, ਜਦਕਿ ਵਿਸੇ਼ਸ ਮਹਿਮਾਨ ਦੇ ਤੌਰ ਤੇ ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਬਲਜੀਤ ਸਿੰਘ ਬੱਲੀ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਨਗਰ ਕੌਸ਼ਲਰ ਗੁਰਚਰਨ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਛੋਟੀਆਂ – ਛੋਟੀਆਂ ਬੱਚੀਆਂ ਨੇ ਗੀਤ – ਸੰਗੀਤ ਦੀਆਂ ਧੁਨਾ ਤੇ ਆਪਣੀਆਂ – ਆਪਣੀਆਂ ਪੇਸ਼ਕਾਰੀਆਂ ਕਰਕੇ ਪ੍ਰੋਗਰਾਮ ਦਾ ਯਾਦਗਾਰ ਮੁੱਢ ਬੰਨਿਆ। ਪ੍ਰੋਗਰਾਮ ‘ਚ ਪੁੱਜੀਆ ਨਾਂਮਵਰ ਗਾਇਕਾਵਾਂ ਜੈਸਮੀਨ ਚੋਟੀਆ, ਸਪਨਾ ਬਰਾੜ, ਕਰਮਜੀਤ ਰਾਜੂ ਅਤੇ ਮਨਦੀਪ ਲੱਕੀ ਨੇ ਆਪਣੇ ਸਭਿਆਚਾਰਕ ਗੀਤਾਂ ਤੇ ਬੋਲੀਆਂ ਦੀ ਪੇਸ਼ਕਾਰੀ ਕਰਕੇ ਸਭ ਮੁਟਿਆਰਾਂ ਨੂੰ ਲੰਮੇ ਸਮੇਂ ਤੱਕ ਨੱਚਣ – ਟੱਪਣ ਤੇ ਗਿੱਧਾ ਪਾਉਣ ਲਈ ਮਜਬੂਰ ਕੀਤਾ। ਇਸੇ ਤਰਾਂ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਦੇ ਅਰਥਪੂਰਨ ਗੀਤ ” ਜੇ ਕੁੱਖਾਂ ਹੀ ਸੁੰਨੀਆਂ ਕਰ ਦਿੱਤੀਆਂ ਜਾਣ.. ਤਾਂ ਤੀਆਂ ਦੇ ਮੇਲੇ ਕਿਸ ਲਈ ਸਜਣਗੇ..? ਗਾਕੇ ਸਭਨੂੰ ਸੋਚਣ ਲਈ ਮਜਬੂਰ ਕਰ ਦਿਤਾ। ਇਸ ਦੌਰਾਨ ਨਵ – ਵਿਆਹੀਆ ਲੜਕੀਆਂ ਨੂੰ ਪ੍ਰਬੰਧਕਾਂ ਵੱਲੋਂ ਸੰਧਾਰੇ ਵੀ ਦਿੱਤੇ ਗਏ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਇਸ ਮੌਕੇ ਬੋਲਦਿਆ ਡਾ. ਅਮਨਦੀਪ ਕੌਰ ਮਾਨ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਨੂੰ ਸਭਨੂੰ ਸਾਡੇ ਅਜਿਹੇ ਪ੍ਰੰਪਰਾਗਤ ਵਿਰਸੇ ਨੂੰ ਸੰਭਾਲਣ ਦੀ ਜਰੂਰਤ ਹੈ। ਉਨ੍ਹਾਂ ਮੇਲਾ ਪ੍ਰਬੰਧਕਾਂ ਡਾ. ਐਸ. ਕੇ. ਕਟਾਰੀਆ, ਡਾ. ਜਸਵੀਰ ਕਟਾਰੀਆ, ਡਾ. ਅੰਮ੍ਰਿਤਪਾਲ ਅੰਮ੍ਰਿਤ, ਡਾ. ਕੁਲਦੀਪ ਕੌਰ ਰੈਨੂੰ, ਅਮਨਦੀਪ ਸਿੰਘ ਸਰਾਂ, ਨਵਦੀਪ ਕੌਰ ਮਾਨ ( ਐਨਆਰਆਈ ), ਸਨੌਵੀਂ ਸਿੰਘ, ਡਾ. ਰਮੇਸ਼ ਸ਼ਰਮਾ, ਡਾ. ਜਗਪ੍ਰੀਤ ਖੋਖਰ, ਡਾ. ਹਰਵਿੰਦਰ ਕੋਰ, ਮੈਡਮ ਮੀਨਾ, ਰੇਨੂੰ, ਜਸਪ੍ਰੀਤ , ਸੰਤੋਸ਼, ਨੰਦ ਲਾਲ ਅਤੇ ਸੱਤਪਾਲ ਮਾਨ ਦੇ ਪਾਏ ਸਹਿਯੋਗ ਦੀ ਵੀ ਭਰਪੂਰ ਪ੍ਰਸੰਸਾ ਕੀਤੀ। ਅੰਤ ਵਿਚ ਮੁੱਖ ਮਹਿਮਾਨਾ ਵੱਲੋਂ ਸਭਨੂੰ ਯਾਦਗਾਰੀ ਚਿੰਨ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਅਮਨਦੀਪ ਕੌਰ ਨੇ ਮੁੱਖ ਮਹਿਮਾਨਾ ਤੇ ਹਾਜਰੀਨ ਸਭਨਾਂ ਦਾ ਧੰਨਵਾਦ ਕੀਤਾ।

