ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਤੌਰ ‘ਤੇ ਲਵਾਈ ਹਾਜ਼ਰੀ
ਕੋਟਕਪੂਰਾ, 9 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਠੇਕੇਦਾਰ ਦਰਸ਼ਨ ਸਿੰਘ ਅਤੇ ਠੇਕਦਾਰ ਗੁਰਦੇਵ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਬਠਿੰਡਾ ਫਰੀਦਕੋਟ ਹਾਈਵੇ ਸੜਕ ‘ਤੇ ਨੇਪਾਲੀ ਢਾਬੇ ਦੇ ਨਜ਼ਦੀਕ ਪੈਟਰੋਲ ਪੰਪ ਉੱਤੇ ਕੋਟਕਪੂਰਾ ਵਿਖੇ ਪੰਜਵਾਂ ਸਲਾਨਾ ਲੰਗਰ ਲਗਾਇਆ ਗਿਆ। ਠੇਕੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਸਾਡੇ ਸਮੂਹ ਪਰਿਵਾਰ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸੇਵਾ ਨਿਭਾਈ ਜਾ ਰਹੀ ਹੈ, ਇਸ ਵੱਡੇ ਕਾਰਜ ਵਿੱਚ ਦਿਹਾਤੀ ਕੋਠੇ ਪੰਚਾਇਤ ਅਤੇ ਆਮ ਲੋਕਾਂ ਵੱਲੋਂ ਹਰ ਤਰ੍ਹਾਂ ਦਾ ਬਹੁਤ ਜਿਆਦਾ ਸਹਿਯੋਗ ਦਿੱਤਾ ਜਾਂਦਾ ਹੈ, ਜਿਸ ਕਰਕੇ ਪਿਛਲੇ ਦੋ ਦਿਨਾਂ ਤੋਂ ਪਕਾਉੜੇ, ਬਰੈਡ, ਪੂਰੀਆਂ, ਪ੍ਰਸ਼ਾਦੇ ਅਤੇ ਖੀਰ ਦਾ ਲੰਗਰ ਲਗਾਤਾਰ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ ਹੈ, ਅੱਜ ਤੀਸਰੇ ਦਿਨ ਸਵੇਰੇ ਬ੍ਰੈਡ ਪਕੌੜੇ, ਜਲੇਬੀਆਂ ਅਤੇ ਪ੍ਰਸ਼ਾਦੇ ਦਾ ਲੰਗਰ ਸ਼ਾਮ ਤੱਕ ਚੱਲਦਾ ਰਿਹਾ ਹੈ। ਓਲਡ ਏਜ ਗੋਲਡ ਕਲੱਬ ਦੇ ਪ੍ਰਧਾਨ ਰਿਟਾ ਮਾ. ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਤਿੰਨ ਰੋਜਾ ਮਹਾਨ ਜੱਗ ਵਿੱਚ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਗਈ। ਜਮਹੂਰੀ ਕਿਸਾਨ ਸਭਾ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਵੀਰਇੰਦਰਜੀਤ ਸਿੰਘ ਪੁਰੀ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਤਰਾਂ ਦੇ ਦਾਨੀ ਵੀ ਕਿਹਾ ਜਾਂਦਾ ਹੈ, ਅੱਜ ਵੀ ਜੋ ਲੋਕ ਸ਼ਰਧਾ ਭਾਵਨਾ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਮਿਸੇ ਪ੍ਰਸ਼ਾਦੇ ਲੱਸੀ ਅਤੇ ਗੰਢਾ ਲੈ ਕੇ ਜਾਂਦੇ ਹਨ ਬਾਬਾ ਬੁੱਢਾ ਸਾਹਿਬ ਜੀ ਅੱਜ ਵੀ ਉਹਨਾਂ ਨੂੰ ਪੁੱਤਰਾਂ ਦੀ ਦਾਤ ਬਖਸ਼ਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਜੋ ਅੱਜ ਤੱਕ ਸਾਰੀ ਦੁਨੀਆ ਵਿੱਚ ਚੱਲ ਰਹੀ ਹੈ, ਲੋਕ ਆਪਣੇ ਦਸਵੰਧ ਦੀ ਕਮਾਈ ਵਿੱਚੋਂ ਮਾਇਆ ਕੱਢ ਕੇ ਲੰਗਰ ਲਾਉਂਦੇ ਹਨ ਅਤੇ ਆਪਣਾ ਜੀਵਨ ਸਫਲ ਕਰਦੇ ਹਨ। ਕੋਟਕਪੂਰਾ ਦੇ ਇਸ ਮਹਾਨ ਜੱਗ ਵਿੱਚ ਹਰੇਕ ਧਰਮ ਹਰੇਕ ਜਾਤ ਅਤੇ ਹਰੇਕ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੰਗਤੀਆਂ ਵਿੱਚ ਬੈਠ ਕੇ ਲੰਗਰ ਛਕਿਆ। ਸ਼ਾਮ ਦੇ ਸਮੇਂ ਸਮਾਪਤੀ ਮੌਕੇ ਠੇਕੇਦਾਰ ਦਰਸ਼ਨ ਸਿੰਘ ਅਤੇ ਉਹਨ੍ਹਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਪੂਰੇ ਪੰਜਾਬ ਤੋਂ ਪੁੱਜੀਆਂ ਹੋਈਆਂ ਸੰਗਤਾਂ, ਸਮੂਹ ਗ੍ਰਾਮ ਪੰਚਾਇਤਾਂ, ਪੱਤਰਕਾਰਾਂ ਅਤੇ ਸ਼ਹਿਰ ਕੋਟਕਪੂਰਾ ਦੇ ਲੋਕਾਂ ਅਤੇ ਇਸ ਜੱਗ ਵਿੱਚ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਵਾਉਣ ਆਏ ਸ੍ਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਦਾ ਧੰਨਵਾਦ ਕੀਤਾ ਗਿਆ।

