ਲੁਧਿਆਣਾ 10 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਬਾਰੇ ਰਾਸ਼ਟਰੀ ਸੰਸਥਾਨ ਰੋਪੜ ਨਾਲ ਇਕ ਵਿਸ਼ੇਸ਼ ਸਮਝੌਤੇ ਉਪਰ ਦਸਤਖਤ ਕੀਤੇ ਹਨ| ਇਸ ਸਮਝੌਤੇ ਮੁਤਾਬਿਕ ਖੇਤੀ ਖੇਤਰ ਵਿਚ ਡਿਜ਼ੀਟਲ ਵਰਤੋਂ, ਮਸਨੂਈ ਬੁੱਧੀ, ਬਾਰੀਕ ਕਾਸ਼ਤਕਾਰੀ, ਰੋਬੋਟਿਕਸ ਅਤੇ ਸਵੈ ਸੰਚਾਲਨ ਦੇ ਨਾਲ-ਨਾਲ ਸੰਵਾਦ ਸੈਸਿੰਗ ਤਕਨਾਲੋਜੀਆਂ ਵਧਾਉਣ ਲਈ ਸਾਂਝੇ ਯਤਨਾਂ ਸਦਕਾ ਖੋਜ ਅਤੇ ਸਮਰਥਾ ਦਾ ਵਿਕਾਸ ਕੀਤਾ ਜਾਵੇਗਾ|
ਪੀ.ਏ.ਯੂ. ਵੱਲੋਂ ਇਸ ਸਮਝੌਤੇ ਦੌਰਾਨ ਉੱਚ ਅਧਿਕਾਰੀ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਡਾ. ਰਿਸ਼ੀਪਾਲ ਸਿੰਘ ਰਜਿਸਟਰਾਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਸਿੰਘ ਹਾਂਸ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ, ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ, ਯੂਨੀਵਰਸਿਟੀ ਲਾਇਬ੍ਰੇਰੀਅਨ ਡਾ. ਯੋਗਿਤਾ ਸ਼ਰਮਾ, ਸਿਵਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਵੀ ਪੀ ਸੇਠੀ ਅਤੇ ਨੈਨੋ ਤਕਨਾਲੋਜੀ ਦੇ ਵਿਗਿਆਨੀ ਡਾ. ਐੱਮ ਐੱਸ ਸਿੱਧੂ ਮੌਜੂਦ ਸਨ|
ਰੋਪੜ ਦੇ ਸੰਸਥਾਨ ਵੱਲੋਂ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਦੀਪਕ ਵਾਸਨ, ਰਜਿਸਟਰਾਰ ਡਾ. ਮਨੀਸ਼ ਅਰੋੜਾ ਅਤੇ ਵਿਗਿਆਨੀ ਸ਼੍ਰੀ ਜਸਵੀਰ ਸਿੰਘ ਮੌਜੂਦ ਰਹੇ| ਸਮਝੌਤੇ ਦੀਆਂ ਸ਼ਰਤਾਂ ਉੱਪਰ ਡਾ. ਰਿਸ਼ੀਪਾਲ ਸਿੰਘ ਰਜਿਸਟਰਾਰ ਪੀ.ਏ.ਯੂ. ਅਤੇ ਰੋਪੜ ਸੰਸਥਾਨ ਦੇ ਨਿਰਦੇਸ਼ਕ ਸ਼੍ਰੀ ਦੀਪਕ ਵਾਸਨ ਨੇ ਸਹੀ ਪਾਈ|
ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਵਿਸ਼ੇਸ਼ ਸੰਦੇਸ਼ ਵਿਚ ਕਿਹਾ ਕਿ ਪੀ.ਏ.ਯੂ. ਦੇਸ਼-ਵਿਦੇਸ਼ ਦੀਆਂ ਸਿਖਰਲੀਆਂ ਵਿਗਿਆਨਕ ਸੰਸਥਾਵਾਂ ਨਾਲ ਸਾਂਝ ਅਤੇ ਸਹਿਯੋਗ ਵਧਾਉਣ ਲਈ ਪ੍ਰਤੀਬੱਧ ਹੈ| ਉਹਨਾਂ ਕਿਹਾ ਕਿ ਇਸੇ ਸਿਲਸਿਲੇ ਵਿਚ ਓਹਾਈਓ ਯੂਨੀਵਰਸਿਟੀ, ਸਿਮਟ ਅਤੇ ਆਈ ਆਰ ਆਰ ਆਈ ਨਾਲ ਸਹਿਯੋਗ ਅੱੱਗੇ ਵਧਾਇਆ ਗਿਆ ਹੈ| ਵਾਈਸ ਚਾਂਸਲਰ ਨੇ ਕਿਹਾ ਕਿ ਖੇਤੀਬਾੜੀ ਵਿਚ ਡਿਜ਼ੀਟਲ ਤਰੀਕਿਆਂ ਦੀ ਵਰਤੋਂ ਵਧਾਉਣ ਲਈ ਅਤੇ ਖੇਤੀ ਨੂੰ ਵਿਗਿਆਨਕ ਤਰੀਕਿਆਂ ਨਾਲ ਭਰਪੂਰ ਕਰਨ ਲਈ ਯੂਨੀਵਰਸਿਟੀ ਨੇ ਨਿਰੰਤਰ ਯਤਨ ਕੀਤੇ ਹਨ| ਨਵੇਂ ਯੁੱਗ ਦੇ ਕਿਸਾਨਾਂ ਨੂੰ ਖੇਤੀ ਦੇ ਬੇਹੱਦ ਅਗਾਂਹਵਧੂ ਤਰੀਕਿਆਂ ਤੋਂ ਜਾਣੂੰ ਕਰਵਾਉਣ ਲਈ ਯੂਨੀਵਰਸਿਟੀ ਹਰ ਸੰਭਵ ਸਹਿਯੋਗ ਕਰੇਗੀ| ਇਸ ਪੱਖੋਂ ਅੱਜ ਦਾ ਇਹ ਸਮਝੌਤਾ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਵੱਲੋਂ ਪੰਜਾਬ ਅਤੇ ਭਾਰਤ ਦੀ ਖੇਤੀ ਦੇ ਵਿਕਾਸ ਲਈ ਪਾਏ ਯੋਗਦਾਨ ਦੀ ਇਤਿਹਾਸ ਰੇਖਾ ਨੂੰ ਅੰਕਿਤ ਕਰਦਿਆਂ ਭੋਜਨ ਸੁਰੱਖਿਆ ਅਤੇ ਸਥਿਰ ਖੇਤੀਬਾੜੀ ਲਈ ਕੀਤੇ ਯਤਨਾਂ ਦਾ ਹਵਾਲਾ ਦਿੱਤਾ| ਉਹਨਾਂ ਕਿਹਾ ਕਿ 991 ਫਸਲਾਂ ਦੀਆਂ ਕਿਸਮਾਂ ਦੀ ਖੋਜ ਪਿਛਲੇ ਪੰਜ ਦਹਾਕਿਆਂ ਦੌਰਾਨ ਕਰਕੇ ਯੂਨੀਵਰਸਿਟੀ ਨੇ ਇਕ ਮੀਲ ਪੱਥਰ ਸਥਾਪਿਤ ਕੀਤਾ ਹੈ| ਡਾ. ਢੱਟ ਨੇ ਕਿਹਾ ਕਿ ਮੌਜੂਦਾ ਸਮੇਂ ਵਾਤਾਵਰਨ ਪੱਖੀ ਖੇਤੀ ਦੇ ਨਾਲ-ਨਾਲ ਪੋਸ਼ਣ ਸੁਰੱਖਿਆ ਵੱਲ ਯੂਨੀਵਰਸਿਟੀ ਖੋਜ ਦਾ ਧਿਆਨ ਸੇਧਤ ਹੈ| ਰੋਪੜ ਦੇ ਸੰਸਥਾਨ ਨਾਲ ਹੋਣ ਵਾਲਾ ਅੱਜ ਦਾ ਸਮਝੌਤਾ ਡਿਜ਼ੀਟਲ ਖੇਤੀਬਾੜੀ ਬਾਰੇ ਦੋਵਾਂ ਸੰਸਥਾਵਾਂ ਦੀ ਸਮਝ ਅਤੇ ਗਿਆਨ ਨੂੰ ਨਵੀਂ ਦਿਸ਼ਾ ਦੇਣ ਵਾਲਾ ਸਾਬਿਤ ਹੋਵੇਗਾ|
ਇਸ ਮੌਕੇ ਹੋਈ ਇਕੱਤਰਤਾ ਵਿਚ ਸ਼ਾਮਿਲ ਹੋਏ ਪਤਵੰਤਿਆਂ ਦਾ ਸਵਾਗਤ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਕੀਤਾ| ਅੰਤ ਵਿਚ ਡਾ. ਵੀ ਪੀ ਸੇਠੀ ਨੇ ਸਭ ਲਈ ਧੰਨਵਾਦ ਦੇ ਸ਼ਬਦ ਕਹੇ| ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ|

