ਰੱਖੜੀ ਦਾ ਤਿਉਹਾਰ ਆਇਆ,
ਪਿਆਰ ਦਾ ਸੁਨੇਹਾ ਲਿਆਇਆ ।
ਭੈਣ ਨੇ ਰੱਖੜੀ ਬੰਨ੍ਹੀ ਪਿਆਰ ਨਾਲ,
ਵੀਰ ਨੇ ਰੱਖਿਆ ਕੀਤੀ ਸਤਿਕਾਰ ਨਾਲ ।
ਵੀਰ ਭਾਵੇਂ ਛੋਟਾ ਹੋਵੇ ਜਾਂ ਵੱਡਾ,
ਭੈਣ ਲਈ ਹੁੰਦਾ ਬੜਾ ਹੀ ਪਿਆਰਾ ।
ਵੱਡੀ ਭੈਣ ਮਾਂ ਵਰਗੀ ਛਾਂ ਬਣੇ,
ਛੋਟੀ ਭੈਣ ਘਰ ਵਿੱਚ ਖੁਸ਼ੀਆਂ ਭਰੇ ।
ਵੱਡੀ ਭੈਣ ਦਾ ਪਿਆਰ ਨਿਆਰਾ,
ਛੋਟੀ ਭੈਣ ਦਾ ਹਾਸਾ ਪਿਆਰਾ ।
ਭੈਣ-ਭਰਾ ਦਾ ਰਿਸ਼ਤਾ ਸੱਚਾ,
ਪਿਆਰ ਨਾਲ ਹੁੰਦਾ ਹੋਰ ਵੀ ਪੱਕਾ ।
ਬੇਬੇ ਨਾਨਕੀ ਤੇ ਗੁਰੂ ਨਾਨਕ ਦੇਵ ਜੀ
ਦਾ ਪਿਆਰ ਸੀ ਬੜਾ ਨਿਰਾਲਾ,
ਭੈਣ ਨੇ ਵੀਰ ਨੂੰ ਪਛਾਣ ਲਿਆ,
ਜਗ ਤੋਂ ਪਹਿਲਾਂ ਸੱਚ ਦਾ ਉਜਾਲਾ ।
ਬੇਬੇ ਨਾਨਕੀ ਜੀ ਦੇ ਹਿਰਦੇ ਅੰਦਰ,
ਵੀਰ ਲਈ ਸੀ ਅਥਾਹ ਪਿਆਰ ।
ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ,
ਭੈਣ ਬਣੀ ਸਤਿਕਾਰ ਦਾ ਆਧਾਰ ।
ਉਹ ਪਿਆਰ ਸੀ ਨਿਰਮਲ, ਨਿਸ਼ਕਾਮ,
ਨਾ ਕੋਈ ਮੰਗ, ਨਾ ਕੋਈ ਅਹੰਕਾਰ ।
ਪ੍ਰੇਮ, ਸਤਿਕਾਰ ਤੇ ਸੱਚ ਦੀ ਜੋਤ,
ਬਣਿਆ ਭੈਣ-ਭਰਾ ਦਾ ਸੁੰਦਰ ਪਿਆਰ ।
ਰੱਖੜੀ ਸਿਰਫ਼ ਧਾਗਾ ਨਹੀਂ,
ਇਹ ਪਿਆਰ ਦੀ ਨਿਸ਼ਾਨੀ ਹੈ ।
ਦੁੱਖ-ਸੁੱਖ ਵਿੱਚ ਸਾਥ ਨਿਭਾਉਣ ਦੀ,
ਇੱਕ ਪਵਿੱਤਰ ਜਿਹੀ ਕਹਾਣੀ ਹੈ ।
ਚਾਹੇ ਦੂਰੀ ਕਿੰਨੀ ਵੀ ਹੋ ਜਾਵੇ,
ਦਿਲਾਂ ਦੀ ਨੇੜਤਾ ਘਟਦੀ ਨਹੀਂ ।
ਭੈਣ-ਭਰਾ ਦਾ ਇਹ ਅਟੁੱਟ ਬੰਧਨ,
ਸਮੇਂ ਦੇ ਨਾਲ ਕਦੇ ਟੁੱਟਦਾ ਨਹੀਂ ।
ਗੁਰਬਾਣੀ ਸਾਨੂੰ ਪ੍ਰੇਮ ਸਿਖਾਵੇ,
ਨਿਮਰਤਾ, ਸੇਵਾ ਤੇ ਸਤਿਕਾਰ ।
ਮਨ ਵਿੱਚ ਵੱਸੇ ਪਿਆਰ ਦੀ ਜੋਤ,
ਇਹੀ ਹੋਵੇ ਜੀਵਨ ਦਾ ਸੱਚਾ ਸ਼ਿੰਗਾਰ।
ਵਾਹਿਗੁਰੂ ਕਰੇ ਹਰ ਭੈਣ-ਭਰਾ,
ਪਿਆਰ ਤੇ ਵਿਸ਼ਵਾਸ ਵਿੱਚ ਜੁੜਿਆ ਰਹੇ ।
ਹਰ ਭੈਣ ਦਾ ਵੀਰ ਖੁਸ਼ ਰਹੇ,
ਹਰ ਵੀਰ ਦੀ ਭੈਣ ਹੱਸਦੀ ਰਹੇ ।
ਸੁਨੇਹਾ:
ਬੀਬੀ ਨਾਨਕੀ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਿਆਰ ਸਾਨੂੰ ਸਿਖਾਉਂਦਾ ਹੈ ਕਿ ਭੈਣ-ਭਰਾ ਦਾ ਰਿਸ਼ਤਾ ਸਿਰਫ਼ ਰੱਖੜੀ ਦੇ ਧਾਗੇ ਨਾਲ ਨਹੀਂ, ਸਗੋਂ ਪਿਆਰ, ਵਿਸ਼ਵਾਸ, ਸਤਿਕਾਰ ਅਤੇ ਨਿਸ਼ਕਾਮ ਭਾਵਨਾ ਨਾਲ ਅਟੁੱਟ ਬਣਦਾ ਹੈ ।
ਸਤਵਿੰਦਰ ਕੌਰ
Ex Headmistress & Author

