ਹਰਭਜਨ ਸਿੰਘ ਬਾਜਵਾ ਦੀ ਸ਼ਖ਼ਸੀਅਤ ਦੇ ਕਈ ਪੱਖ ਅਜਿਹੇ ਨੇ, ਜੋ ਉਸ ਨੇ ਸਾਰੀ ਉਮਰ ਪ੍ਰਗਟ ਨਾ ਕੀਤੇ। ਆਮ ਨਜ਼ਰ ਵਿੱਚ ਉਹ ਸਿਰਫ਼ ਸ. ਸ਼ੋਭਾ ਸਿੰਘ ਦਾ ਸ਼ਾਗਿਰਦ, ਫੋਟੋਗ੍ਰਾਫਰ, ਪੱਤਰਕਾਰੀ ਲੇਖਕ, ਕਦੇ ਕਦਾਈਂ ਕਵੀ ਤੇ ਘੁਮੱਕੜ ਬੰਦਾ ਸੀ।
ਪਰ ਉਹ ਇਸ ਤੋਂ ਬਹੁਤ ਕੁਝ ਵੱਧ ਵੀ ਸੀ।
ਜਦੋਂ ਸ. ਬਰਜਿੰਦਰ ਸਿੰਘ ਹਮਦਰਦ ਨੇ “ਦ੍ਰਿਸ਼ਟੀ” ਸਾਹਿੱਤਕ ਸਚਿੱਤਰ ਮੈਗਜ਼ੀਨ ਦਾ ਸੰਪਾਦਨ ਸ਼ੁਰੂ ਕੀਤਾ ਤਾਂ ਹਰਭਜਨ ਸਿੰਘ ਬਾਜਵਾ ਸੱਭਿਆਚਾਰਕ ਤਸਵੀਰਾਂ ਸੌਂਪ ਜਾਂਦਾ ਜਿੰਨ੍ਹਾਂ ਬਾਰੇ ਵਿਸ਼ੇਸ਼ ਲੇਖ ਲਿਖਵਾਏ ਜਾਂਦੇ।
ਪੰਜਾਬੀ ਅਖ਼ਬਾਰਾਂ ਵਿੱਚ ਘਟਨਾਵਾਂ ਦੀਆਂ ਤਸਵੀਰਾਂ ਤਾਂ ਛਪਦੀਆਂ ਸਨ ਪਰ ਸਭਿਆਚਾਰਕ, ਸਮਾਜਿਕ ਤੇ ਇਤਿਹਾਸਕ ਤਸਵੀਰਾਂ ਛਾਪਣ ਦੀ ਪਹਿਲ ਬਾਜਵਾ ਨੇ ਹੀ ਕੀਤੀ।
ਹਰਭਜਨ ਸਿੰਘ ਬਾਜਵਾ ਨੇ ਪੰਜਾਬੀ ਲੇਖਕਾਂ ਨੂੰ ਨਾਇਕ ਵਜੋਂ ਪੇਸ਼ ਕੀਤਾ। ਕਿੰਨੇ ਮਹਾਨ ਲੇਖਕ ਉਸ ਦੇ ਕੈਮਰੇ ਨੇ ਸੰਭਾਲੇ। ਉਸ ਦੀ ਲਾਈ ਚਿਣਗ ਨਾਲ ਹੀ ਅੱਜ ਅਨੇਕਾਂ ਫੋਟੋ ਕਲਾਕਾਰ ਇਸ ਰਾਹ ਤੁਰੇ ਹਨ।
ਹਰਭਜਨ ਸਿੰਘ ਬਾਜਵਾ ਨੇ ਕੈਮਰੇ ਨਾਲ ਕਿਤਾਬਾਂ ਲਿਖੀਆਂ ਨੇ। ਪੰਜਾਬ, ਹਿਮਾਚਲ ਪ੍ਰਦੇਸ਼ ਤੇ ਕੁਝ ਹੋਰ ਸੂਬਿਆਂ ਦੇ ਕਬੀਲਾ ਸੱਭਿਆਚਾਰ ਦੀ ਫੋਟੋਗ੍ਰਾਫੀ ਕੀਤੀ। ਗੁੱਜਰ ਕਬੀਲੇ ਨੂੰ ਜਿਵੇਂ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਨੇ ਆਪਣੀ ਲਿਖਤ ਵਿੱਚ ਸੰਭਾਲਿਆ ਹੈ, ਬਾਜਵਾ ਨੇ ਕੈਮਰੇ ਨਾਲ ਸੰਭਾਲਿਆ ਹੈ।
ਬਾਜਵਾ ਦਾ ਸਟੁਡੀਉ ਬਟਾਲਾ ਦੀ ਕਦੇ ਰਾਜਧਾਨੀ ਹੁੰਦਾ ਸੀ। ਕੋਈ ਲੇਖਕ, ਗਾਇਕ, ਵੱਡਾ ਪੱਤਰਕਾਰ ਤੇ ਗੁਣੀ ਜਨ ਉਸ ਨੂੰ ਮਿਲੇ ਬਗੈਰ ਅੱਗੇ ਨਹੀਂ ਸੀ ਲੰਘਦਾ। ਉਹ ਆਪ ਵੀ ਸ਼ਹਿਰੋਂ ਸ਼ਹਿਰ, ਪਿੰਡੋ ਪਿੰਡ ਸਭਨਾਂ ਨੂੰ ਮਿਲਦਾ ਗਿਲਦਾ
। ਉਸ ਦਾ ਜੋਗੀਆ ਵੇਸ ਤਾਂ ਹੈ ਹੀ ਸੀ, ਫੇਰਾ ਵੀ ਜੋਗਿਆਂ ਵਾਲਾ ਹੁੰਦਾ। ਉਸ ਕੋਲ ਹਰ ਆਦਮੀ ਲਈ ਕੋਈ ਨਾ ਕੋਈ ਸੁਨੇਹਾ ਹੁੰਦਾ ਸੀ। ਵਿਚਾਰ ਵਟਾਂਦਰੇ ਵਿੱਚ ਜ਼ਿੱਦੀ ਵੀ ਸੀ ਤੇ ਅੜੀਅਲ ਵੀ। ਅੱਥਰਾ ਰੱਜ ਕੇ। ਆਪਣੀਆਂ ਸ਼ਰਤਾਂ ਤੇ ਪੂਰੀ ਉਮਰ ਜੀਵਿਆ।
ਜਿੱਥੇ ਆਪਣੀ ਗੱਲ ਕਹਿਣੀ ਹੁੰਦੀ, ਇਸ਼ਾਰਿਆਂ ਨਾਲ ਕਹਿ ਜਾਂਦਾ, ਬਿਨ ਬੋਲਿਆਂ।
ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਿਆ ਤਾਂ ਅਕਸਰ ਮਿਲਣ ਆਉਂਦਾ। ਕਦੇ ਕੋਈ ਕੰਮ ਨਾ ਕਹਿੰਦਾ। ਕੁਝ ਪਲ ਬਹਿੰਦਾ ਤੇ ਤੁਰ ਜਾਂਦਾ।
ਇੱਕ ਦਿਨ ਆਇਆ ਤੇ ਪੰਜਾਬੀਆਂ ਵੱਲੋਂ ਆਪਣੇ ਕਲਾਕਾਰਾਂ ਦੀ ਬੇਕਦਰੀ ਬਾਰੇ ਅੱਧਾ ਘੰਟਾ ਬੋਲਦਾ ਰਿਹਾ। ਲੋਕ ਗਾਇਕ ਲਾਲ ਚੰਦ ਯਮਲਾ ਜੱਟ ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਹਵਾਲੇ ਨਾਲ ਬਹੁਤ ਕੁਝ ਸਮਝਾ ਗਿਆ।
ਮੈਂ ਅਗਲੀ ਕਨਵੋਕੇਸ਼ਨ ਤੇ ਸੁਰਿੰਦਰ ਕੌਰ ਜੀ ਨੂੰ ਬੁਲਾ ਕੇ “ਡੀ ਲਿੱਟ” ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਉਸ ਇਸ਼ਾਰਾ ਕੀਤਾ ਤੇ ਮੈਂ ਸਮਝ ਲਿਆ। ਵਕਤ ਸਾਂਭਿਆ ਗਿਆ।
ਸੁਰਿੰਦਰ ਕੌਰ ਦੀ ਬੇਟੀ ਡੌਲੀ ਗੁਲੇਰੀਆ ਅਕਸਰ ਕਹਿੰਦੀ ਹੈ ਕਿ ਮੇਰੇ ਦਾਰ ਜੀ ਪ੍ਰੋ. ਜੋਗਿੰਦਰ ਸਿੰਘ ਸੋਢੀ ਨੇ ਪੀ ਐੱਚ ਡੀ ਸ਼ੁਰੂ ਕੀਤੀ ਪਰ ਅੱਧ ਵਿਚਕਾਰ ਰਹਿ ਗਈ। ਮੇਰੀ ਮਾਂ ਨੂੰ ਬੜੀ ਰੀਝ ਸੀ ਕਿ ਉਸ ਦੇ ਪਤੀ ਡਾਕਟਰੇਟ ਕਰਨ ਪਰ ਮੇਰੀ ਮਾਂ ਦਾ ਇਹ ਸੁਪਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਨਰੇਰੀ ਡਿਗਰੀ ਦੇ ਕੇ ਪੂਰਾ ਕੀਤਾ। ਕਨਵੋਕੇਸ਼ਨ ਤੋਂ ਪਰਤ ਕੇ ਸੁਰਿੰਦਰ ਕੌਰ ਜੀ ਨੇ ਵੀ ਬਹੁਤ ਵਾਰ ਇਹ ਗੱਲ ਮੈਨੂੰ ਵੀ ਦੱਸੀ।
ਇਹ ਗੱਲ ਸਿਰਫ਼ ਹਰਭਜਨ ਸਿੰਘ ਬਾਜਵਾ ਦੀ ਲੁਕਵੀਂ ਸਲਾਹਕਾਰਾਂ ਕਾਰਨ ਹੀ ਸੰਭਵ ਹੋ ਸਕੀ।
ਹਰਭਜਨ ਸਿੰਘ ਬਾਜਵਾ ਵਿਅਕਤੀ ਨਹੀਂ, ਵਰਤਾਰਾ ਸੀ। ਉਹ ਵਕਤ ਦੀ ਅੱਖ ਵਿੱਚ ਵੇਖਣਾ ਜਾਣਦਾ ਸੀ।
ਡਾ. ਸਾਧੂ ਸਿੰਘ ਹਮਦਰਦ ਜਦੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸਨ, ਉਹ ਕਾਰਜਕਾਰਨੀ ਦਾ ਨਾਮਜ਼ਦ ਮੈਂਬਰ ਸੀ। ਉਸ ਦੀ ਹਿੰਮਤ ਅਤੇ ਸਾਬਤ ਕਦਮੀ ਨਾਲ ਜੰਮੂ ਕਸ਼ਮੀਰ ਦੇ ਸਹਿਯੋਗ ਨਾਲ ਸ਼੍ਰੀਨਗਰ ਵਿੱਚ ਪੰਜਾਬੀ ਕਾਨਫਰੰਸ ਹੋ ਸਕੀ ਜਿਸ ਵਿੱਚ ਖਾਲਿਦ ਹੁਸੈਨ ਤੇ ਹੋਰ ਲੇਖਕਾਂ ਦਾ ਭਰਵਾਂ ਸਹਿਯੋਗ ਸੀ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ਼ੇਖ ਅਬਦੁੱਲਾ ਤੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਇਸ ਕਾਨਫਰੰਸ ਵਿੱਚ ਸ਼ਾਮਲ ਹੋਏ।
ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਬਟਾਲਾ ਵਿੱਚ ਮੁੱਢਲੇ ਸਮਾਗਮ ਕਰਵਾਉਣ ਵਿੱਚ ਵੀ ਉਸ ਦਾ ਯੋਗਦਾਨ ਭੁਲਾਉਣਾ ਆਸਾਨ ਨਹੀਂ।
ਉਸ ਦੇ ਵਿਛੋੜੇ ਉਪਰੰਤ ਮਹਿਸੂਸ ਹੋ ਰਿਹਾ ਹੈ ਕਿ ਇਹੋ ਜਹੇ ਬੇ ਗ਼ਰਜ਼ ਬੰਦੇ ਹੌਲੀ ਹੌਲੀ ਪੰਜਾਬ ਵਿੱਚੋਂ ਅਲੋਪ ਹੋ ਰਹੇ ਨੇ। ਮੌਲਿਕ ਸੋਚਣ ਤੇ ਸਹੀ ਸਮੇਂ ਇਸ਼ਾਰਿਆਂ ਨਾਲ ਗੰਭੀਰ ਨੁਕਤੇ ਸਮਝਾਉਣ ਵਾਲੇ।
ਬਾਜਵਾ ਦੇ ਜਾਣ ਤੇ ਮਨ ਉਦਾਸ ਹੈ। ਨਾਲ ਹੀ ਤਸੱਲੀ ਵੀ ਹੈ ਕਿ ਉਸ ਨਮਿਤ ਸਿਮਰਤੀ ਗ੍ਰੰਥ ਤਿਆਰ ਕਰਨ ਵਿੱਚ ਬੀਬਾ ਆਇਆਂ ਸਿੰਘ ਰਿਆੜਕੀ ਕਾਲਿਜ ਤੁਗਲਵਾਲਾ(ਗੁਰਦਾਸਪੁਰ) ਨੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਪਹਿਲਕਦਮੀ ਕਰਕੇ ਗਗਨਦੀਪ ਸਿੰਘ ਵਿਰਕ ਅਤੇ ਡਾ. ਨਰੇਸ਼ ਕੁਮਾਰ ਤੋਂ ਸ਼ਯਸਿਮਰਤੂ ਗਰੰਧ ਤਿਆਰ ਕਰਵਾਇਆ ਹੈ।
ਸ ਪ ਸਿੰਘ (ਡਾ.)
ਸਾਬਕਾ ਵਾਈਸ ਚਾਂਸਲਰ
ਗੁਰੂ ਨਾਨਕ ਦੇਵ ਯੂਨੀਵਰਸਿਟੀ
ਅੰਮ੍ਰਿਤਸਰ
