ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਜਨਮ 1954 ਦਾ ਹੈ। ਉਦੋਂ ਛੱਬੀ ਸਾਲ ਦੀ ਭਰ ਜੁਆਨ ਸੀ ਜਦ ਮੈਂ 1980 ਵਿੱਚ ਮੈਂ ਇਸ ਦਾ ਮੈਂਬਰ ਬਣਿਆ।
ਲਗਪਗ 46 ਸਾਲਾਂ ਵਿੱਚ ਮੈਂ ਸਾਰੇ ਅਦਬੀ ਰੰਗ ਏਥੇ ਹੀ ਵੇਖੇ ਹਨ। ਮੈਂ ਡਾ. ਮ ਸ ਰੰਧਾਵਾ ਜੀ ਦੀ ਪ੍ਰਧਾਨਗੀ ਵੇਲੇ 1984 ਵਿੱਚ ਕਾਰਜਕਾਰਨੀ ਦਾ ਮੈਂਬਰ ਬਣਿਆ। ਇਸ ਟੀਮ ਵਿੱਚ ਮੈਂ ਤੇ ਡਾ. ਰਵਿੰਦਰ ਰਵੀ ਹੀ ਅਸਲੀ ਕਾਲ਼ੀ ਦਾੜੀ ਵਾਲੇ ਸਾਂ। ਰੰਗਣ ਵਾਲੇ ਕਈ ਸਨ।
ਡਾ. ਰੰਧਾਵਾ ਜੀ ਦੇ ਵਿਛੋੜੇ ਮਗਰੋਂ ਪ੍ਰੋ. ਪ੍ਰੀਤਮ ਸਿੰਘ ਪਟਿਆਲਾ ਵਾਲੇ ਕਾਰਜਕਾਰੀ ਪ੍ਰਧਾਨ ਬਣੇ। ਉਨ੍ਹਾਂ ਨਾਲ ਵੀ ਕੰਮ ਕੀਤਾ। ਉਨ੍ਹਾਂ ਚਾਰ ਸਾਲਾਂ ਦੀ ਇੱਕੋ ਇੱਕ ਯਾਦਗਾਰੀ ਤਸਵੀਰ ਮੇਰੇ ਕੋਲ ਸੀ ਜੋ ਮੈਂ ਪੰਜਾਬੀ ਭਵਨ ਨੂੰ ਭੇਂਟ ਕਰ ਦਿੱਤੀ। ਉਹ ਰੁਣ ਵੀ ਪ੍ਰਬੰਧਕੀ ਬਲਾਕ ਵਿੱਚ ਸੁਭਾਇਮਾਨ ਹੈ। ਸਿਆਹ ਸਫ਼ੈਦ ਯਾਦਗਾਰੀ ਫੋਟੋ।
ਹੋਰ ਵੀ ਦੋਸਤਾਂ ਕੋਲ ਤਸਵੀਰਾਂ ਹੋਣਗੀਆ। ਇਹ ਇਕੱਠੀਆਂ ਕਰਕੇ ਸੰਭਾਲਣੀਆਂ ਬਹੁਤ ਜ਼ਰੂਰੀ ਹਨ। ਇਹ ਵੀ ਸੰਭਵ ਬਣਾਇਆ ਜਾ ਸਕਦਾ ਹੈ ਕਿ ਇਸ ਵਿੱਚੋਂ ਕੁਝ ਤਸਵੀਰਾਂ ਛਾਂਟ ਕੇ ਕੌਫੀ ਟੇਬਲ ਬੁੱਕ ਛਾਪੀ ਜਾਵੇ।
ਕਈ ਵਾਰ ਸੋਚਦਾ ਹਾਂ ਕਿ ਇਤਿਹਾਸ ਇਕੱਲੇ ਦਸਤਾਵੇਜ਼ ਨਹੀਂ ਹੁੰਦੇ। ਦਸਤਾਵੇਜ਼ ਤਾਂ ਢਾਂਚਾ ਹੁੰਦੇ ਹਨ। ਰਗਾਂ ਵਿੱਚ ਦੌੜਦਾ ਖੂਨ ਤਾਂ ਤਸਵੀਰਾਂ ਤੇ ਰੀਕਾਰਡਿੰਗਜ਼ ਪ੍ਰਮਾਣਿਤ ਕਰਦੀਆਂ ਹਨ। ਇਸ ਪਾਸੇ ਵੱਲ ਸਾਨੂੰ ਸਭ ਨੂੰ ਧਿਆਨ ਦੇਣ ਦੀ ਤੁਰੰਤ ਲੋੜ ਹੈ।
ਇੱਕ ਦਿਨ ਮਨ ਯਾਦਾਂ ਦੀ ਪਿਛਲੀ ਗਲ਼ੀ ਵਿੱਚ ਜਾ ਵੜਿਆ।
ਇਸ ਤਸਵੀਰ ਨੇ ਛੱਬੀ ਸਾਲ ਪੁਰਾਣੀ ਯਾਦ ਕਰਵਾਈ ਜਦ ਪੰਜਾਬ ਦੇ ਸਾਬਕਾ ਚੀਫ ਸੈਕਟਰੀ ਤੇ ਉੱਘੇ ਪੰਜਾਬੀ ਕਵੀ ਸ. ਅਮਰੀਕ ਸਿੰਘ ਪੂਨੀ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਸਨ।
ਉਦੋਂ ਰਖੜਾ(ਪਟਿਆਲਾ) ਦਾ ਸ. ਕਰਤਾਰ ਸਿੰਘ ਧਾਲੀਵਾਲ ਪਰਿਵਾਰ ਹਰ ਸਾਲ ਸਿਰਕੱਢ ਪੰਜਾਬੀ ਲੇਖਕਾਂ ਨੂੰ ਸ. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਦੇਂਦਾ ਸੀ। ਡਾ. ਮ ਸ ਰੰਧਾਵਾ ਨੂੰ ਪ੍ਰੋ. ਨਿਰੰਜਨ ਸਿੰਘ ਮਾਨ ਤੇ ਡਾ. ਪਰਮਿੰਦਰ ਸਿੰਘ ਜੀ ਨੇ ਬੈਂਕਾਕ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਦਰਸ਼ਨ ਸਿੰਘ ਧਾਲੀਵਾਲ ਨੂੰ ਮਿਲਾਇਆ। ਡਾ. ਰੰਧਾਵਾ ਦੀ ਪ੍ਰੇਰਨਾ ਨਾਲ ਇਹ ਪੁਰਸਕਾਰ ਜਾਰੀ ਹੋਏ ਜੋ ਲਗਪਗ 23 ਸਾਲ ਨਿਰਵਿਘਨ ਚੱਲਦੇ ਰਹੇ।
ਬਾਪੂ ਕਰਤਾਰ ਸਿੰਘ ਧਾਲੀਵਾਲ ਪਹਿਲਾਂ ਸਨਮਾਨ ਸਮਾਗਮ ਵਿੱਚ ਆਉਂਦੇ ਰਹੇ ਪਰ ਮਗਰੋਂ ਉਨ੍ਹਾਂ ਦੇ ਤਿੰਨੇ ਪੁੱਤਰ ਸ, ਦਰਸ਼ਨ ਸਿੰਘ ਧਾਲੀਵਾਲ, ਸ. ਸੁਰਜੀਤ ਸਿੰਘ ਧਾਲੀਵਾਲ ਤੇ ਸ. ਚਰਨਜੀਤ ਸਿੰਘ ਧਾਲੀਵਾਲ ਵੀ ਲਗਪਗ ਹਰ ਸਾਲ ਸਮਾਗਮ ਵਿੱਚ ਆਉਂਦੇ ਸਨ।
ਪੰਜਾਬੀ ਭਵਨ ਲੁਧਿਆਣਾ ਅੰਦਰ ਸਾਲ 2000 ਵਿੱਚ ਹੋਏ ਇਸ ਸਮਾਗਮ ਵਿੱਚ ਉੱਘੇ ਪੰਜਾਬੀ ਲੇਖਕਾਂ ਡਾ. ਦਲੀਪ ਕੌਰ ਟਿਵਾਣਾ, ਡਾ. ਰਤਨ ਸਿੰਘ ਜੱਗੀ, ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ, ਸ. ਬਲਦੇਵ ਸਿੰਘ ਸੜਕਨਾਮਾ, ਪੰਜਾਬੀ ਕਵੀ ਸ. ਭਗਵੰਤ ਸਿੰਘ, ਗੀਤਕਾਰ ਤੇ ਫਿਲਮ ਨਿਰਮਾਤਾ ਇੰਦਰਜੀਤ ਹਸਨਪੁਰੀ, ਵਿਦਵਾਨ ਲੇਖਕ ਡਾ. ਧਰਮਪਾਲ ਸਿੰਗਲ,ਪੰਜਾਬੀ ਕਵੀ ਹਰਭਜਨ ਸਿੰਘ ਹੁੰਦਲ, ਗਿਆਨ ਸਾਹਿੱਤ ਲੇਖਕ ਡਾ. ਹਰਦੇਵ ਸਿੰਘ ਵਿਰਕ, ਕਹਾਣੀਕਾਰ ਸੁਖਵੰਤ ਕੌਰ ਮਾਨ, ਡਾ. ਕਰਨੈਲ ਸਿੰਘ ਥਿੰਦ(ਪੁਰਸਕਾਰ ਡਾ. ਜਤਿੰਦਰਪਾਲ ਸਿੰਘ ਜੌਲੀ ਨੇ ਪ੍ਰਾਪਤ ਕੀਤਾ) ਨੂੰ ਸਨਮਾਨਿਤ ਕੀਤਾ ਗਿਆ। ਹੇਠਲੀ ਕਤਾਰ ਵਿੱਚ ਪ੍ਰੋ. ਪ੍ਰੀਤਮ ਸਿੰਘ ਸਨਮਾਨਿਤ ਲੇਖਕਾਂ ਨਾਲ ਖੜ੍ਹੇ ਹਨ।
ਉੱਪਰਲੀ ਕਤਾਰ ਵਿੱਚ ਪੰਜਾਬ ਦੇ ਉਸ ਵਕਤ ਚੀਫ ਸੈਕਟਰੀ ਸ਼੍ਰੀ ਐੱਸ ਕੇ ਟੁਟੇਜਾ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਿਰਪਾਲ ਸਿੰਘ ਔਲਖ, ਸੀਨੀਅਰ ਮੀਤ ਪ੍ਰਧਾਨ ਸ. ਜਗਜੀਤ ਸਿੰਘ ਆਨੰਦ, ਮੀਤ ਪ੍ਰਧਾਨ ਗੁਰਭਜਨ ਗਿੱਲ, ਸਕੱਤਰ ਪ੍ਰੋ. ਰਵਿੰਦਰ ਭੱਠਲ ਤੇ ਡਾ. ਗੁਰਇਕਬਾਲ ਸਿੰਘ ਖੜ੍ਹੇ ਹਨ।
ਇਹ ਤਸਵੀਰ ਮੈਨੂੰ ਅੱਜ ਹੀ ਡਾ. ਕ੍ਹਿਪਾਲ ਸਿੰਘ ਔਲਖ ਜੀ ਦੇ ਖ਼ਜ਼ਾਨੇ ਵਿੱਚੋਂ ਮਿਲੀ ਤਾਂ ਮਨ ਵੈਰਾਗ ਵਿੱਚ ਚਲਾ ਗਿਆ।
ਮਾਲ਼ਾ ਵਿੱਚੋਂ ਦਸ ਮਣਕੇ ਕਿਰ ਗਏ ਨੇ।
ਗੁਰਭਜਨ ਗਿੱਲ

