ਕੋਟਕਪੂਰਾ, 3 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਿਡ-ਡੇ-ਮੀਲ ਦਫਤਰੀ ਕਰਮਚਾਰੀ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਾਰ ਬਾਰ ਰੈਗੂਲਰ ਦੇ ਆਸ਼ਵਾਸਨ ਵਫ਼ਾ ਸਾਬਤ ਨਹੀਂ ਹੋ ਰਹੇ ਹਨ। ਲੰਬੇ ਸੰਮੇ ਤੋਂ ਰੈਗੂਲਰ ਦੀ ਫਾਈਲ ਵਿੱਤ ਵਿਭਾਗ ਤੋਂ ਸਿੱਖਿਆ ਵਿਭਾਗ ਦੇ ਚੱਕਰ ਕੱਟ ਰਹੀ ਹੈ, 21 ਸਤੰਬਰ ਨੂੰ ਹਰਪਾਲ ਚੀਮਾ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਅਧਿਕਾਰੀਆਂ ਨੂੰ ਇੱਕ ਹਫਤੇ ਵਿੱਚ ਸਿੱਖਿਆ ਅਤੇ ਵਿੱਤ ਵਿਭਾਗ ਦੀ ਸਾਂਝੀ ਮੀਟਿੰਗ ਕਰਕੇ ਫੈਸਲਾ ਲੈਣ ਦੇ ਹੁਕਮ ਜਾਰੀ ਕੀਤੇ ਪਰ ਅੱਜ ਤੱਕ ਵੀ ਇਹ ਮੀਟਿੰਗ ਹੋਣੀ ਸੰਭਵ ਨਹੀਂ ਹੋ ਸਕੀ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮਿਡ-ਡੇ-ਮੀਲ ਦਫਤਰੀ ਕਰਮਚਾਰੀ ਦੇ ਜ਼ਿਲ੍ਹਾ ਦੇ ਆਗੂਆਂ ਦੀਪਕ ਨਾਰੰਗ, ਸੋੋਨੀਆ ਗੁਪਤਾ, ਅੰਜੂ ਬਾਲਾ ਆਦਿ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕੱਚੇ ਮੁਲਾਜ਼ਮਾਂ ਦੀ ਜਵਾਨੀ ਰੋਲ ਕੇ ਰੱਖ ਦਿੱਤੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਦੇ ਭਵਿੱਖ ਨੂੰ ਰੋਲਣ ਦੀ ਤਿਆਰੀ ਕਰੀ ਬੈਠੀ ਹੈ। ਆਗੂਆਂ ਨੇ ਦੱਸਿਆ ਕਿ ਸਰਕਾਰ ਮੁਲਾਜ਼ਮਾਂ ਨਾਲ ਮੀਟਿੰਗਾਂ ਦੋਰਾਨ ਮੰਗਾਂ ’ਤੇ ਸਹਿਮਤੀ ਕਰਦੀ ਹੈ ਪਰ ਮੰਗਾਂ ਲਾਗੂ ਨਹੀਂ ਹੋ ਰਹੀਆਂ, ਜਿਸ ਕਰਕੇ ਸਮੂਹ ਮੁਲਾਜ਼ਮ ਵਰਗ ਵਿੱਚ ਸਰਕਾਰ ਪ੍ਰਤੀ ਰੋਸ ਹੈ। ਆਗੂਆਂ ਨੇ ਕਿਹਾ ਕਿ ਦਫ਼ਤਰੀ ਮੁਲਾਜ਼ਮ 01-04-2018 ਤੋਂ ਰੈਗੂਲਰ ਆਰਡਰ ਦੇਣ ਦੀ ਮੰਗ ਨੂੰ ਲੈ ਕੇ 6 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਸਿੱਖਿਆ ਭਵਨ ਮੋਹਾਲੀ ਦਾ ਘਿਰਾੳ ਕਰਨਗੇ ਅਤੇ ਮੰਗਾਂ ’ਤੇ ਠੋਸ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ ਵੀ ਮਾਰਚ ਕਰਨਗੇ।

