ਕੋਟਕਪੂਰਾ, 8 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੀ.ਬੀ.ਐਸ.ਈ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਵਿਖੇ ਸੱਤ ਦਿਨਾਂ ‘ਭਾਰਤੀ ਭਾਸ਼ਾ ਸਮਰ ਕੈਂਪ 2026’ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਨਾਲ ਜਾਣੂ ਕਰਵਾਉਣਾ ਅਤੇ ਦੇਸ਼ ਦੀ ਭਾਸ਼ਾਈ ਤੇ ਸੱਭਿਆਚਾਰਕ ਵਿਭਿੰਨਤਾ ਨਾਲ ਜੋੜਨਾ ਸੀ। ਇਸ ਕੈਂਪ ਨੂੰ ਦਿਲਚਸਪ ਬਣਾਉਣ ਲਈ ਗੀਤ, ਕਹਾਣੀਆਂ, ਖੇਡਾਂ, ਚਿੱਤਰਕਲਾ ’ਤੇ ਗੱਲਬਾਤ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਅੱਖਰ ਗਿਆਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੂਜੇ ਦਿਨ ਰੋਜਾਨਾ ਜੀਵਨ ਵਿੱਚ ਕੰਮ ਆਉਣ ਵਾਲੀ ਗੱਲਬਾਤ ਦੀ ਮਹੱਤਤਾ ਬਾਰੇ ਦੱਸਿਆ ਗਿਆ। ਕੈਂਪ ਦੇ ਤੀਜੇ ਦਿਨ ਵਿਦਿਆਰਥੀਆਂ ਨੂੰ ਸੰਗੀਤ, ਨਾਚ ਅਤੇ ਚਿੱਤਰਕਲਾ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ਦੇ ਚੌਥੇ ਦਿਨ ਵਿਦਿਆਰਥੀਆਂ ਨੇ ਵੱਖ ਵੱਖ ਤਰਾਂ ਦੇ ਪਕਵਾਨ ਬਣਾਉਣ ਬਾਰੇ ਜਾਣਕਾਰੀ ਹਾਸਿਲ ਕੀਤੀ। ਪੰਜਵੇਂ ਦਿਨ ਸੱਭਿਆਚਾਰ ਅਤੇ ਮਹਾਨ ਸ਼ਖਸ਼ੀਅਤਾਂ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ ਗਈ। ਛੇਵੇਂ ਦਿਨ ਇਤਿਹਾਸ ਤੇ ਭੂਗੋਲ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਤਵੇਂ ਦਿਨ ਪਰੰਪਰਾਗਤ ਖੇਡਾਂ ਕਰਵਾਈਆਂ ਗਈਆਂ ਅਤੇ ਨਾਲ ਹੀ ਬੱਚਿਆਂ ਨੂੰ ਨਰੋਈ ਸਿਹਤ ਅਤੇ ਚੰਗੀ ਖੁਰਾਕ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਰੋਚਕ ਤਰੀਕੇ ਅਪਣਾਏ ਗਏ। ਇਸ ਲਈ ਨਕਸ਼ਿਆਂ, ਐਟਲਸ ਅਤੇ ਆਡੀਓ- ਵੀਡੀਓ ਸਮੱਗਰੀ ਦੀ ਵਰਤੋਂ ਕੀਤੀ ਗਈ ਤਾਂ ਜੋ ਸਿੱਖਣ ਦੀ ਪ੍ਰਕਿਰਿਆ ਹੋਰ ਪ੍ਰਭਾਵਸ਼ਾਲੀ ਬਣੇ। ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਸਕੂਲ ਦੇ ਪ੍ਰਿੰਸੀਪਲ ਡਾ. ਟੁਰਨਾ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਭਾਸ਼ਾ ਪ੍ਰਤੀ ਰੁਚੀ ਵਧਾਉਣ ਦੇ ਨਾਲ-ਨਾਲ ਰਾਸ਼ਟਰੀ ਏਕਤਾ ਅਤੇ ਸੱਭਿਆਚਾਰਕ ਸਮਝ ਨੂੰ ਵੀ ਮਜਬੂਤ ਕਰਦੀਆਂ ਹਨ। ਉਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਜ਼ਿੰਦਗੀ ਵਿੱਚ ਤਰੱਕੀ ਹਾਸਿਲ ਕਰਨ ਲਈ ਸਾਨੂੰ ਲਗਾਤਾਰ ਸਿੱਖਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਐੱਮ.ਡੀ. ਜਸਵੀਰ ਸਿੰਘ ਸੰਧੂ ਨੇ ਜੋਰ ਦਿੰਦਿਆ ਕਿਹਾ ਕਿ ਸਿੱਖਣ ਦੀ ਇੱਛਾ ਰੱਖਣ ਵਾਲਾ ਮਨੁੱਖ ਚੁਣੌਤੀਆਂ ਨੂੰ ਵੀ ਮੌਕੇ ਬਣਾ ਲੈਂਦਾ ਹੈ ਅਤੇ ਹਮੇਸ਼ਾ ਚੜਦੀਕਲਾ ਵਿੱਚ ਰਹਿਣਾ ਉਸ ਦੀ ਆਦਤ ਬਣ ਜਾਂਦੀ ਹੈ। ਉਹਨਾਂ ਕਿਹਾ ਕਿ ਜੀਵਨ ਵਿੱਚ ਖੁਸ਼ੀ ਅਤੇ ਕਾਮਯਾਬੀ ਹਾਸਲ ਕਰਨ ਲਈ ਜੀਵਨ ਜਿਉਣ ਦੀਆਂ ਜੁਗਤਾਂ ਨੂੰ ਸਿੱਖਣਾ ਬਹੁਤ ਜਰੂਰੀ ਹੈ।

