ਕੋਟਕਪੂਰਾ, 30 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੈਸ਼ਲ ਕਾਡਰ ਅਧਿਆਪਕ ਵੱਲੋਂ ਪੇ-ਸਕੇਲ ਦੀ ਮੰਗ ਨੂੰ ਲਾਗੂ ਕਰਵਾਉਣ ਲਈ 2 ਅਕਤੂਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਸਪੈਸ਼ਲ ਕਾਡਰ ਅਧਿਆਪਕ ਫਰੰਟ ਪੰਜਾਬ ਦੇ ਸੂਬਾ ਆਗੂ ਰਸ਼ਪਾਲ ਸਿੰਘ ਅਤੇ ਜਿਲ੍ਹਾ ਆਗੂ ਦਇਆ ਸਿੰਘ ਵੱਲੋਂ ਸਰਕਾਰ ‘ਤੇ ਦੋਸ਼ ਲਗਾਉਂਦਿਆ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਪੇ-ਸਕੇਲ ਦੀ ਮੰਗ ਨੂੰ ਲੈ ਕੇ ਵਿੱਤ ਮੰਤਰੀ, ਪੰਜਾਬ ਤੇ ਸਿੱਖਿਆ ਮੰਤਰੀ, ਪੰਜਾਬ ਤੇ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਸਮੇਂ ਸਮੇਂ ‘ਤੇ ਮੀਟਿੰਗਾਂ ਕੀਤੀਆਂ ਗਈਆਂ। ਪਰ ਤਿੰਨ ਸਾਲਾਂ ਬਾਅਦ ਵੀ ਪੇ-ਸਕੇਲ ‘ਤੇ ਸੀਐਸਆਰ ਰੂਲਜ਼ ਲਾਗੂ ਨਹੀਂ ਕੀਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ, ਮੌਜੂਦਾ ਕੈਬਨਿਟ ਮੰਤਰੀ, ਹੋਰ ਵਿਧਾਇਕ ਤੇ ਆਪ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਖੁਦ ਸਰਕਾਰ ਬਣਨ ਤੋਂ ਪਹਿਲਾਂ ਮੋਹਾਲੀ ਧਰਨੇ ‘ਤੇ ਆਏ ਸਨ ਤੇ ਸਰਕਾਰ ਬਣਦਿਆਂ ਹੀ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪਰ ਅਫਸੋਸ ਉਹ ਵਾਅਦੇ ਫਾਈਲਾਂ ‘ਤੇ ਸੜਕਾਂ ‘ਤੇ ਲੱਗੇ ਫਲੈਕਸ ਬੋਰਡਾਂ ਤੱਕ ਹੀ ਸੀਮਿਤ ਰਹਿ ਗਏ ਹਨ। ਆਗੂਆਂ ਨੇ ਦੱਸਿਆ ਕਿ ਸਾਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਬਹੁਤ ਸਾਰੇ ਸਾਥੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ, ਬਹੁਤ ਸਾਰੇ ਸਾਥੀ ਬਿਨਾਂ ਕਿਸੇ ਸਹੂਲਤ ਤੋਂ ਰਿਟਾਇਰ ਹੋ ਰਹੇ ਹਨ, ਵਿਭਾਗ ਨੂੰ ਲੰਮਾ ਸਮਾਂ ਸੇਵਾਵਾਂ ਦੇਣ ਦੇ ਬਾਵਜੂਦ ਖਾਲੀ ਹੱਥ ਘਰ ਜਾ ਰਹੇ ਹਨ। ਮਹਿੰਗਾਈ ਦੇ ਇਸ ਦੌਰ ਵਿੱਚ ਘਰਾਂ ਦੇ ਗੁਜ਼ਾਰੇ ਕਰਨੇ ਔਖੇ ਹੋ ਗਏ ਹਨ। ਕਿਸੇ ਪ੍ਰਕਾਰ ਦੀ ਮੈਡੀਕਲ ਸਹੂਲਤ ਨਹੀਂ ਦਿੱਤੀ ਜਾਂਦੀ, ਕਈ ਸਾਥੀ ਭਿਆਨਕ ਬਿਮਾਰੀ ਨਾਲ ਪੀੜਤ ਹਨ ਤੇ ਕਈ ਸਾਥੀਆਂ ਦੇ ਪਰਿਵਾਰ ਵੱਖ-ਵੱਖ ਬਿਮਾਰੀਆਂ ਨਾਲ ਆਪਣੇ ਜੀਵਨ ਦਾ ਸੰਘਰਸ਼ ਲੜ ਰਹੇ ਹਨ। ਬੁਢਾਪੇ ਦਾ ਇੱਕੋ ਇੱਕ ਸਹਾਰਾ ਪੈਨਸ਼ਨ ਵੀ ਨਹੀਂ ਦਿੱਤੀ ਗਈ। ਪੰਜਾਬ ਸਰਕਾਰ ਵੱਲੋਂ ਸਾਨੂੰ ਮੁਲਾਜ਼ਮ ਨਾ ਸਮਝਦੇ ਹੋਏ ਰੈਗੂਲਰ ਮੁਲਾਜ਼ਮਾਂ ਵਾਲੀ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਸਪੈਸ਼ਲ ਕੇਡਰ ਦੇ 12710 ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ, ਜਿਸ ਦੇ ਵਿਰੋਧ ਵਿੱਚ 2 ਅਕਤੂਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਤੇ ਪੂਰੇ ਪੰਜਾਬ ਦੇ ਕਾਡਰ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਮੁੱਖ ਮੰਤਰੀ ਨਿਵਾਸ ਸਥਾਨ ਸੰਗਰੂਰ ਵਿਖੇ ਘਿਰਾਓ ਕੀਤਾ ਜਾਵੇਗਾ। ਜੇਕਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਿਸੇ ਪ੍ਰਕਾਰ ਦੀ ਵਧੀਕੀ ਕੀਤੀ ਜਾਂਦੀ ਹੈ ਤਾਂ ਮੱਕੇ ‘ਤੇ ਤਿੱਖਾ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਮਨਦੀਪ ਸਿੰਘ, ਤਲਵਿੰਦਰ ਸਿੰਘ, ਸੁਰਜੀਤ ਸਿੰਘ, ਜਸਪਾਲ ਸਿੰਘ, ਪਰਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।
ਫੋਟੋ ਕੈਪਸ਼ਨ :- ਰਛਪਾਲ ਸਿੰਘ ਅਤੇ ਦਇਆ ਸਿੰਘ।

