ਬਲਦੇਵ ਬਾਵਾ ਨੇ ਅਮਰੀਕਾ ਤੋਂ ਅੱਜ ਦਿਨ ਚੜ੍ਹਨ ਸਾਰ ਸੱਜਰੀ ਕਵਿਤਾ “ਸ਼ਬਦ ਓਦੋਂ ਲਿਖਣਾ” ਭੇਜੀ ਹੈ। ਇਹ ਉਸਨੇ 27ਸਤੰਬਰ 2026 ਨੂੰ ਹੀ ਲਿਖੀ ਸੀ। ਉਸਨੇ ਇਹ ਲੰਮੀ ਕਵਿਤਾ ਛੋਹੀ ਹੋਈ ਹੈ, ਉਸ ਵਿੱਚੋਂ ਨਿੱਕਾ ਜਿਹਾ ਟੋਟਾ ਉਸ ਨੇ “ਵਿਪਸਾ” ਦੀ ਕਾਨਫਰੰਸ ਵਿੱਚ ਪੜ੍ਹਨੀ ਸੀ ਪਰ ਸਮੇਂ ਦੀ ਕਿੱਲਤ ਕਾਰਨ ਦਿਲ ਦੀ ਦਿਲ ਵਿੱਚ ਹੀ ਰਹਿ ਗਈ।
ਕਿਸੇ ਵੀ ਕਵੀ ਕੋਲ ਬੋਲ ਹੋਣ ਸਹੀ, ਉਹ ਮੰਚ ਨਹੀਂ ਉਡੀਕਦਾ, ਪੌਣ ਸਵਾਰ ਹੋ ਕੇ ਘਰ ਘਰ ਅੱਪੜ ਜਾਂਦਾ ਹੈ। ਪ੍ਹਬੰਧਕ ਵੀ ਕੀ ਕਰਨ? ਇੱਕ ਰੋਜ਼ਾ ਕਾਨਫਰੰਸ ਵਿੱਚ ਭਾਰਤ ਪਾਕਿ ਤੋਂ ਗਏ ਮਹਿਮਾਨ ਵਿਦਵਾਨ ਵੀ ਸੁਣਨੇ ਹੁੰਦੇ ਨੇ।
ਬਲਦੇਵ ਬਾਵਾ ਸੈਕਰਾਮੈਂਟੋ ਨੇੜੇ ਰੋਜ਼ਵਿੱਲ ਕਾਉਟੀ ਵਿੱਚ 2021 ਤੋਂ ਰਹਿੰਦਾ ਹੈ। ਪਹਿਲਾਂ ਯੂਟਾ ਸੂਬੇ ਦੇ ਸਾਲਟਲੇਕ ਸਿਟੀ ਵਿੱਚ ਸੀ ਤੇ ਉਸ ਤੋਂ ਪਹਿਲਾਂ ਤੇਤੀ ਸਾਲ ਵਲਾਇਤ ਵਿੱਚ।
ਵਿਗਿਆਨ ਦਾ ਵਿਦਿਆਰਥੀ ਸੀ ਉਹ। ਦਸਵੀਂ ਤੀਕ ਪੰਜਾਬੀ ਪੜ੍ਹਨ ਵਾਲਾ। ਜਲੰਧਰ ਦੇ ਬਹੁਤ ਵੱਡੇ ਪਿੰਡ ਸ਼ੰਕਰ ਦਾ ਜੰਮਪਲ ਹੈ। ਸਿਆਸਤ, ਮੀਡੀਆ ,ਸੰਗੀਤ ਤੇ ਸਾਹਿੱਤ ਦਾ ਮਰਕਜ਼ ਹੈ ਇਹ ਪਿੰਡ।
ਪਿੰਡੋਂ ਦਸਵੀਂ ਪਾਸ ਕਰਕੇ ਉਹ ਗੁਰੂ ਨਾਨਕ ਨੈਸ਼ਨਲ ਕਾਲਿਜ ਨਕੋਦਰ ਵਿੱਚ ਪੜ੍ਹਨ ਜਾ ਲੱਗਾ। ਉੱਥੋਂ ਦੋਆਬਾ ਕਾਲਿਜ ਤੇ ਫਿਰ ਲਾਇਲਪੁਰ ਖ਼ਾਲਸਾ ਕਾਲਿਜ ਜਲੰਧਰ ਦਾ ਵਿਗਿਆਨ ਗ੍ਰੈਜੂਏਟ ਬਣਿਆ।
ਪਾਸਪੋਰਟ ਗੁੜ੍ਹਤੀ ਵੇਲੇ ਹੀ ਮਿਲ ਗਿਆ ਸੀ ਜਿਸ ਕਰਕੇ ਉਹ ਵਲਾਇਤ ਜਾ ਵੱਜਾ।
ਸ਼ਾਇਰੀ ਵੀ ਪਿੱਛਾ ਕਰਦੀ ਕਰਦੀ ਮਗਰੇ ਮਗਰ ਅੱਪੜ ਗਈ।
ਉਸ ਦੀਆਂ ਹੁਣ ਤੀਕ ਤਿੰਨ ਕਾਵਿ ਕਿਤਾਬਾਂ ਛਪ ਚੁੱਕੀਆਂ ਨੇ। ਇੱਕ ਖ਼ਤ, ਬਾਣੀਆ ਸ਼ਹਿਰ ਤੇ ਪੰਜਾਬ ਨਾਮਾ। ਹੁਣ ਚੌਥੀ ਦਾ ਮਸੌਦਾ ਤਿਆਰ ਹੋ ਰਿਹੈ।
ਬਲਦੇਵ ਬਾਵਾ ਦੀਆਂ ਦੋ ਕਵਿਤਾਵਾਂ ਹੋਰ ਲੱਭੀਆਂ ਤੇ ਮੈਨੂੰ ਲਾਲਚ ਹੋ ਗਿਆ ਕਿ ਤੁਸੀਂ ਵੀ ਬਲਦੇਵ ਬਾਵਾ ਨੂੰ ਕਿਉਂ ਨਾ ਮਿਲੋ।
ਬਲਦੇਵ ਦੀਆਂ ਕਵਿਤਾਵਾਂ ਜੇ ਤੁਹਾਨੂੰ ਨਵੇਂ ਮੁਹਾਵਰੇ ਵਾਂਗ ਨਾ ਮਿਲਣ ਤਾਂ ਮੈਨੂੰ ਦੱਸਣਾ। ਜੇ ਸੱਜਰਾਪਨ ਲੱਗੇ ਤਾਂ ਉਸਨੂੰ ਜ਼ਰੂਰ ਦੱਸਣਾ। ਉਸ ਦਾ ਨੰਬਰ ਤੁਹਾਨੂੰ ਮੈਂ ਦੇ ਦਿਆਂਗਾ।
ਤਿੰਨ ਕਵਿਤਾਵਾਂ
ਬਲਦੇਵ ਬਾਵਾ
ਕਿਤਾਬਾਂ
ਟਟਹਿਣਿਆਂ ਲੱਦੀਆਂ ਜਗਮਗਾਉਂਦੀਆਂ ਬੇਰੀਆਂ
ਰਾਤ ਨੂੰ
ਤਾਰਿਆਂ ਦੇ ਹੁੰਘਾਰੇ ਭਰਦੀਆਂ,
ਚਾਨਣੀ ਦੀਆਂ
ਅਰਸ਼ੀ ਮੂਕ ਆਬਸ਼ਾਰਾਂ
ਮੁਨੀ-ਮੰਡਲੀਆਂ
ਇਸ਼ਨਾਨ ਕਰਦੀਆਂ,
ਸਹਿਜ ਆਨੰਦ ਵਿੱਚ
ਕੂੰਜਾਂ ਦੀਆਂ ਡਾਰਾਂ
ਹੰਸਾਂ ਵਿਹੜੇ
ਕਾਵਾਂ ਦੀ ਜੰਜ ਵਰਗੀਆਂ,
ਰਾਹਬਰਾਂ ਨੂੰ
ਜੱਫੀ ਲੈਣ ਸੋਚਵਾਨ ਸੰਝਾਂ
ਪੀਰਾਂ ਸਿਰ ਹੱਥ ਦੇਣ
ਲਾਲ ਸਰਘੀਆਂ।
ਕਿਤਾਬਾਂ ਦੇ ਝਰੋਖਿਆਂ ‘ਚੋਂ
ਤੱਕਦੇ ਨੇ ਸ਼ਾਇਰ
ਇਨ੍ਹਾਂ ਵਿੱਚ
ਜਾਬਰੀ ਜਿੱਤਾਂ ਵੀ ਨੇ ਦਾਇਰ,
ਸੁਣਦੀ ਪਈ
ਦਾਸੀਆਂ ਦੇ ਰੋਣ ਦੀ ਅਵਾਜ਼
ਰਖੇਲਾਂ ਪਿੰਡੇ ਲਾਸਾਂ ਪਾਉਂਦੀ ਛਮਕਾਂ ਦੀ ਮਾਰ,
ਢਾਹ ਨਾ ਲੈਣੀ
ਕਿਲਿਆਂ ਦੇ ਢਹਿਣ ਦੀ ਉਮੀਦ
ਮੰਨਣੀ ਨਹੀਂ
ਮਹਿਲਾਂ ਦੀਆਂ ਨੀਹਾਂ ਦੀ ਸਦੀਵ।
ਕਿਤਾਬਾਂ ਵਿੱਚ
ਬਾਗੀਆਂ ਦੇ ਮੋਢੇ ਸੂਲੀਆਂ
ਪੀਰਾਂ ਦੀਆਂ ਦਾਹੜੀਆਂ
ਤੇ ਪੱਗਾਂ ਧੂੜੀਆਂ,
ਜੇ ਪੈਂਡਾ ਹੈ ਅਮੁੱਕ
ਤਾਂ ਹੈ ਚਾਲ ਵੀ ਅਟੁੱਟ
ਕਾਠ ਚੱਬਣੀ
ਤੇ ਮਾਰਨਾ ਵਗਾਹ ਕੇ ਚੂਰੀਆਂ।
ਕਿਤਾਬਾਂ ਦੀਆਂ ਵਾਦੀਆਂ ‘ਚ ਸੂਫੀ ਵੱਸਦੇ
ਝੂਠ ਅਤੇ ਸੱਚ ਦੀਆਂ
ਗੱਲਾਂ ਦੱਸਦੇ,
ਕਿਤਾਬਾਂ ਦਿਆਂ ਅੰਬਰਾਂ ‘ਚੋਂ
ਰੱਬ ਝਾਕਦਾ
ਸ਼ਹੀਦਾਂ ਤੇ ਮੁਰੀਦਾਂ ਲਈ
ਦੀਵੇ ਬਾਲ਼ਦਾ।
ਕਵੀ ਦੇ ਅਥਰੂ
ਸਮੁੰਦਰ ਨੇ ਕਿਹਾ,
ਕਿੱਦਾਂ ਦੇ ਦਿਆਂ ਘੁੱਟ
ਪਾਣੀ ਦਾ ਕਿਸੇ ਨੂੰ,
ਮੇਰੀ ਤਾਂ ਆਪਣੀ
ਪਿਆਸ ਨਹੀਂ ਬੁੱਝਦੀ।
ਮਾਰੂਥਲ ਨੇ ਕਿਹਾ,
ਮੈਂ ਝੰਬਿਆ ਉਡੀਕਾਂ ਦਾ,
ਇਕ ਪੱਤ ਵੀ ਪੱਲੇ ਨਹੀਂ
ਮੀਂਹ ਲਈ ਅਰਦਾਸ ਕਰਨ ਦਾ ਨੇਮ ਮਹਿਜ਼ ਭੁਲੇਖਾ ਸੀ।
ਧਰਤੀ ਨੇ ਕਿਹਾ
ਲਾਲਚ ਮੁਹਰੇ ਹਾਰ ਗਈ ਮੈਂ,
ਹੁਣ ਬਾਂਝ ਹੋ ਜਾਣ ਦੀ
ਚਿੰਤਾ ਨਹੀਂ ਖਾਂਦੀ।
ਅਸਮਾਨ ਨੇ ਕਿਹਾ,
ਬੇਨੂਰਿਆਂ ਨੂੰ
ਲੋਅ ਦੀ ਕਦਰ ਨਾ ਕੋਈ,
ਨੀਲੀ ਛੱਤ ਦੀਆਂ ਕੰਦੀਲਾਂ
ਬੁੱਝ ਵੀ ਜਾਣ ਤਾਂ ਦੁੱਖ ਕਾਹਦਾ!
ਕਵੀ ਬੋਲਿਆ,
ਕਬਰਾਂ ਵਾਲੀ ਛਪੜੀ ‘ਤੇ
ਵੁਜ਼ੂ ਕਰਨ ਲਈ
ਤਾਰੇ ਅਰਸ਼ੋਂ ਉਤਰਦੇ ਰਹਿਣਗੇ,
ਚਹੁੰ ਮੰਜਿਆਂ ਜੇਡੇ
ਰੇਤਲੇ ਧੋੜੇ ਉਪਰ
ਬੱਚੇ ਰੇਤੇ ਦੀਆਂ ਘੋੜੀਆਂ ਬਣਾਉਂਦੇ ਰਹਿਣਗੇ।
ਪੰਜ ਗਿੱਠ ਚੌਂਕੇ ‘ਚੋ ਖਿੱਲਰਦੀ ਖੰਨੀਆਂ ਦੀ ਮਹਿਕ
ਧੁਰ ਦਰਗਾਹ ਤੱਕ ਜਾਂਦੀ ਰਹੇਗੀ,
ਕਾਇਨਾਤ ਨੂੰ ਜਗਦਾ ਰੱਖਣ ਲਈ, ਅਕੀਦਤ,
ਦੂਣੀਆਂ ਚੌਣੀਆਂ ਮਸ਼ਾਲਾਂ ਬਾਲ਼ ਬਾਲ਼ ਟਿਕਾਉਂਦੀ ਰਹੇਗੀ।
ਕਵੀ ਦੇ ਅੱਥਰੂ
ਜਦ ਸਮੁੰਦਰ ਦਾ ਕੰਢਾ,
ਮਾਰੂਥਲ ਦਾ ਮੱਥਾ,
ਧਰਤੀ ਦੀ ਹਿੱਕ,
‘ਤੇ ਅਸਮਾਨ ਦਾ ਪੱਲਾ
ਤਰ ਕਰ ਗਏ,
ਤਾਂ ਬ੍ਰਹਿਮੰਡ ਦੇ ਵੱਡੇ
ਚੁੱਪ ਕਰ ਗਏ।
▪️
3.
ਸ਼ਬਦ ਓਦੋਂ ਲਿਖਣਾ
🔹ਬਲਦੇਵ ਬਾਵਾ
ਸ਼ਬਦ ਓਦੋਂ ਲਿਖਣਾ,
ਜਦੋਂ ਬਨਫ਼ਸ਼ਾ ਦੇ ਫੁੱਲਾਂ ਤੋਂ
ਉੜੀ ਤਿਤਲੀ,
ਉਦਾਸ ਪਰਬਤ ਦਾ ਸਿਰ ਪਲੋਸ
ਤੁਹਾਡੀ ਤਲ਼ੀ ਤੇ ਆਣ ਬੈਠ ਜਾਵੇ।
ਸ਼ਬਦ ਓਦੋਂ ਲਿਖਣਾ,
ਜਦੋਂ ਦਰਿਆ ਦੇ
ਮਿਹਣਿਆਂ ਦੀ ਵਿੰਨ੍ਹੀ
ਨਿੱਕੀ ਜਹੀ ਮਲੂਕ ਮੱਛੀ ,
ਤਪਦੀ ਰੇਤ ਵਿੱਚ ਭੁੜਕ ਡਿੱਗੇ,
ਤੇ ਝੁਲਸ ਕੇ ਮਰ ਜਾਵੇ।
ਸ਼ਬਦ ਓਦੋਂ ਲਿਖਣਾ,
ਜਦੋਂ ਸਬਰ ਸਿਦਕ ਦੀ ਕੀੜੀ,
ਧਰਤੀਧਰ ਨੂੰ ਜੇਰਾ ਬਖ਼ਸ਼ੇ,
ਧਰਤੀ ਦਾ ਧੀਰਜ ਬੰਨ੍ਹਾਵੇ
ਮਸਕੀਨੀ ਦੀ ਉੱਜਲ ਮੂਰਤ
ਨੀਵੀਂ ਪਾ ਫਿਰ ਘਰ ਨੂੰ ਜਾਵੇ।
ਸ਼ਬਦ ਓਦੋਂ ਲਿਖਣਾ,
ਜਦੋਂ ਸਮੁੰਦਰ ਦਰ ’ਤੇ ਆ ਕੇ,
ਸ਼ਾਂਤ ਸਥਿਰ ਹੋ ਜਾਵੇ,
ਤੁਹਾਡੀ ਅੱਖ ’ਚੋਂ ਛਲਕੇ ਹੰਝੂ
ਉਹ ਵੁਜ਼ੂ ਲਈ ਕੁਰਲਾਵੇ।
ਸ਼ਬਦ ਓਦੋਂ ਲਿਖਣਾ,
ਜਦੋਂ ਵੱਖੀ ਪਰਨੇ ਦੌੜਦਾ ਸੱਪ ,
ਮਾਰੂਥਲ ਦਾ ਪੈਗ਼ਾਮ ਲਿਆਵੇ,
ਕਿ ਉਹਦੇ ਸੜਦੇ ਹੋਠਾਂ ’ਤੇ,
ਕੇਰ ਦਵੇ ਕੋਈ ਕੋਸੇ ਹੰਝੂ,
ਅਜ਼ਲੋਂ ਰੱਖਿਆ ਵਰਤ ਖੁੱਲ੍ਹਾਵੇ ।
ਸ਼ਬਦ ਓਦੋਂ ਲਿਖਣਾ,
ਬਸ ਸ਼ਬਦ ਓਦੋਂ ਲਿਖਣਾ।
ਗੁਰਭਜਨ ਗਿੱਲ

