ਕੋਟਕਪੂਰਾ/ਫਰੀਦਕੋਟ, 6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਿਸ਼ਨ 2027 ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਆਪਣੇ ਵੱਲੋਂ ਫਰੀਦਕੋਟ ਦੇ ਲੋਕਾਂ ਲਈ ਕੀਤੇ ਗਏ ਅਤੇ ਸਰਕਾਰ-ਪ੍ਰਸ਼ਾਸਨ ਕੋਲ ਲਗਾਤਾਰ ਉਠਾਏ ਗਏ ਜਨਹਿੱਤ ਦੇ ਕੰਮਾਂ ਦਾ “ਮੇਰਾ ਰਿਪੋਰਟ ਕਾਰਡ” ਲੋਕਾਂ ਸਾਹਮਣੇ ਪੇਸ਼ ਕੀਤਾ ਹੈ। ਅਰਸ਼ ਸੱਚਰ ਨੇ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਦਾ ਕੇਂਦਰ ਸਿਰਫ਼ ਚੋਣਾਂ ਸਮੇਂ ਵਾਅਦੇ ਕਰਨਾ ਨਹੀਂ, ਸਗੋਂ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੇ ਮੁੱਦਿਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਸਬੰਧਤ ਵਿਭਾਗਾਂ ਅਤੇ ਸਰਕਾਰ ਤੱਕ ਪਹੁੰਚਾਉਣਾ ਅਤੇ ਹੱਲ ਲਈ ਲਗਾਤਾਰ ਪੈਰਵੀ ਕਰਨਾ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਅਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚ ਰਿਹਾ ਹੈ। ਮਰੀਜ਼ਾਂ ਨੂੰ ਬਿਹਤਰ ਇਲਾਜ, ਲੋੜੀਂਦੀਆਂ ਮੈਡੀਕਲ ਸਹੂਲਤਾਂ, ਸਫ਼ਾਈ, ਐਮਰਜੈਂਸੀ ਸੇਵਾਵਾਂ ਅਤੇ ਹਸਪਤਾਲ ਪ੍ਰਬੰਧਾਂ ਵਿੱਚ ਸੁਧਾਰ ਵਰਗੇ ਮੁੱਦੇ ਵੱਖ-ਵੱਖ ਪੱਧਰਾਂ ’ਤੇ ਉਠਾਏ ਗਏ ਹਨ। ਇਸੇ ਤਰ੍ਹਾਂ ਨਸ਼ਾ ਮੁਕਤ ਫਰੀਦਕੋਟ ਲਈ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਨਾਲ ਜੋੜਨ, ਨਸ਼ਾ ਛੱਡਣ ਦੇ ਇੱਛੁਕ ਵਿਅਕਤੀਆਂ ਨੂੰ ਇਲਾਜ ਅਤੇ ਹਸਪਤਾਲ ਵਿੱਚ ਦਾਖਲੇ ਲਈ ਸਹਿਯੋਗ ਦੇਣ ਅਤੇ ਪਿੰਡਾਂ ਤੇ ਵਾਰਡਾਂ ਤੱਕ ਜਾਗਰੂਕਤਾ ਪਹੁੰਚਾਉਣ ਲਈ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਸੱਚਰ ਨੇ ਦੱਸਿਆ ਕਿ ਸਕੂਲਾਂ ਅਤੇ ਕਾਲਜਾਂ ਨਾਲ ਜੁੜੇ ਵਿਦਿਆਰਥੀ ਮੁੱਦਿਆਂ, ਫੀਸਾਂ ਅਤੇ ਹੋਰ ਸਹੂਲਤਾਂ ਲਈ ਵੀ ਆਵਾਜ਼ ਉਠਾਈ ਗਈ। ਇਸ ਦੇ ਨਾਲ ਹੀ ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜ਼ਨਾਂ ਲਈ ਸਹਾਇਤਾ ਕੈਂਪਾਂ ਅਤੇ ਸਹਾਇਕ ਉਪਕਰਨਾਂ, ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਸਰਕਾਰੀ ਸਕੀਮਾਂ ਅਤੇ ਸਮਾਜਿਕ ਸਹਾਇਤਾ ਨਾਲ ਜੁੜੇ ਮਾਮਲਿਆਂ ਵਿੱਚ ਵੀ ਕੰਮ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਫਰੀਦਕੋਟ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ, ਗਊਸ਼ਾਲਾਵਾਂ ਵਿੱਚ ਸਹੂਲਤਾਂ ਅਤੇ ਸੁਧਾਰ, ਸਫ਼ਾਈ ਸੇਵਾਵਾਂ, ਪਿੰਡਾਂ ਅਤੇ ਸ਼ਹਿਰੀ ਵਾਰਡਾਂ ਦੇ ਵਿਕਾਸ ਕਾਰਜ ਅਤੇ ਬੁਨਿਆਦੀ ਸਹੂਲਤਾਂ ਨਾਲ ਜੁੜੀਆਂ ਮੰਗਾਂ ਨੂੰ ਵੀ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਗਾਤਾਰ ਲਿਆਂਦਾ ਗਿਆ ਹੈ। ਨੌਜਵਾਨਾਂ ਬਾਰੇ ਅਰਸ਼ ਸੱਚਰ ਨੇ ਕਿਹਾ ਕਿ ਰੁਜ਼ਗਾਰ, ਕਰੀਅਰ ਮਾਰਗਦਰਸ਼ਨ, ਸਰਕਾਰੀ ਨੌਕਰੀਆਂ ਦੀ ਜਾਣਕਾਰੀ, ਸਕਾਲਰਸ਼ਿਪ, ਸਵੈ-ਰੁਜ਼ਗਾਰ ਅਤੇ ਖੇਡਾਂ ਨਾਲ ਜੋੜਨ ਵਰਗੇ ਉਪਰਾਲਿਆਂ ਨੂੰ ਹੋਰ ਵੱਡੇ ਪੱਧਰ ’ਤੇ ਅੱਗੇ ਲਿਜਾਣਾ ਮਿਸ਼ਨ 2027 ਦਾ ਅਹਿਮ ਹਿੱਸਾ ਰਹੇਗਾ। ਅਰਸ਼ ਸੱਚਰ ਨੇ ਕਿਹਾ “ਮੇਰੇ ਲਈ ਮਿਸ਼ਨ 2027 ਸਿਰਫ਼ ਇੱਕ ਰਾਜਨੀਤਿਕ ਨਾਅਰਾ ਨਹੀਂ ਹੈ। ਮੇਰਾ ਮਕਸਦ ਹੈ ਕਿ ਫਰੀਦਕੋਟ ਦੇ ਲੋਕ ਮੇਰਾ ਮੁਲਾਂਕਣ ਮੇਰੇ ਕੰਮ ਦੇ ਆਧਾਰ ’ਤੇ ਕਰਨ। ਮੈਂ ਵਾਅਦਿਆਂ ਦਾ ਨਹੀਂ, ਆਪਣੇ ਕੀਤੇ ਕੰਮਾਂ ਅਤੇ ਲੋਕਾਂ ਲਈ ਉਠਾਈ ਆਵਾਜ਼ ਦਾ ਹਿਸਾਬ ਲੋਕਾਂ ਸਾਹਮਣੇ ਰੱਖ ਰਿਹਾ ਹਾਂ। ਜਿੱਥੇ ਵੀ ਫਰੀਦਕੋਟ ਦੇ ਲੋਕਾਂ ਦਾ ਹੱਕ ਅਤੇ ਹਿੱਤ ਜੁੜਿਆ ਹੋਵੇਗਾ, ਮੈਂ ਉਨ੍ਹਾਂ ਦੀ ਆਵਾਜ਼ ਬਣ ਕੇ ਖੜ੍ਹਾ ਰਹਾਂਗਾ।” ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਿਸ਼ਨ 2027 ਤਹਿਤ ਵੱਖ-ਵੱਖ ਖੇਤਰਾਂ ਵਿੱਚ ਕੀਤੇ ਕੰਮਾਂ, ਸਰਕਾਰ ਕੋਲ ਉਠਾਏ ਮੁੱਦਿਆਂ, ਹੋਈ ਕਾਰਵਾਈ ਅਤੇ ਬਾਕੀ ਰਹਿੰਦੇ ਕੰਮਾਂ ਦਾ ਵੇਰਵਾ ਵੀ ਲੋਕਾਂ ਸਾਹਮਣੇ ਰੱਖਿਆ ਜਾਵੇਗਾ, ਤਾਂ ਜੋ ਜਨਤਕ ਜਵਾਬਦੇਹੀ ਅਤੇ ਕੰਮ-ਅਧਾਰਿਤ ਰਾਜਨੀਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

