ਅੱਜ ਸਵੇਰੇ ਉੱਠਣ ਸਾਰ ਜੰਡਿਆਲਾ(ਜਲੰਧਰ) ਜਨਮਿਆ ਨਿੱਕਾ ਵੀਰ ਹਰਵਿੰਦਰ ਰਿਆੜ ਚੇਤੇ ਆਇਆ। ਘੂਰ ਕੇ ਪਿਆਰ ਲੈਣ ਵਾਲਾ। ਨਿੱਕੇ ਵੱਡੇ ਸਾਰੇ ਹੱਕ ਜਤਾਉਣ ਵਾਲਾ।
ਪੰਜਾਬ ਰਹਿੰਦਿਆਂ ਉਹ ਸਪੋਰਟਸ ਕਾਲਿਜ ਜਲੰਧਰ, ਗੁਰੂ ਨਾਨਕ ਕਾਲਿਜ ਨਕੋਦਰ, ਲਾਇਲਪੁਰ ਖ਼ਾਲਸਾ ਕਾਲਿਜ ਜਲੰਧਰ ਵਿੱਚ ਪੜ੍ਹਦਿਆਂ ਹੀ ਉਡਾਰ ਹੋ ਗਿਆ ਸੀ।
ਚੰਗਾ ਸਾਹਿੱਤ ਪੜ੍ਹਦਾ। ਸਵਾ ਛੇ ਫੁੱਟ ਮੱਖਣੀਂ ਪਾਲ਼ਿਆ ਕੱਦਾਵਰ ਦਰਸ਼ਨੀ ਚਿਹਰਾ।
ਜੰਡਿਆਲੇ ਮੇਰੀ ਵਿੱਛੜੀ ਜੀਵਨ ਸਾਥਣ ਦੇ ਨਾਨਕੇ ਸਨ। ਅਸਾਂ ਜਦ ਵੀ ਜੰਡਿਆਲੇ ਜਾਣਾ, ਉਸ ਸਾਡੇ ਅੰਗ ਸੰਗ ਪਰਛਾਵਾਂ ਬਣ ਕੇ ਰਹਿਣਾ। ਉਸ ਦੀ ਬੋਲ ਬਾਣੀ ਵਿੱਚ ਸਰਸਵਤੀ ਦਾ ਨਿਵਾਸ ਸੀ। ਨਿੱਕੇ ਹੁੰਦਿਆਂ ਵੀ ਜਿਹੜੀ ਗੱਲ ਕਰਦਾ ਉਹ ਅਸਰਦਾਰ ਵੀ ਹੁੰਦੀ ਤੇ ਪੁਖ਼ਤਾ ਵੀ।
ਉਹ ਕਦੇ ਕਦੇ ਪਾਸ਼ ਦੇ ਅੰਦਾਜ਼ ਵਿੱਚ ਪਰ ਵੱਖਰੀ ਕਵਿਤਾ ਲਿਖਦਾ ਲਿਖਦਾ ਨਾਗਮਣੀ ਤੇ ਹੋਰ ਰਸਾਲਿਆਂ ਵਿੱਚ ਛਪਣ ਲੱਗ ਪਿਆ।
ਮੰਚ ਸੰਚਾਲਨ ਵਿੱਚ ਕਾਲਿਜ ਤੋਂ ਬਾਹਰ ਦੂਰਦਰਸ਼ਨ ਤੇ ਲਿਸ਼ਕਾਰਾ ਪ੍ਰੋਗ੍ਰਾਮ ਦਾ ਪੇਸ਼ਕਾਰ ਬਣ ਗਿਆ।
ਪੰਜਾਬੀ ਗਾਇਕ ਦੂਰਦਰਸ਼ਨ ਲਈ ਬਰਾਸਤੀ ਜੰਡਿਆਲਾ ਜਾਂਦੇ। ਉਸ ਨੂੰ ਮਨੋਹਰ ਭਾਰਜ ਨੇ ਬਹੁਤ ਕੁਝ ਸਿਖਾਇਆ ਪਰ ਉਸ ਨੂੰ ਅਮਿਤੋਜ ਦਾ ਅੰਦਾਜ਼ ਬਹੁਤ ਮੋਹਿਤ ਕਰਦਾ। ਅਦਬੀ ਮੰਚ ਸੰਚਾਲਨ ਵਿੱਚ ਉਸ ਆਪਣੀ ਪੈਂਠ ਬਣਾਈ।
ਉਹ ਸ. ਜਗਦੇਵ ਸਿੰਘ ਜੱਸੋਵਾਲ ਦਾ ਨਜ਼ਰੀਂ ਚੜ੍ਹ ਗਿਆ ਤੇ 1990-91 ਵਿੱਚ ਪ੍ਰੋ. ਮੋਹਨ ਸਿੰਘ ਮੇਲੇ ਦਾ ਮੰਚ ਸੰਚਾਲਕ ਬਣ ਗਿਆ।
ਪੂਰੇ ਪੰਜਾਬ ਦੇ ਮੇਲਿਆਂ ਦਾ ਸ਼ਿੰਗਾਰ ਬਣ ਗਿਆ ਉਹ। ਹਰਭਜਨ ਮਾਨ ਕੈਨੇਡਾ ਤੋਂ ਪੰਜਾਬ ਆਇਆ ਤਾਂ ਉਸ ਦੇ ਨਾਲ ਨਾਲ ਵਿਚਰਦਿਆਂ ਉਸ ਦਾ ਮੰਚ ਸੰਭਾਲਣ ਲੱਗਾ।
ਨਕੋਦਰ ਤੋਂ ਪੰਜਾਬੀ ਟ੍ਰਿਬਿਊਨ ਦਾ ਰੀਪੋਰਟਰ ਉਹ ਕਾਲਿਜ ਪੜ੍ਹਦਿਆਂ ਹੀ ਬਣ ਗਿਆ ਸੀ।
ਸਿਆਸੀ ਲੋਕ ਵੀ ਉਸ ਨਾਲ ਏਸੇ ਸਾਕੋਂ ਸਾਂਝ ਰੱਖਦੇ।
ਫਿਰ ਉਹ ਅਚਾਨਕ ਅਮਰੀਕਾ ਚਲਾ ਗਿਆ। ਮੇਰਾ ਸੰਪਰਕ ਟੁੱਟ ਚੁੱਕਾ ਸੀ।
2003 ਵਿੱਚ ਮੈਂ ਪਹਿਲੀ ਵਾਰ ਕੈਨੇਡਾ ਅਮਰੀਕਾ ਗਿਆ ਤਾਂ ਸਿਆਟਲ ਵਿਖੇ ਸਰੀ ਵਾਲੇ ਪਿਆਰੇ ਦੋਸਤ ਕੁਲਦੀਪ ਗਿੱਲ ਸਦਕਾ ਮਿਲੇ ਦੋਸਤਾਂ ਵਿੱਚ ਰਿਆੜ ਦੀ ਗੱਲ ਤੁਰੀ ਤਾਂ ਇੱਕ ਨੌਜਵਾਨ ਮਿੱਤਰ ਨੇ ਮੇਰੀ ਰਿਆੜ ਨਾਲ ਫੋਨ ਤੇ ਗੱਲ ਕਰਵਾ ਦਿੱਤੀ। ਯਾਦ ਨਹੀਂ ਆ ਰਿਹਾ ਤਿ ਉਹ ਤਰਨਜੀਤ ਜਰਜੜੀ ਵਾਲਾ ਸੀ ਜਾਂ ਸ਼ਿੰਦਰਪਾਲ।
ਉਹੀ ਅੰਦਾਜ਼ ਉਹੀ ਲਹਿਜ਼ਾ। ਉਸ ਦੱਸਿਆ ਕੀ ਉਹ ਨਿੱਕੀ ਭੈਣ ਕੋਲ ਨਿਉ ਜਰਸੀ ਵਿੱਚ ਹਾਂ। ਸੰਘਰਸ਼ ਕਰ ਰਿਹਾਂ, ਇਸ ਵਾਰ ਨਹੀਂ , ਅਗਲੀ ਵਾਰ ਮਿਲਾਂਗਾ।
2006 ਵਿੱਚ ਮੈਂ ਨਿਉਯਾਰਕ ਗਿਆ ਤਾਂ ਉਹ ਓਥੇ ਸੀ। ਬਹੁਤ ਮਿੱਤਰ ਮਿਲਾਏ ਉਸ। ਦਰਬਾਰ ਸਾਹਿਬ ਵਿੱਚ ਗ੍ਰੰਥੀ ਰਹੇ ਵਿਦਵਾਨ ਗਿਆਨੀ ਜਗਤਾਰ ਸਿੰਘ ਜਾਚਕ ਤੇ ਉਨ੍ਹਾਂ ਦਾ ਪਿਆਰਾ ਪਰਿਵਾਰ। ਜਾਚਕ ਜੀ ਦਾ ਸੁਰੀਲਾ ਪੁੱਤਰ ਜਸਦੀਪ ਹੀ ਮੈਨੂੰ ਰਿਆੜ ਕਾਰਨ ਏਅਰਪੋਰਟ ਤੋਂ ਘਰ ਲੈ ਕੇ ਗਿਆ ਸੀ।
ਉਸ ਨੇ ਕਈ ਸਮਾਗਮ ਰਚਾਏ, ਮਿੱਤਰ ਮਿਲਾਏ। ਬਹੁਤ ਘੁੰਮੇ ਘੁਮਾਏ। ਉਸ ਮਗਰੋਂ ਉਹ ਪੂਰੇ ਅਮਰੀਕਾ ਵਿੱਚ ਟੀ ਵੀ ਪ੍ਰੋਗਰਾਮ “ਮੁੱਦਾ”ਕਾਰਨ ਘਰ ਘਰ ਦਾ ਚਹੇਤਾ ਬਣ ਗਿਆ।
ਉਸ ਤੋਂ ਬਾਅਦ ਮੈਂ ਜਦ ਵੀ ਅਮਰੀਕਾ ਗਿਆ, ਉਹ ਪੱਕਾ ਸਾਥੀ ਰਿਹਾ।
ਮੈਂ ਆਖਰੀ ਵਾਰ 2017 ਵਿੱਚ ਅਮਰੀਕਾ ਗਿਆ ਤਾਂ ਉਹ ਆਪਣਾ ਟੀ ਵੀ ਸ਼ੁਰੂ ਕਰਨ ਦਾ ਸੋਚ ਰਿਹਾ ਸੀ। ਜਲਦੀ ਹੀ ਉਸ “ਬਾਜ਼” ਟੀ ਵੀ ਸ਼ੁਰੂ ਕਰ ਲਿਆ। ਪਰ ਜਲਦੀ ਵਿਛੋੜਾ ਦੇ ਗਿਆ।
ਉਸ ਦੀਆਂ ਕਵਿਤਾਵਾਂ ਦਾ ਸੰਗ੍ਰਹਿ “ਮਨ ਮੰਦਰ ਦੇ ਬੂਹੇ” ਮੈਂ ਹੀ ਸੰਪਾਦਿਤ ਕਰ ਰਿਹਾਂ।
ਇਹ ਕਵਿਤਾ 2012 ਵਿੱਚ ਉਸ ਦੀ ਸੰਗਤ ਵਿੱਚ ਲਿਖੀ ਸੀ ਦੋ 2013 ਵਿੱਚ ਛਪੀ ਮੇਰੀ ਕਾਵਿ ਕਿਤਾਬ ਮਨ ਤੰਦੂਰ ਵਿੱਚ ਸ਼ਾਮਲ ਹੈ। ਤੁਸੀਂ ਵੀ ਪੜੋ।
ਮਨਹਟਨ ਵਿਚੋਂ ਲੰਘਦਿਆਂ
ਹਰਵਿੰਦਰ ਰਿਆੜ ਦੇ ਨਾਂ
ਆਰ ਸਮੁੰਦਰ ਪਾਰ ਸਮੁੰਦਰ,
ਕੰਕਰੀਟ ਦੀ ਨਕਲੀ ਕੰਦਰ,
ਵਿਚੋਂ ਦੀ ਇਕ ਲਾਂਘਾ ਲੰਘੇ।
ਅੰਬਰ ਚੁੰਮਦੇ ਦੋਹੀਂ ਪਾਸੀਂ ਭਵਨ ਖੜ੍ਹੇ ਨੇ।
ਲੰਮ ਸਲੰਮੀਆਂ ਸੜਕਾਂ ਕੰਢੇ।
ਕਮਰੇ ਅੰਦਰ ਕਮਰੇ,
ਅੱਗੇ ਫਿਰ ਕਮਰੇ ਨੇ।
ਖਿੜਕੀਆਂ ਬੂਹੇ ਬੰਦ ਪਏ ਨੇ।
ਠੰਢੀ ਪੌਣ ਹਵਾ ਦਾ ਬੁੱਲਾ,
ਏਸ ਨਗਰ ਵਿਚ ਰਹਿੰਦਿਆਂ ਭੁੱਲਾ।
ਚੌਂਕਾਂ ਦੇ ਵਿਚ ਕੌਣ ਖੜ੍ਹੇ ਨੇ।
ਬਿਰਖ ਨਿਪੱਤਰੇ,
ਔਤ ਨਿਖੱਤਰੇ।
ਫਾਈਬਰ ਦੇ ਤਣਿਆਂ ਤੇ ਬਿਜਲੀ ਲਾਟੂ ਜਗਦੇ।
ਕਿਸੇ ਜਗਾਇਆ ਜਗ ਪੈਂਦੇ ਨੇ।
ਕਿਸੇ ਬੁਝਾਇਆਂ ਬੁਝ ਜਾਂਦੇ ਨੇ।
ਇਨ੍ਹਾਂ ਪੱਲੇ ਪੱਤਰ ਵੀ ਛਾਂ ਹੀਣ ਜਹੇ ਨੇ।
ਵਾਹੋਦਾਰੀ ਭੱਜੇ ਫਿਰਦੇ।
ਸਾਰੇ ਇਕ ਦੂਜੇ ਤੋਂ ਅੱਗੇ ਲੰਘਣ ਵਾਲੇ।
ਪੈਰਾਂ ਦੇ ਵਿਚ ਭਟਕਣ,
ਮਨ ਮਸਤਕ ਵਿਚ ਜਾਲੇ।
ਧੂੰਆਂ ਧਾਰ ਟੈਕਸੀਆਂ ਭੱਜਣ,
ਸਾਰੇ ਲੋਕੀਂ ਕਿੱਧਰ ਚੱਲੇ?
ਬੰਦ ਕਾਰਾਂ ਵਿਚ ਫਿਰਨ ਮੁਸਾਫ਼ਰ।
ਜੀਕੂੰ ਕੈਦੀ ਜੇਲ੍ਹ ਬਦਲੀਆਂ ਵੇਲੇ ਜਾਵਣ।
ਧੁੱਪਾਂ ਛਾਵਾਂ ਤੋਂ ਬੇਖ਼ਬਰੇ,
ਏਦਾਂ ਹੀ ਪੈ ਜਾਵਣ ਕਬਰੇ।
ਕੰਕਰੀਟ ਦਾ ਜੰਗਲ ਚੌਵੀ ਘੰਟੇ ਜਾਗੇ।
ਦਿਨ ਤੇ ਰਾਤ ਕਦੇ ਨਹੀਂ ਸੌਂਦਾ।
ਚੌਵੀ ਘੰਟੇ ਘੁੰਮਦਾ ਪਹੀਆ ਪੈਂਡੇ ਗਾਹੁੰਦਾ।
ਆਰ ਸਮੁੰਦਰ ਪਾਰ ਸਮੁੰਦਰ,
ਕੰਕਰੀਟ ਦੀ ਨਕਲੀ ਕੰਦਰ,
ਵਿਚੋਂ ਦੀ ਇਕ ਲਾਂਘਾ ਲੰਘੇ।
ਅੰਬਰ ਚੁੰਮਦੇ ਦੋਹੀਂ ਪਾਸੀਂ ਭਵਨ ਖੜ੍ਹੇ ਨੇ।
ਫਿਰ ਵੀ ਏਥੇ ਮੇਰਾ ਇਕ ਦਰਿਆ ਰਹਿੰਦਾ ਹੈ।
ਨੰਗੀ ਅੱਖ ਨੂੰ ਦਿਸਦਾ ਨਹੀਂ, ਅੱਜ ਵੀ ਵਹਿੰਦਾ ਹੈ।
ਇਸ ਦਰਿਆ ਦੇ ਪਾਣੀ ਅੰਦਰ
ਪਾਣੀ ਅੰਦਰ ਖੁਰ ਗਈ ਦਰਦ-ਕਹਾਣੀ ਅੰਦਰ
ਵੱਸਦੈ ਇਕ ਮਾਸੂਮ ਪਰਿੰਦਾ।
ਉੱਡਣਾ ਪੁੱਡਣਾ, ਕਦੇ ਕਿਸੇ ਨਾ ਡਾਹੀ ਦੇਵੇ।
ਰੂਹ ਦੇ ਹਾਣੀ ਨੂੰ ਹੀ ਸਿਰਫ਼ ਵਿਖਾਈ ਦਿੰਦਾ।
ਗੁਰਭਜਨ ਗਿੱਲ

