ਕੋਟਕਪੂਰਾ, 28 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਡੈਂਟਲ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਗ਼ੈਰ-ਕਾਨੂੰਨੀ/ਅਨ-ਅਧਿਕਾਰਤ ਡੈਂਟਲ ਕਲੀਨਿਕਾਂ ‘ਤੇ ਠੱਲ੍ਹ ਪਾਉਣ ਦੇ ਮਕਸਦ ਨਾਲ ਨੈਸ਼ਨਲ ਡੈਂਟਲ ਕਮਿਸ਼ਨ ਵੱਲੋਂ ‘ਪੰਜਾਬ ਡੈਂਟਲ ਕੌਂਸਲ’ ਦਾ ਗਠਨ ਕੀਤਾ ਗਿਆ ਹੈ। ਇਸ ਕੌਂਸਲ ਵਿੱਚ ਪੰਜਾਬ ਤੋਂ 6 ਮੈਂਬਰ ਚੁਣੇ ਗਏ ਹਨ, ਜਿਨ੍ਹਾਂ ਵਿੱਚ ਕੋਟਕਪੂਰਾ ਤੋਂ ਦੰਦਾਂ ਦੇ ਪ੍ਰਸਿੱਧ ਮਾਹਿਰ ਡਾ. ਕੁਲਦੀਪ ਸਿੰਘ ਧੀਰ ਨੂੰ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਕੋਟਕਪੂਰਾ ਸ਼ਹਿਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਡਾ. ਕੁਲਦੀਪ ਧੀਰ ਕੋਟਕਪੂਰਾ ਦੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਦੇ ਨਾਲ-ਨਾਲ ਫ਼ਰੀਦਕੋਟ ਵਿਖੇ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਿਪਟੀ ਡਾਇਰੈਕਟਰ (ਸਿਹਤ ਸੇਵਾਵਾਂ) ਵਜੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਉਨ੍ਹਾਂ ਦੀਆਂ ਬਹਿਤਰੀਨ ਸੇਵਾਵਾਂ ਨੂੰ ਦੇਖਦੇ ਹੋਏ ਹੀ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਧੀਰ ਨੇ ਦੱਸਿਆ ਕਿ ਪੰਜਾਬ ਵਿੱਚ ਓਰਲ ਕੈਂਸਰ (ਮੂੰਹ ਦਾ ਕੈਂਸਰ) ਦੀ ਬਿਮਾਰੀ ਤੇਜ਼ੀ ਨਾਲ ਵਧ ਰਹੀ ਹੈ, ਜਿਸ ਲਈ ਦੰਦਾਂ ਅਤੇ ਮੂੰਹ ਦੀਆਂ ਬਿਮਾਰੀਆਂ ਦੇ ਇਲਾਜ ਤੇ ਜਾਗਰੂਕਤਾ ਵਿੱਚ ਸੁਧਾਰ ਦੀ ਸਖ਼ਤ ਲੋੜ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ। ਡਾ. ਕੁਲਦੀਪ ਸਿੰਘ ਧੀਰ ਦੇ ਪੰਜਾਬ ਡੈਂਟਲ ਕੌਂਸਲ ਦੇ ਮੈਂਬਰ ਬਣਨ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ, ਸੀਨੀਅਰ ਭਾਜਪਾ ਆਗੂ ਸ਼ਾਮ ਲਾਲ ਮੈਗੀ, ਕਹਾਣੀਕਾਰ ਵਿਸ਼ਵ ਜੋਤੀ ਧੀਰ, ਡਾ. ਰਾਜਨ ਸਿੰਗਲਾ, ਡਾ. ਪ੍ਰਭਦੇਵ ਸਿੰਘ ਬਰਾੜ, ਡਾ. ਰਵੀ ਬਾਂਸਲ, ਡਾ. ਪ੍ਰਮੋਦ ਗੁਪਤਾ, ਡਾ. ਮਨਜੀਤ ਸਿੰਘ ਢਿੱਲੋਂ, ਬਲਜੀਤ ਸਿੰਘ ਖੀਵਾ, ਸੁਖਵਿੰਦਰ ਸਿੰਘ ਬੱਬੂ, ਡਾ ਸੋਨੂੰ ਗਰਗ ਅਤੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।

