ਉਹਨੂੰ ਕ੍ਰਾਂਤੀਕਾਰੀ ਕਵਿਤਾ ਦਾ ਨਾਂ ਦਿਆਂ ਜਾਂ ਵਿਦਰੋਹੀ ਸੁਰ ਦਾ ਜਾਂ ਫਿਰ ਜੁਝਾਰੂ ਕਵਿਤਾ ਦਾ ਪਰ ਮੈਨੂੰ ਤਾਂ ਇਹ ਤਿੰਨੋਂ ਨਾਂ ਉਹਦੇ ਲਈ ਮੁਨਾਸਬ ਜਾਪਦੇ ਹਨ। ਕਿਉਂਕਿ ਇਹਨਾਂ ਵਿਦਰੋਹੀ ਸੁਰਾਂ ਦੀ ਉਸ ਨੂੰ ਉਸ ਸਮੇਂ ਗੁੜ੍ਹਤੀ ਦਿੱਤੀ ਗਈ ਜਦੋਂ ਉਸਦੇ ਪਿਤਾ ਦਾ ਨਾਂ ਵੀ ਪਾਸ਼ ਦੀ ਕਵਿਤਾ :----" ਮੈਂ ਲੋਹਾ ਖਾਧਾ ਹੈ। ਤੁਸੀਂ ਲੋਹੇ ਦੀ ਗੱਲ ਕਰਦੇ ਹੋ। " ਵਾਂਗੂੰ ਸਿਖਰਾਂ ਤੇ ਬੋਲਦਾ ਸੀ ਅਤੇ ਮੂਹਰਲੀਆਂ ਕਤਾਰਾਂ ਵਿੱਚ ਸ਼ਾਮਲ ਸੀ। ਇਸ ਕਰਕੇ ਉਸਨੂੰ ਕਦੇ ਵੀ ਪਾਸ਼ ਸੰਤ ਰਾਮ ਉਦਾਸੀ ਅਤੇ ਲਾਲ ਸਿੰਘ ਦਿਲ ਦੀ ਕਵਿਤਾ ਨਾਲੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਇਹਨਾਂ ਇਨਕਲਾਬੀ ਕਵੀਆਂ ਨੇ ਜੁਝਾਰੂ ਵਿਦਰੋਹੀ ਕਾਵਿ ਧਾਰਾ ਰਾਹੀਂ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦਾ ਉਪਰਾਲਾ ਕੀਤਾ। ਪਰ ਇਸ ਯੋਧੇ ਨੇ ਗਰੀਬ , ਦੁਖੀ ,ਪਛੜੇ ਹੋਏ ਕਿਸਾਨ - ਮਜ਼ਦੂਰਾਂ ਦੇ ਸੰਘਰਸ਼ਮਈ ਘੋਲ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਕੇ ਸਮਾਜਿਕ ਚੇਤਨਾ ਲਿਆਉਣ ਦਾ ਯਤਨ ਕੀਤਾ। ਲੋਕ ਘੋਲਾਂ ਵਿੱਚ ਆਪਣੀ ਸ਼ਮੂਲੀਅਤ ਕਰਨਾ ਉਹ ਆਪਣਾ ਇਨਕਲਾਬੀ ਧਰਮ ਸਮਝਦਾ ਹੈ। ਇਹ ਗੱਲਾਂ ਹੀ ਉਸ ਦੀ ਪ੍ਰਤੀਬੱਧਤਾ ਅਤੇ ਪ੍ਰਤਿਭਾ ਨੂੰ ਵਿਲੱਖਣ ਹਸਤਾਖਰ ਸਥਾਪਿਤ ਕਰਦੀਆਂ ਹਨ। ਉਹ ਉੱਚੇ ਰੁਤਬੇ ਤੇ ਕਿਰਦਾਰ ਵਾਲਾ ਇਨਸਾਨ ਹੈ। ਉਹ ਸਮਾਜ ਵਿਚ ਫੈਲੀਆਂ ਵਿਸੰਗਤੀਆਂ ਅਤੇ ਦੋਗਲੇ ਕਿਰਦਾਰਾਂ ਤੋਂ ਹਮੇਸ਼ਾ ਦੁਖੀ ਹੀ ਰਿਹਾ ਹੈ। ਕਿਉਂਕਿ ਉਹ ਜ਼ਿੰਦਗੀ ਵਿੱਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਸ਼ੋਸ਼ਿਤ ਵਰਗ ਦੇ ਲੋਕਾਂ ਨਾਲ ਖੜਦਾ ਹੈ।ਉਹ ਸਮਾਜਿਕ ,ਆਰਥਿਕ ਤੇ ਰਾਜਨੀਤਕ ਧਰਾਤਲ ਤੇ ਆਪਣੇ ਹੱਕਾਂ ਲਈ ਜੂਝਦੇ ਲੋਕਾਂ ਦੀ ਆਵਾਜ਼ ਬਣਦਾ ਹੈ। ਉਹ ਉਹਨਾਂ ਧਿਰਾਂ ਨਾਲ ਰਹਿ ਕੇ ਕਦਾਚਿੱਤ ਵੀ ਰਾਜੀ ਨਹੀਂ ਜੋ ਸਿਰਫ ਆਪਣਾ ਨਾਮ ਚਮਕਾਉਣ ਤੱਕ ਸੀਮਤ ਹੋਣ ਤੇ ਦੱਬੇ ਕੁੱਚਲੇ ਅਤੇ ਸ਼ੋਸ਼ਿਤ ਵਰਗ ਲਈ ਕੁਝ ਵੀ ਨਾ ਕਰਨ। ਉਸਨੇ ਲੰਮੇ ਅਰਸੇ ਤੋਂ ਆਪਣੇ ਸੰਘਰਸ਼ ਨੂੰ ਜਮਹੂਰੀਅਤ ਲਈ ਸਮਾਜਿਕ ਅਨਿਆਂ ਦੇ ਖਿਲਾਫ਼ ਅਤੇ ਮਾਨਵੀ ਗੌਰਵ ਦੀ ਬਹਾਲੀ ਲਈ ਵਰਤਣ ਦਾ ਸੰਕਲਪ ਕੀਤਾ ਹੋਇਆ ਹੈ। ਇਹ ਹੈ ਅਲੀਸ਼ੇਰਾਂ ਦੇ ਸ਼ੇਰ ਦਾ ਪੁੱਤਰ ਲਛਮਣ ਅਲੀਸ਼ੇਰ।
ਕਿਸਾਨੀ ਅੰਦੋਲਨ ਸਮੇਂ ਕਾਮਰੇਡ ਲਛਮਣ ਅਲੀਸ਼ੇਰ ਪੂਰਾ ਇੱਕ ਸਾਲ ਠੀਕਰੀ ਵਾਡਰ ਤੇ ਬੈਠਾ ਰਿਹਾ। ਉਸਨੇ ਦਿੱਲੀ ਦੀਆਂ ਵਿਰਾਨ ਸੜਕਾਂ ਨੂੰ ਆਪਣਾ ਬਿਸਤਰਾ ਬਣਾਇਆ ਅਤੇ ਦਿੱਲੀ ਦੇ ਫੁੱਟਪਾਥਾਂ ਤੋਂ ਤਕੀਏ ( ਸਿਰਹਾਣਾ ) ਦਾ ਕੰਮ ਲਿਆ। ਉਹ ਬੜਾ ਔਖਾ ਵਕਤ ਸੀ ਜਦੋਂ ਉਸਦੇ ਰਾਤ ਨੂੰ ਸੁੱਤੇ ਪਏ ਉੱਤੇ ਚੂਹੇ,ਨਿਉਲੇ ਅਤੇ ਛਿਪਕਲੀਆਂ ਬਗੈਰਾ ਜਾਨਵਰ ਚੜ੍ਹ ਜਾਂਦੇ। ਮੱਛਰ ਪੂਰੀ ਰਾਤ ਕੱਟਦਾ ਰਹਿੰਦਾ। ਬਰਸਾਤੀ ਮੌਸਮ ਵੇਲੇ ਹੋਰ ਵੀ ਕਠਿਨਾਈ ਆਉਂਦੀ। ਪੂਰੀ ਪੂਰੀ ਰਾਤ ਬੈਠੇ ਬੈਠੇ ਕੱਟਣੀ ਪੈਂਦੀ। ਕੱਪੜਾ ਲੀੜਾ ਸਾਰਾ ਪਾਣੀ ਨਾਲ ਭਿੱਜ ਜਾਣਾ। ਪਰ ਉਸਨੇ ਕਦੇ ਵੀ ਇਹਨਾਂ ਚੀਜ਼ਾਂ ਦੀ ਪ੍ਰਵਾਹ ਨਹੀਂ ਕੀਤੀ। ਉਹ ਆਪਣੇ ਮਿਸ਼ਨ ਦੀ ਪੂਰਤੀ ਵਿੱਚ ਲੱਗਿਆ ਰਿਹਾ। ਕਈ ਉਸਦੇ ਦੋਸਤ ਮਿੱਤਰ ਜੋ ਕਿਸਾਨੀ ਸੰਘਰਸ਼ ਨੂੰ ਦਿੱਲੀ ਦੇਖਣ ਆਉਂਦੇ ਉਸ ਨਾਲ ਤਾਰਿਆਂ ਦੀ ਛਾਵੇਂ ਨਾ ਸੌਂਦੇ। ਆਪਣਾ ਰੈਣ ਬਸੇਰਾ ਇੱਧਰ ਉੱਧਰ ਕਰ ਲੈਂਦੇ। ਕੁਝ ਟਾਂਵੇ ਟਾਂਵੇ ਉਸ ਕੋਲ ਰਾਤ ਜ਼ਰੂਰ ਕੱਟ ਲੈਂਦੇ। ਜਿੰਨ੍ਹਾਂ ਨੂੰ ਕਿਸਾਨੀ ਅੰਦੋਲਨ ਨਾਲ ਦਿਲੋਂ ਹਮਦਰਦੀ ਹੁੰਦੀ। ਪਰ ਉਹ ਆਪਣੀ ਜ਼ਿੱਦ ਦਾ ਪੱਕਾ ਰਿਹਾ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਗਈਆਂ ਉਹ ਉੱਥੋਂ ਹਿੱਲਿਆ ਨਹੀਂ।
ਇੱਕ ਵਾਰ ਲਛਮਣ ਅਲੀਸ਼ੇਰ ਨੂੰ ਇੱਕ ਸਾਥੀ ਨੇ ਰਾਹਗੀਰ ਵਜੋਂ ਹੀ ਆਵਾਜ਼ ਲਗਾਈ ਕਿ ਕਾਲਜ ਦੇ ਪ੍ਰੋਫ਼ੈਸਰਾਂ ਨੂੰ ਪੁਲਿਸ ਨੇ ਚੁੱਕ ਲਿਆ ਹੈ। ਉਸਨੇ ਪੰਜਾਬ ਪੁਲਿਸ ਦੀ ਗੱਡੀ ਨੂੰ ਜਾ ਘੇਰਿਆ। ਕਾਫੀ ਦੇਰ ਤੱਕ ਪੁਲਿਸ ਨੂੰ ਵਕਤ ਪਾਈਂ ਰੱਖਿਆ। ਇੱਕ ਦੋ ਸਾਥੀ ਹੋਰ ਵੀ ਨਾਲ ਆ ਗਏ। ਪਰ ਪੁਲਿਸ ਵਾਲੇ ਉਹਨਾਂ ਨੂੰ ਪਿੱਛੇ ਧੱਕ ਕੇ ਗੱਡੀ ਭਜਾ ਕੇ ਲੈ ਗਏ। ਪਰ ਇਹ ਯੋਧਾ ਡਰਿਆ ਨਹੀਂ। ਪਰ ਇਨਕਲਾਬੀ ਪ੍ਰਚਮ ਲਹਿਰਾਉਣ ਵਾਲੇ ਕੁਝ ਲੋਕ "ਚੌਰਾਹੇ ਵਿਚ ਕੀਤੇ ਟੂਣੇ" ਅੱਗਿਓਂ ਦੂਰ ਦੀ ਹੋ ਕੇ ਨਿੱਕਲ ਗਏ। ਕੁਝ "ਬਿੱਲੀ ਦੇ ਰਾਹ ਕੱਟਣ" ਵਾਂਗ ਪਿੱਛੇ ਹੀ ਮੁੜ ਗਏ।
ਲਛਮਣ ਅਲੀਸ਼ੇਰ ਅੱਕ ਦੇ ਕੁੱਕੜਾਂ ਵਾਂਗੂੰ ਦਿਖਾਈ ਦਿੰਦਾ ਹੈ। ਉਹ ਕਹਿੰਦਾ ਹੈ ਕਿ ਮੈਂ ਹੋਰਾਂ ਵਾਂਗਰ ਕੁੱਕੜਾਂ ਦੀ ਸ਼ਕਲ ਦੇ ਅੰਬਾਂ ਵਰਗਾ ਮਿੱਠਾ ਤਾਂ ਨਹੀਂ ਜਿਸਨੂੰ ਚੂਪਿਆ ਜਾ ਸਕੇ। ਪਰ ਲੋਕਾਂ ਦੇ ਕੰਮ ਆ ਸਕਾਂ ਇਹ ਮੇਰੇ ਲਈ ਪ੍ਰਭਾਤ ਵੇਲਾ ਹੋਵੇਗਾ।
ਲਛਮਣ ਅਲੀਸ਼ੇਰ ਕਿਸਾਨ ਯੂਨੀਅਨ ਵਿੱਚ ਵੀ ਤਨਦੇਹੀ ਨਾਲ ਕੰਮ ਕਰਦਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਕਿਤੇ ਵੀ ਸੰਘਰਸ਼ ਲਈ ਸੱਦਾ ਦਿੱਤਾ ਹੋਵੇ ਉੱਥੇ ਉਹ ਹਾਜ਼ਰ ਹੁੰਦਾ ਹੈ। ਭੂ - ਮਾਫੀਆ ਕਿਤੇ ਵੀ ਕਿਸਾਨਾਂ ਨਾਲ ਧੱਕਾ ਕਰ ਰਿਹਾ ਹੋਵੇ ਉਹ ਲਾਲ ਰੰਗ ਦੀ ਪੱਗ ਬੰਨ ਕੇ ਮੂਹਰਲੀਆਂ ਸਫ਼ਾਂ ਵਿੱਚ ਹਾਜ਼ਰ ਹੁੰਦਾ ਹੈ। ਪੱਲਿਉਂ ਪੈਸੇ ਖਰਚਦਾ ਹੈ। ਕੋਈ ਲੋਭ ਲਾਲਚ ਨਹੀਂ।
ਪਰ ਪਿਛਲੇ ਕੁਝ ਸਮੇਂ ਤੋਂ ਲਛਮਣ ਅਲੀਸ਼ੇਰ ਆਪਣਿਆਂ ਕੋਲੋਂ ਚੁਗੀ ਹੋਈ ਕਪਾਹ ਦੇ ਖੇਤ ਵਾਂਗ ਉਦਾਸ ਹੈ। ਆਪਣਿਆਂ ਤੋਂ ਉਦਾਸ ਅਤੇ ਅਸੰਤੁਸ਼ਟ ਹੋਣਾ ਖਤਰਨਾਕ ਹੈ। ਅਸੰਤੁਸ਼ਟੀ ਸ਼ਿਕਵੇ ਅਤੇ ਰੋਹ ਨੂੰ ਜਨਮ ਦੇਂਦੀ ਹੈ।
ਸਨੀ ਸੇਖੂਵਾਸ
ਮਾਸਟਰ ਪਰਮਵੇਦ
ਤਰਕਸ਼ੀਲ ਆਗੂ
9417422349

