ਇਟਲੀ ,ਫਰਾਂਸ ,ਜਰਮਨੀ ,ਡੈਨਮਾਰਕ , ਬੈਲਜੀਅਮ ਅਤੇ ਬਰਤਾਨੀਆਂ ਦੇ ਕਲਮਕਾਰਾਂ ਨੇ ਭਰੀ ਹਾਜ਼ਰੀ
ਇਟਲੀ 27 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਾਉਣ-ਭਾਦੋਂ ਦੇ ਪਰੰਪਰਿਕ ਤਿਓਹਾਰਾਂ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਇਟਲੀ, ਫਰਾਂਸ, ਜਰਮਨੀ, ਡੈਨਮਾਰਕ, ਬੈਲਜੀਅਮ ਅਤੇ ਬਰਤਾਨੀਆਂ ਦੇ ਪੰਜਾਬੀ ਕਲਮਕਾਰਾਂ ਨੇ ਸ਼ਮੂਲੀਅਤ ਕੀਤੀ। ਜ਼ੂਮ ਦੇ ਮਾਧੀਅਮ ਰਾਹੀਂ ਹੋਏ ਇਸ ਆਨਲਾਇਨ ਕਵੀ ਦਰਬਾਰ ਵਿੱਚ ਕੁਲਵੰਤ ਕੌਰ ਢਿਲੋਂ ਪ੍ਰਧਾਨ ਸਾਊਥਹਾਲ ਕਲਾ ਕੇਂਦਰ ਅਤੇ ਡਾ ਸੁਰਿੰਦਰ ਕੌਰ ਨਰੂਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ।
ਸਮਾਗਮ ਦੀ ਸ਼ੁਰੂਆਤ ਅਕਾਦਮੀ ਦੇ ਮੁੱਖ ਸਲਾਹਕਾਰ ਪ੍ਰੋ ਜਸਪਾਲ ਸਿੰਘ ਇਟਲੀ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕੀਤੀ ਗਈ। ਉਪਰੰਤ ਸ਼ਾਮਿਲ ਸਾਰੇ ਕਲਮਕਾਰਾਂ ਨੂੰ ਸੰਚਾਲਕ ਦਲਜਿੰਦਰ ਸਿੰਘ ਰਹਿਲ ਅਤੇ ਜਸਵਿੰਦਰ ਕੌਰ ਮਿੰਟੂ ਦੁਆਰਾ ਆਪੋ ਆਪਣੀ ਰਚਨਾ ਸਾਂਝੀ ਕਰਨ ਦਾ ਸੱਦਾ ਦਿੱਤਾ ਗਿਆ। ਜਿਨ੍ਹਾਂ ਵਿੱਚ ਜ਼ਫ਼ਰ ਅਵਾਨ ਡੈਨਮਾਰਕ, ਪ੍ਰੇਮ ਪਾਲ ਸਿੰਘ ਇਟਲੀ, ਆਰਤੀ ਬਕਸ਼ੀ ਇਟਲੀ, ਨਛੱਤਰ ਭੋਗਲ ਯੂ ਕੇ, ਮੁਮਤਾਜ ਮਲਿਕ ਫਰਾਂਸ, ਨੀਲੂ ਜਰਮਨੀ, ਨਰਿੰਦਰ ਪੰਨੂ, ਜੀਤ ਸੁਰਜੀਤ ਬੈਲਜੀਅਮ, ਜਗਤਾਰ ਸਿੰਘ ਇਟਲੀ ਅਤੇ ਪ੍ਰੋ ਜਸਪਾਲ ਸਿੰਘ ਇਟਲੀ ਨੇ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਡਾ ਸੁਰਿੰਦਰ ਕੌਰ ਨਰੂਲਾ ਅਤੇ ਕੁਲਵੰਤ ਕੌਰ ਢਿਲੋਂ ਯੂ ਕੇ ਇਹਨਾਂ ਤਿਓਹਾਰਾਂ ਦਾ ਸਮਾਜਿਕ, ਧਾਰਮਿਕ, ਪ੍ਰਕਿਰਤਿਕ ਅਤੇ ਪ੍ਰੀਵਾਰਿਕ ਪੱਖ ਪੇਸ਼ ਕਰਦਿਆਂ ਅਜੋਕੇ ਸੰਦਰਭ ਵਿੱਚ ਇਹਨਾਂ ਦੀ ਮਹੱਤਤਾ ਦੀ ਗੱਲ ਕੀਤੀ ਅਤੇ ਵਿਦੇਸ਼ੀ ਧਰਤੀਆਂ ਤੇ ਹੋ ਰਹੇ ਅਜਿਹੇ ਸਮਾਗਮਾਂ ਨੂੰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਲਈ ਸ਼ੁੱਭ ਸ਼ਗਨ ਦੱਸਿਆ।
ਅੰਤ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਮੇਜ਼ਰ ਸਿੰਘ ਖੱਖ ਵਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਆਪਣੀ ਰਚਨਾ ਸਾਂਝੀ ਕੀਤੀ ਗਈ।

