ਬਤੌਰ ਮੁੱਖ ਮਹਿਮਾਨ ਸਪੀਕਰ ਸੰਧਵਾਂ ਅਤੇ ਵਿਸ਼ੇਸ਼ ਮਹਿਮਾਨ ਬਾਬਾ ਗੁਰਮੀਤ ਸਿੰਘ ਪਹੁੰਚੇ

ਕੋਟਕਪੂਰਾ, 10 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੇ ਪਿੰਡ ਮੋਰਾਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਨਗਰ ਪੰਚਾਇਤ ਦੇ ਸਹਿਯੋਗ ਨਾਲ ਪ੍ਰਿੰਸੀਪਲ ਵਰਿੰਦਰ ਸਲਹੋਤਰਾ ਦੀ ਅਗਵਾਈ ਵਿੱਚ ਸਲਾਨਾ ਇਨਾਮ ਵੰਡ ਯੋਜਨਾ ਵਜੋਂ ਇਕ ਵਿਸ਼ਾਲ ਸਿੱਖਿਆ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਚੇਚੇ ਤੌਰ ’ਤੇ ਪਹੁੰਚੇ। ਨੈਤਿਕ ਤੌਰ ’ਤੇ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਮਹਿਮਾਨ ਵਜੋਂ ਬਾਬਾ ਗੁਰਮੀਤ ਸਿੰਘ ਜੀ ਨੇ ਸ਼ਿਰਕਤ ਕੀਤੀ। ਸਮਾਗਮ ਦੇ ਇੰਚਾਰਜ ਡਾ. ਦੇਵਿੰਦਰ ਸੈਫ਼ੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀ ਭਲਾਈ ਸਬੰਧੀ ਉਲੀਕੀ ਸਮੁੱਚੀ ਯੋਜਨਾ ਬਾਰੇ ਦੱਸਿਆ। ਸਟੇਜ ਸਕੱਤਰ ਮਨੋਜ ਵਧਾਵਨ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਖੇਡਾਂ, ਅਨੁਸ਼ਾਸਨ, ਵਾਤਾਵਰਨ ਅਕਾਦਮਿਕ ਪ੍ਰਾਪਤੀਆਂ ਅਤੇ ਕਲਾ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਦੀ ਸੂਚੀ ਪੇਸ਼ ਕੀਤੀ। ਸਰਪੰਚ ਸਰਬਜੀਤ ਸਿੰਘ ਫੋਜ਼ੀ ਦੇ ਵਿਸ਼ੇਸ਼ ਸਹਿਯੋਗ ਨਾਲ ਬੱਚਿਆਂ ਨੂੰ ਸ਼ਾਨਦਾਰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਭਾਈ ਘਨੱਈਆ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਪੈ੍ਰਸ ਸਕੱਤਰ ਗੁਰਿੰਦਰ ਸਿੰਘ ਕੋਟਕਪੂਰਾ, ਜਨਰਲ ਸਕੱਤਰ ਮੱਘਰ ਸਿੰਘ, ਕਾਰਜਕਾਰੀ ਪ੍ਰਧਾਨ ਹਰਵਿੰਦਰ ਸਿੰਘ ਮਰਵਾਹ ਅਤੇ ਸੀਨੀਅਰ ਮੈਂਬਰ ਗੁਰਮੀਤ ਸਿੰਘ ਸੰਧੂ ਭਾਊ ਨੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਦਾ ਸੁਨੇਹਾ ਦੇਣ ਵਾਲੀਆਂ ਕਾਪੀਆਂ ਭੇਂਟ ਕੀਤੀਆਂ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੰਨੇ ਅਨੁਸ਼ਾਸਨਬੱਧ ਅਤੇ ਪ੍ਰਤਿਭਾਸ਼ਾਲੀ ਲਈ ਬੱਚਿਆਂ ਵੱਲ ਵੇਖ ਕੇ ਮਨ ਗਦ ਗਦ ਹੋ ਉਠਿਆ ਹੈ। ਉਹਨਾਂ ਨੇ ਸਕੂਲ ਪ੍ਰਿੰਸੀਪਲ, ਸਰਪੰਚ ਸਰਬਜੀਤ ਸਿੰਘ ਅਤੇ ਲੈਕਚਰਾਰ ਡਾ. ਦੇਵਿੰਦਰ ਸੈਫ਼ੀ ਦੁਆਰਾ ਵਿੱਦਿਆਰਥੀ ਭਲਾਈ ਲਈ ਉਲੀਕੀ ਯੋਜਨਾ ਦੀ ਮਹਿਮਾ ਕਰਦਿਆਂ ਸ਼ਾਨਦਾਰ ਸਮਾਗਮ ਲਈ ਸਮੁੱਚੇ ਸਟਾਫ਼ ਤੇ ਪੰਚਾਇਤ ਮੈਂਬਰਾਂ ਨੂੰ ਮੁਬਾਰਕ ਦਿੰਦਿਆਂ ਹਰ ਪੱਖੋਂ ਸਹਾਇਤਾ ਲਈ ਆਪਣੀ ਵਚਨਬੱਧਤਾ ਪੇਸ਼ ਕੀਤੀ। ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਬਾਬਾ ਗੁਰਮੀਤ ਸਿੰਘ ਖੋਸਾਪਾਂਡੋ ਨੇ ਆਪਣੇ ਸੰਬੋਧਨ ਦੌਰਾਨ ਬੰਦੇ ਅੰਦਰਲੇ ਜ਼ੁਲਮ ਤੇ ਜ਼ਾਲਮ ਬਾਰੇ ਵਿਗਿਆਨਕ ਢੰਗ ਸਮਝਾਉਂਦਿਆਂ ਪਰਉਪਕਾਰੀ ਜੀਵਨ ਦੇ ਮਾਰਗ ਬਾਰੇ ਦੱਸਿਆ। ਉਹਨਾਂ ਦੇ ਸੰਬੋਧਨ ਨੂੰ ਸਮੂਹ ਪਿੰਡ ਵਾਸੀਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੇਹੱਦ ਧਿਆਨ ਮਘਨ ਹੋ ਕੇ ਸੁਣਿਆ। ਸਰਪੰਚ ਸਰਬਜੀਤ ਸਿੰਘ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕਰਦਿਆਂ ਨਗਰ ਦੀਆਂ ਲੋੜਾਂ ਬਾਰੇ ਵੀ ਮਹਿਮਾਨਾਂ ਨੂੰ ਜਾਣੂ ਕਰਵਾਇਆ। ਪ੍ਰਸਿੱਧ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵਾਤਾਵਰਨ ਬਚਾਉਣ ਅਤੇ ਨੈਤਿਕਤਾ ਦਾ ਸੁਨੇਹਾ ਦਿੰਦਿਆਂ ਆਪਣੇ ਵਿਸ਼ੇਸ਼ ਤਜ਼ਰਬੇ ਸਾਂਝੇ ਕੀਤੇ। ਪ੍ਰਿੰਸੀਪਲ ਵਰਿੰਦਰ ਸਲ੍ਹੋਤਰਾ ਨੇ ਆਪਣੀਆਂ ਸੰਗੀਤਕ ਸੁਰਾਂ ਦੇ ਨਾਲ ਨਾਲ ਸਮੁੱਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਤਵਰਨ-ਸੰਭਾਲ ਅਤੇ ਮਾਂ ਬੋਲੀ ਪ੍ਰੇਮ ਪੇਸ਼ ਕਰਦੇ ਵਿਦਿਆਰਥੀਆਂ ਜਸਕਰਨ, ਪ੍ਰਭਜੋਤ ਤੇ ਦਵਿੰਦਰ ਸਿੰਘ ਵੱਲੋਂ ਗੀਤ ਗਾ ਕੇ ਖ਼ੂਬ ਵਾਹ ਵਾਹ ਖੱਟੀ। ਇਸ ਵੇਲੇ ਪਿੰਡ ਦੇ ਹਰਕਮਲ ਸਿੰਘ ਏਡੀਓ, ਅਮਨਪ੍ਰੀਤ ਕੌਰ ਐਡਵੋਕੇਟ ਅਤੇ ਅਧਿਆਪਕਾ ਅਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿੰਨ੍ਹਾਂ ਨੇ ਇਸ ਸਕੂਲ ਵਿੱਚੋਂ ਪੜ੍ਹਕੇ ਆਪਣਾ ਵਿਸ਼ੇਸ਼ ਮੁਕਾਮ ਬਣਾਇਆ। ਅਮਨਦੀਪ ਅਤੇ ਅਮਨਪ੍ਰੀਤ ਨੇ ਸਕੂਲ ਭਲਾਈ ਲਈ 1100-1100 ਰੁਪਏ ਦੀ ਰਾਸ਼ੀ ਵੀ ਭੇਂਟ ਕੀਤੀ। ਸਨਮਾਨਤ ਸ਼ਖ਼ਸ਼ੀਅਤਾਂ ਵਿੱਚ ਚਰਨਜੀਤ ਸਿੰਘ ਹੈਡ ਮਾਸਟਰ, ਗੁਰਸੇਵਕ ਸਿੰਘ ਬਿੱਟੂ, ਬੂੜ੍ਹ ਸਿੰਘ ਚੇਅਰਮੈਨ, ਜਸਵੰਤ ਸਿੰਘ ਉਪ ਚੇਅਰਮੈਨ, ਮਿਹਰ ਸਿੰਘ, ਸਿਕੰਦਰ ਸਿੰਘ, ਆਤਮਾ ਸਿੰਘ ਸੇਖੋਂ, ਦਰਸ਼ਨ ਸਿੰਘ, ਬਲਕਾਰ ਸਿੰਘ, ਨਿਰਮਲ ਸਿੰਘ, ਚੰਦ ਸਿੰਘ ਵੀ ਸ਼ਾਮਲ ਸਨ, ਜਿੰਨ੍ਹਾਂ ਵਲੋਂ ਪਿਛਲੇ ਸਮੇਂ ਦੌਰਾਨ ਸਕੂਲ ਦੀ ਬੇਹਤਰੀ ਲਈ ਯੋਗਦਾਨ ਪਾਇਆ ਗਿਆ। ਪ੍ਰਿੰਸੀਪਲ ਸਰਪੰਚ ਅਤੇ ਸਮੂਹ ਸਟਾਫ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

