*ਅਧਿਆਪਕ ਮਿਡ ਡੇ ਮੀਲ ਦਾ ਬਾਈਕਾਟ ਕਰਨ ਲਈ ਹੋਏ ਮਜਬੂਰ- ਡੀ.ਟੀ.ਐੱਫ. ਅਤੇ ਈ.ਟੀ.ਯੂ. ਫਰੀਦਕੋਟ*
ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸਕੂਲਾਂ ਵਿੱਚ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਚਲਾਈ ਜਾਂਦੀ ਮਿਡ ਡੇ ਮੀਲ ਸਕੀਮ ਲਈ ਅਪ੍ਰੈਲ 2026 ਤੋਂ ਲੈ ਕੇ ਹੁਣ ਤੱਕ ਸਰਕਾਰ ਵੱਲੋਂ ਕੋਈ ਰਾਸ਼ੀ ਜਾਰੀ ਨਹੀਂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕਰੇਟਿਕ ਟੀਚਰਜ ਫਰੰਟ ਫਰੀਦਕੋਟ ਦੇ ਜਿਲਾ ਪ੍ਰਧਾਨ ਸੁਖਵਿੰਦਰ ਸੁੱਖੀ ਅਤੇ ਐਲੀਮੈਂਟਰੀ ਟੀਚਰ ਯੂਨੀਅਨ ਫਰੀਦਕੋਟ ਦੇ ਪ੍ਰਧਾਨ ਪ੍ਰੀਤ ਭਗਵਾਨ ਨੇ ਦੱਸਿਆ ਕਿ ਪਿਛਲੇ ਚਾਰ ਪੰਜ ਮਹੀਨਿਆਂ ਤੋਂ ਸਕੂਲਾਂ ਦੇ ਮਿਡ ਡੇਅ ਮੀਲ ਦੇ ਖਾਤਿਆਂ ਵਿੱਚ ਸਰਕਾਰ ਵੱਲੋਂ ਕੁਕਿੰਗ ਕਾਸਟ ਨਹੀਂ ਪਾਈ ਗਈ ਹੈ, ਜਿਸ ਕਰਕੇ ਸਕੂਲਾਂ ਵਿੱਚ ਮਿਡ ਡੇਅ ਮੀਲ ਦੇ ਕੰਮ ਨੂੰ ਜਾਰੀ ਰੱਖਣਾ ਬੇਹੱਦ ਮੁਸ਼ਕਲ ਹੋ ਗਿਆ ਹੈ। ਉਹਨਾਂ ਦੱਸਿਆ ਕਿ ਅਧਿਆਪਕ ਆਪਣੀ ਜੇਬ ‘ਚੋਂ ਖਰਚਾ ਕਰਕੇ ਮਿਡ ਡੇਅ ਮੀਲ ਲਈ ਰਾਸ਼ਨ ਦਾ ਪ੍ਰਬੰਧ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਵਿਦਿਆਰਥੀਆਂ ਲਈ ਮਿਡ ਡੇਅ ਮੀਲ ਦੀ ਕੁਕਿੰਗ ਕਾਸਟ ਮੁਹੱਈਆ ਕਰਾਉਣ ਵਿੱਚ ਅਸਮਰੱਥ ਰਹੀ ਹੈ। ਜੇਕਰ ਇਹੀ ਹਾਲ ਰਿਹਾ ਤਾਂ ਲੰਮੇ ਸਮੇਂ ਤੋਂ ਰਾਸ਼ੀ ਨਾ ਮਿਲਣ ਕਰਕੇ ਅਧਿਆਪਕ ਇਸ ਸਕੀਮ ਦਾ ਬਾਈਕਾਟ ਕਰਨ ਲਈ ਮਜਬੂਰ ਹੋ ਜਾਣਗੇ। ਡੀ.ਟੀ.ਐਫ. ਫਰੀਦਕੋਟ ਦੇ ਜਿਲ੍ਹਾ ਜਨਰਲ ਸਕੱਤਰ ਗਗਨ ਪਾਹਵਾ ਨੇ ਦੱਸਿਆ ਕਿ ਬਹੁਤ ਸਾਰੇ ਸਕੂਲਾਂ ਨੂੰ ਦੁਕਾਨਦਾਰਾਂ ਵੱਲੋਂ ਪੈਸੇ ਨਾ ਮਿਲਣ ਕਰਕੇ ਰਾਸ਼ਨ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਜਦ ਕਿ ਬਹੁਤ ਸਕੂਲਾਂ ਵਿੱਚ ਅਧਿਆਪਕ ਆਪਣੇ ਪੱਲਿਓਂ ਖਰਚਾ ਕਰਕੇ ਬੱਚਿਆਂ ਲਈ ਰਾਸ਼ਨ ਮੁਹੱਈਆ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਮਿਡ ਡੇਅ ਮੀਲ ਤਿਆਰ ਕਰਨ ਵਾਲੀਆਂ ਬੀਬੀਆਂ ਦੇ ਖਾਤਿਆਂ ਵਿੱਚ ਵੀ ਜੁਲਾਈ ਮਹੀਨੇ ਦੀ ਤਨਖਾਹ ਦੇ ਬਣਦੇ 3000 ਰੁਪਏ ਦੀ ਥਾਂ ਸਿਰਫ 2000 ਰੁਪਏ ਹੀ ਸਰਕਾਰ ਵੱਲੋਂ ਪਾਏ ਗਏ ਹਨ। ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਅਗਸਤ 2026 ਤੱਕ ਦੀ ਕੁਕਿੰਗ ਕਾਸਟ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ ਨਹੀਂ ਤਾਂ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਮਜਬੂਰਨ ਮਿਡ ਡੇ ਮੀਲ ਦਾ ਬਾਈਕਾਟ ਕਰਨਾ ਪਵੇਗਾ ਅਤੇ ਇਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

