ਪਿੰਡ ਦਾ ਸਰਵਪੱਖੀ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹੁੰਚਾਉਣਾ ਸਾਡੀ ਮੁੱਖ ਪ੍ਰਾਥਮਿਕਤਾ : ਯੋਧਵੀਰ ਢਿੱਲਵਾਂ
ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਢਿੱਲਵਾਂ ਕਲਾਂ ਵਿਖੇ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਅਤੇ ਨਿਰਵਿਘਨ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅੱਜ ਸਥਾਨਕ ਵਾਟਰ ਵਰਕਸ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੀ ਅਗਵਾਈ ਬੀਬੀ ਬਲਜੀਤ ਕੌਰ ਸਰਪੰਚ ਗੁਰੂ ਤੇਗ ਬਹਾਦੁਰ ਨਗਰ ਢਿੱਲਵਾਂ ਕਲਾਂ ਦੇ ਬੇਟੇ ਅਤੇ ਸੀਨੀਅਰ ਕਾਂਗਰਸੀ ਆਗੂ ਯੋਧਵੀਰ ਸਿੰਘ ਢਿੱਲਵਾਂ ਨੇ ਕੀਤੀ, ਜਿਸ ਵਿੱਚ ਜਲ ਸਪਲਾਈ ਵਿਭਾਗ ਦੇ ਸੁਪਰਟੈਂਡਿੰਗ ਇੰਜੀਨੀਅਰ ਚਰਨਦੀਪ ਸਿੰਘ, ਐਕਸੀਅਨ ਸ਼ਮਿੰਦਰ ਸਿੰਘ, ਐਸ ਡੀ ਓ ਅਮਨਪ੍ਰੀਤ ਸਿੰਘ, ਜੇ.ਈ. ਹਿਮਾਸ਼ੂ ਮਿੱਤਲ ਸਮੇਤ ਪੰਚ ਜਗਸੀਰ ਸਿੰਘ, ਪੰਚ ਕੁਲਦੀਪ ਸਿੰਘ, ਪੰਪ ਅਪ੍ਰੇਟਰ ਹਰਜਿੰਦਰ ਸਿੰਘ, ਪੰਪ ਅਪ੍ਰੇਟਰ ਜਗਤਾਰ ਸਿੰਘ, ਮੇਟ ਅਕਾਸ਼ਦੀਪ ਸਿੰਘ ਆਦਿ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਯੋਧਵੀਰ ਸਿੰਘ ਢਿੱਲਵਾਂ ਨੇ ਵਾਟਰ ਵਰਕਸ ਦੇ ਮੌਜੂਦਾ ਪ੍ਰਬੰਧਾਂ, ਪਾਣੀ ਦੀ ਫਿਲਟਰੇਸ਼ਨ ਪ੍ਰਣਾਲੀ ਅਤੇ ਪਿੰਡ ਵਿੱਚ ਕੀਤੀ ਜਾ ਰਹੀ ਪਾਣੀ ਦੀ ਸਪਲਾਈ ਦੀ ਸਥਿਤੀ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ। ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਧਿਆਨ ਵਿਚ ਲਿਆਂਦਾ ਕਿ ਪਿੰਡ ਦੇ ਹਰ ਘਰ ਤੱਕ ਸਾਫ਼ ਤੇ ਸ਼ੁੱਧ ਪਾਣੀ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਵਾਟਰ ਵਰਕਸ ਦੀ ਸਮੇਂ-ਸਮੇਂ ‘ਤੇ ਸਫ਼ਾਈ ਕਰਾਉਣ ਅਤੇ ਜੇਕਰ ਕਿਧਰੇ ਪਾਈਪਲਾਈਨਾਂ ਵਿੱਚ ਲੀਕੇਜ ਜਾਂ ਹੋਰ ਕੋਈ ਤਕਨੀਕੀ ਖਰਾਬੀ ਹੈ, ਤਾਂ ਉਸ ਨੂੰ ਪਹਿਲ ਦੇ ਆਧਾਰ ‘ਤੇ ਠੀਕ ਕੀਤਾ ਜਾਵੇ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਬਿਹਤਰ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਲੋੜੀਂਦੇ ਹੋਰ ਕਦਮਾਂ ਅਤੇ ਸੁਧਾਰਾਂ ‘ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਯੋਧਵੀਰ ਸਿੰਘ ਢਿੱਲਵਾਂ ਨੇ ਆਖਿਆ ਕਿ ਪਿੰਡ ਦਾ ਸਰਵਪੱਖੀ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹੁੰਚਾਉਣਾ ਸਾਡੀ ਮੁੱਖ ਪ੍ਰਾਥਮਿਕਤਾ ਹੈ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਵਾਟਰ ਵਰਕਸ ਦੇ ਸੁਚਾਰੂ ਸੰਚਾਲਨ ਲਈ ਮਿਲੀਆਂ ਸ਼ਿਕਾਇਤਾਂ ਦੇ ਹੱਲ ਲਈ ਪੂਰਾ ਧਿਆਨ ਦਿੱਤਾ ਜਾਵੇਗਾ ਅਤੇ ਪਿੰਡ ਵਾਸੀਆਂ ਨੂੰ ਪਾਣੀ ਸਬੰਧੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

