ਬੜਵਾ 25 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪਿੰਡ ਬੜਵਾ ਦੇ ਸਰਕਾਰੀ ਹਾਈ ਸਕੂਲ ਵਿੱਚ ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਵਿਸ਼ੇ ਉੱਪਰ ਲੈਕਚਰ ਅਤੇ ਹੋਰ ਕਾਰਵਾਈਆਂ ਕੀਤੀਆਂ ਗਈਆਂ। ਸਮੁਦਾਇਕ ਸਿਹਤ ਕੇਂਦਰ ਸਿੰਘਪੁਰ ਤੋਂ ਆਏ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਪ੍ਰੀਤ ਕੌਰ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਡੇਂਗੂ ਦੇ ਲੱਛਣਾਂ ਅਤੇ ਡੇਂਗੂ ਹੋ ਜਾਣ ‘ਤੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਤਾਰ ਵਿੱਚ ਦੱਸਿਆ। ਸਿਹਤ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਘਰਾਂ ਵਿੱਚ ਕਿਸ ਤਰ੍ਹਾਂ ਛੋਟੀਆਂ-ਛੋਟੀਆਂ ਬੇਕਾਰ ਪਈਆਂ ਵਸਤਾਂ ਜਾਂ ਵਾਟਰ ਕੂਲਰ ਆਦਿ ਵਿੱਚ ਡੇਂਗੂ ਦਾ ਮੱਛਰ ਪਲਣ ਲੱਗ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਹਫਤੇ ਵਿੱਚ ਦੋ ਦਿਨ ‘ਖੁਸ਼ਕ ਦਿਨ’ ਵਜੋਂ ਮਨਾਏ ਜਾਂਦੇ ਹਨ ਤਾਂ ਜੋ ਸਾਫ ਪਾਣੀ ਵਿੱਚ ਪਲਣ ਵਾਲੇ ਡੇਂਗੂ ਦੇ ਮੱਛਰ ਦੇ ਪਲਣ ਦੀ ਸੰਭਾਵਨਾ ਨਸ਼ਟ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਦਿਵਾਲੀ ਤੋਂ ਬਾਅਦ ਡੇਂਗੂ ਦੇ ਕੇਸ ਇਸ ਲਈ ਵਧ ਜਾਂਦੇ ਹਨ, ਕਿਉਂਕਿ ਦਿਵਾਲੀ ਮੌਕੇ ਲਗਾਏ ਜਾਣ ਵਾਲੇ ਦੀਵਿਆਂ ਵਿੱਚ ਬਾਅਦ ਵਾਲੇ ਦਿਨਾਂ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਮੱਛਰ ਜ਼ਿਆਦਾ ਵਧਦਾ ਹੈ। ਉਨ੍ਹਾਂ ਨੇ ਡੇਂਗੂ ਦੇ ਮੱਛਰ ਅਤੇ ਲਾਰਵੇ ਦੀਆਂ ਵੀਡੀਓਜ਼ ਵੀ ਦਿਖਾਈਆਂ।
ਸਿਹਤ ਵਿਭਾਗ ਦੀ ਟੀਮ ਨੇ ਸਕੂਲ ਦਾ ਨਿਰੀਖਣ ਕਰਕੇ ਡੇਂਗੂ ਮੱਛਰ ਦੇ ਪਲਣ ਦੀਆਂ ਸੰਭਾਵੀ ਥਾਵਾਂ ਦਾ ਨਿਰੀਖਣ ਕੀਤਾ ਅਤੇ ਸਾਵਧਾਨੀ ਵਜੋਂ ਕੁਝ ਥਾਵਾਂ ‘ਤੇ ਲਾਰਵਾ ਮਾਰਨ ਵਾਲੀ ਦਵਾਈ ਵੀ ਛਿੜਕੀ। ਸਕੂਲ ਦੇ ਸਾਹਮਣੇ ਬਣੇ ਪਿੰਡ ਦੇ ਛੱਪੜ ਵਿੱਚ ਕਾਲਾ ਤੇਲ ਵੀ ਛਿੜਕਿਆ ਗਿਆ ਤਾਂ ਜੋ ਛੱਪੜ ਵਿੱਚ ਪਲਣ ਵਾਲੇ ਬਾਕੀ ਕਿਸਮ ਦੇ ਮੱਛਰ ਵੀ ਖਤਮ ਹੋ ਸਕਣ। ਸਕੂਲ ਦੇ ਹੈੱਡਮਾਸਟਰ ਡਾ. ਸੁਰਿੰਦਰ ਕੁਮਾਰ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਇਹ ਜਾਣਕਾਰੀ ਉਹ ਆਪਣੇ ਘਰਦਿਆਂ ਨਾਲ ਵੀ ਸਾਂਝੀ ਕਰਨ ਅਤੇ ਆਪਣੇ ਘਰ ਦੇ ਅੰਦਰ ਅਤੇ ਗੁਆਂਢੀਆਂ ਦੇ ਘਰਾਂ ਵਿੱਚ ਮੱਛਰ ਦੇ ਪਲਣ ਦੀਆਂ ਥਾਵਾਂ ਦਾ ਨਿਰੀਖਣ ਕਰਕੇ ਮੱਛਰ ਦੇ ਮਿਲਣ ਵਾਲੇ ਲਾਰਵੇ ਨੂੰ ਨਸ਼ਟ ਕਰਨ, ਕਿਉਂਕਿ ਜੇਕਰ ਸਾਡੇ ਆਸ-ਪੜੌਸ ਵਿੱਚ ਮੱਛਰ ਹੁੰਦਾ ਹੈ ਤਾਂ ਉਸ ਦੇ ਕੱਟਣ ਨਾਲ ਅਸੀਂ ਵੀ ਬਿਮਾਰ ਪੈ ਸਕਦੇ ਹਾਂ। ਇਸ ਮੌਕੇ ਕਰਤਾਰ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਸੰਜੀਵ ਕੁਮਾਰ, ਅਮਨਦੀਪ ਕੌਰ, ਸੁਮੰਤ ਕੁਮਾਰ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ। ਮਲਟੀ ਪਰਪਜ਼ ਹੈਲਥ ਵਰਕਰ ਜਤਿੰਦਰ ਕੁਮਾਰ ਨੇ ਵੀ ਸਹਿਯੋਗ ਕੀਤਾ।

