ਰੂਹਾਨੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਗੂੰਜਿਆ ਗੁਰਦੁਆਰਾ ਗੋਦੜੀ ਸਾਹਿਬ ਦਾ ਪਾਵਨ ਅਸਥਾਨ
ਫ਼ਰੀਦਕੋਟ, 23 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਜੀ ਦੇ ਆਗਮਨ-ਪੁਰਬ 2026 ਦੇ ਤੀਜੇ ਦਿਨ ਧਾਰਮਿਕ ਸਮਾਗਮਾਂ ਦੌਰਾਨ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਰੂਹਾਨੀਅਤ ਅਤੇ ਸ਼ਰਧਾ ਦਾ ਅਲੌਕਿਕ ਮਾਹੌਲ ਬਣਿਆ ਰਿਹਾ। ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ, ਫ਼ਰੀਦਕੋਟ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਸੁਚੱਜੀ ਅਗਵਾਈ ਅਤੇ ਦੇਖ-ਰੇਖ ਹੇਠ ਕਰਵਾਏ ਗਏ ਇਸ ਪਾਵਨ ਸਮਾਗਮ ਵਿੱਚ ਕਥਾ-ਵਾਚਕ ਅਤੇ ਕੀਰਤਨੀ ਜੱਥੇ ਨੇ ਗੁਰਬਾਣੀ, ਗੁਰਮਤਿ ਵਿਚਾਰਾਂ ਅਤੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਸਿਮਰਜੀਤ ਸਿੰਘ ਸੇਖੋਂ ਜੀ ਨੇ ਦੱਸਿਆ ਕਿ 21 ਸਤੰਬਰ ਦੀ ਸ਼ਾਮ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਭਾਈ ਹਰਜੀਤ ਸਿੰਘ ਜੀ, ਹੈੱਡ ਗ੍ਰੰਥੀ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ (ਲੁਧਿਆਣਾ) ਨੇ ਆਪਣੇ ਪ੍ਰਭਾਵਸ਼ਾਲੀ ਗੁਰਮਤਿ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਦਿਆਂ ਗੁਰਬਾਣੀ ਦੇ ਸੰਦੇਸ਼ ਨੂੰ ਸਰਲ ਅਤੇ ਭਾਵਪੂਰਤ ਢੰਗ ਨਾਲ ਸੰਗਤਾਂ ਸਾਹਮਣੇ ਰੱਖਦਿਆਂ ਮਨੁੱਖਤਾ, ਨਿਮਰਤਾ, ਸੇਵਾ ਅਤੇ ਨਾਮ-ਸਿਮਰਨ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਉਪਰੰਤ ਪ੍ਰਿੰਸੀਪਲ ਚਰਨਜੀਤ ਸਿੰਘ ਜੀ, ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਨੇ ਆਪਣੇ ਰਸਭਿੰਨੇ ਅਤੇ ਰੂਹਾਨੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਰੰਗ ਵਿੱਚ ਰੰਗ ਦਿੱਤਾ। ਕੀਰਤਨ ਦੀਆਂ ਇਲਾਹੀ ਧੁਨਾਂ ਨਾਲ ਸਮੁੱਚਾ ਮਾਹੌਲ ਆਤਮਿਕ ਆਨੰਦ ਨਾਲ ਸਰਸ਼ਾਰ ਹੋ ਗਿਆ ਅਤੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਸ਼ਰਧਾ ਅਤੇ ਇਕਾਗਰਤਾ ਨਾਲ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਡਾ. ਸੁਲੇਨਾ, ਪ੍ਰੋਫੈਸਰ ਅਤੇ ਮੁਖੀ, ਨਿਊਰੋਲੋਜੀ ਵਿਭਾਗ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਕੋਟ ਅਤੇ ਡਾ. ਪ੍ਰਦੀਪ ਗਰਗ, ਪ੍ਰੋਫੈਸਰ ਅਤੇ ਮੁਖੀ, ਰੇਡੀਏਸ਼ਨ ਓਨਕੋਲੋਜੀ ਵਿਭਾਗ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਕੋਟ ਨੂੰ ਉਹਨਾਂ ਵੱਲੋਂ ਸਮਾਜ ਲਈ ਦਿੱਤੀਆਂ ਗਈਆਂ ਸੇਵਾਵਾਂ ਲਈ ਉਹਨਾਂ ਨੂੰ ਸਿਰੋਪਾਉ, ਦੁਸ਼ਾਲਾ, ਟਰਾਫੀ ਅਤੇ 51,000-51,000 ਹਜ਼ਾਰ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸ. ਗੁਰਨੇਕ ਸਿੰਘ ਅਤੇ ਸ. ਭੁਪਿੰਦਰ ਸਿੰਘ ਭਿੰਡਰਕਲਾਂ ਮੋਗਾ ਨੂੰ ਵੀ ਸਿਰੋਪਾਉ, ਦੁਸ਼ਾਲਾ, ਟਰਾਫੀ ਅਤੇ 21,000 ਹਜ਼ਾਰ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਪਾਵਨ ਮੌਕੇ ਸ. ਰਜਿੰਦਰ ਸਿੰਘ ਜੀ ਐੱਸ.ਡੀ.ਐੱਮ., ਕੋਟਕਪੂਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਅਤੇ ਸ. ਗੁਰਇੰਦਰ ਮੋਹਨ ਸਿੰਘ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

