ਪੁਲਿਸ ਕਰਮਚਾਰੀਆ ਦੀ ਟੁਕੜੀ ਨੇ ਸਤਿਕਾਰ ਸਹਿਤ ਦਿੱਤੀ ਸਲਾਮੀ
ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸੁਆਗਤ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਨਗਰ ਕੀਰਤਨ ਟਿੱਲਾ ਬਾਬਾ ਫਰੀਦ ਤੋ ਸ਼ੁਰੂ ਹੋ ਕੇ ਮਾਈ ਗੋਦੜੀ ਸਾਹਿਬ ਵਿਖੇ ਹੋਇਆ ਸਮਾਪਤ

ਫਰੀਦਕੋਟ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੂਫੀ ਸੰਪਰਦਾ ਦੇ ਮਹਾਨ ਸੰਤ, ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਅੱਜ ਫਰੀਦਕੋਟ ਜ਼ਿਲ੍ਹੇ ਵਿਚ ਸ਼ਰਧਾ, ਭਗਤੀ ਅਤੇ ਸਾਂਝੀ ਸਾਂਝ ਦੀ ਰਵਾਇਤਾਂ ਅਨੁਸਾਰ ਕੀਤਾ ਗਿਆ। ਇਸ ਨਗਰ ਕੀਰਤਨ ਦੀ ਸ਼ੁਰੂਆਤ ਟਿੱਲਾ ਬਾਬਾ ਫਰੀਦ ਤੋਂ ਹੋਈ ਅਤੇ ਇਹ ਸਫ਼ਰ ਮਾਈ ਗੋਦੜੀ ਸਾਹਿਬ ਤੱਕ ਸੰਗਤਾਂ ਦੀ ਹਜ਼ਾਰੀ ਵਿਚ ਸ਼ਾਂਤੀਪੂਰਨ ਢੰਗ ਨਾਲ ਪੂਰਾ ਹੋਇਆ। ਇਸ ਮੌਕੇ ਗੁਰਬੰਸ ਸਿੰਘ ਬੈਸ ਐੱਸ.ਐੱਸ.ਪੀ ਫਰੀਦਕੋਟ ਜੀ ਵੱਲੋ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਜਦ ਨਗਰ ਕੀਰਤਨ ਪੁਲਿਸ ਲਾਈਨ ਫਰੀਦਕੋਟ ਪਾਸ ਪਹੁੰਚਿਆ ਤਾਂ ਫਰੀਦਕੋਟ ਪੁਲਿਸ ਦੇ ਪੁਲਿਸ ਕਰਮਚਾਰੀਆ ਵੱਲੋਂ ਸਤਿਕਾਰ ਸਹਿਤ ਸਲਾਮੀ ਦਿੱਤੀ ਗਈ। ਇਸ ਮੌਕੇ ਇਸ ਮੌਕੇ ਉਹਨਾ ਵੱਲੋਂ ਨਗਰ ਕੀਰਤਨ ਉੱਪਰ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸੁਆਗਤ ਕੀਤਾ ਗਿਆ ਅਤੇ ਪੁਲਿਸ ਮੁਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਐਸ.ਐਸ.ਪੀ ਫਰੀਦਕੋਟ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਅਤੇ ਸ਼ਰਧਾ ਸਹਿਤ ਸੀਸ ਝੁਕਾਇਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਹਨਾ ਵੱਲੋਂ ਪੰਜ ਪਿਆਰਿਆ ਨੂੰ ਸਿਰਾਪਾਓ ਵੀ ਭੇਟ ਕੀਤੇ ਗਏ। ਇਸ ਅਵਸਰ ਉੱਤੇ ਫਰੀਦਕੋਟ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ’ਤੇ ਨਗਰ ਕੀਰਤਨ ਵਿੱਚ ਸ਼ਾਮਿਲ ਹੋਈਆਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਨਾਨਕ ਨਾਮ ਲੈਣ ਵਾਲੀਆਂ ਰੂਹਾਂ ਨੇ ਸ਼ਰਧਾ ਅਤੇ ਨਿਮਰਤਾ ਨਾਲ ਲੰਗਰ ਛਕਿਆ। ਲੰਗਰ ਵਿਵਸਥਾ ਵਿਚ ਪੁਲਿਸ ਦੇ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭੀ ਹਿੱਸਾ ਲੈ ਕੇ ਸੇਵਾ ਨਿਭਾਈ। ਇਸ ਮੌਕੇ ਗੁਰਬੰਸ ਸਿੰਘ ਬੈਸ ਐੱਸ.ਐੱਸ.ਪੀ ਨੇ ਕਿਹਾ ਕਿ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਇਨਸਾਨੀਅਤ ਅਤੇ ਸੇਵਾ ਦੀ ਸਰੋਤ ਹੈ। ਅਸੀਂ ਆਭਾਰੀ ਹਾਂ ਕਿ ਸਾਨੂੰ ਇਸ ਪਵਿੱਤਰ ਨਗਰ ਕੀਰਤਨ ਵਿੱਚ ਸਿਰਫ ਸ਼ਾਮਿਲ ਹੋਣ ਦਾ ਹੀ ਨਹੀਂ, ਸਗੋਂ ਗੁਰੂ ਸਾਹਿਬ ਦੀ ਪਾਲਕੀ ਨੂੰ ਸਤਿਕਾਰ ਭਾਵ ਨਾਲ ਸਲਾਮੀ ਦੇਣ ਦਾ ਵੀ ਮੌਕਾ ਮਿਲਿਆ। ਪੁਲਿਸ ਵਿਭਾਗ ਨੇ ਨਾ ਸਿਰਫ ਕਾਨੂੰਨ ਵਿਵਸਥਾ ਬਣਾਈ ਰੱਖੀ, ਸਗੋਂ ਭਾਵਨਾਤਮਕ ਤੌਰ ’ਤੇ ਵੀ ਸੰਗਤ ਨਾਲ ਜੁੜਿਆ ਹੋਇਆ ਹੈ। ਇਸ ਦੌਰਾਨ ਸ਼੍ਰੀ ਗੁਰਬੰਸ ਸਿੰਘ ਬੈਸ, ਪੀ.ਪੀ.ਐਸ, ਐੱਸ.ਐੱਸ.ਪੀ ਫਰੀਦਕੋਟ ਜੀ ਨੇ ਕਿਹਾ ਕਿ ਬਾਬਾ ਫਰੀਦ ਜੀ ਦੀ ਇਸ ਧਰਤੀ ਤੇ ਸਾਰੇ ਧਰਮਾ ਦੇ ਲੋਕ ਇੱਕ ਦੂਜੇ ਦਾ ਹੱਥ ਫੜ ਕੇ ਇਕੱਠੇ ਹੋ ਕੇ ਏਕਤਾ ਅਤੇ ਭਾਈਚਾਰੇ ਦਾ ਸਬੂਤ ਦਿੰਦੇ ਹਨ। ਉਹਨਾ ਸਮੂਹ ਸੰਗਤਾਂ ਨੂੰ ਬਾਬਾ ਫਰੀਦ ਆਗਮਨ ਪੁਰਬ ਦੀਆਂ ਵਧਾਈਆ ਦਿੱਤੀਆ ਗਈਆ।

