ਅੰਤਿਮ ਸੰਸਕਾਰ 11ਅਕਤੂਬਰ ਸਵੇਰੇ 9 ਵਜੇ ਬਾੜੇਵਾਲ ਸ਼ਮਸ਼ਾਨ ਘਾਟ ਵਿੱਚ ਹੋਵੇਗਾ।
ਲੁਧਿਆਣਾਃ 10 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਖੇਤੀ ਯੂਨੀਵਰਸਿਟੀ ਸੰਚਾਰ ਕੇਂਦਰ ਦੇ ਸੇਵਾ ਮੁਕਤ ਬਾਨੀ ਸਹਾਇਕ ਲਾਇਬ੍ਰੇਰੀਅਨ ਸ. ਹਕੀਕਤ ਸਿੰਘ ਮਾਂਗਟ ਦਾ ਅੱਜ ਸ਼ਾਮੀਂ ਸਾਊਥ ਸਿਟੀ ਸਥਿਤ ਉਨ੍ਹਾਂ ਦੇ ਘਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲਗਪਗ 88 ਸਾਲ ਦੇ ਸਨ।
ਸ. ਹਕੀਕਤ ਸਿੰਘ ਮਾਂਗਟ ਦਾ ਅੰਤਿਮ ਸੰਸਕਾਰ ਪਿੰਡ ਬਾੜੇਵਾਲ ਅਵਾਣਾ ਸਥਿਤ ਸ਼ਮਸ਼ਾਨਘਾਟ (ਨੇੜੇ ਬਕਲਾਵੀ ਹੋਟਲ ਸਿੱਧਵਾਂ ਨਹਿਰ ਰੋਡ) ਵਿੱਚ ਸਵੇਰੇ 9ਵਜੇ ਹੋਵੇਗਾ।
ਸ. ਮਾਂਗਟ ਆਪਣੇ ਪਿੱਛੇ ਜੀਵਨ ਸਾਥਣ, ਸਪੁੱਤਰ ਡਾ. ਅਜੈਪਾਲ ਸਿੰਘ ਮਾਂਗਟ , ਨੂੰਹ ਵਰਿੰਦਰ ਮਾਂਗਟ ਤੇ ਪੋਤਰਾ ਕੌਮੀ ਪ੍ਰਸਿੱਧੀ ਪ੍ਰਾਪਤ ਕ੍ਰਿਕਟਰ ਅਧਿਰਾਜ ਸਿੰਘ ਮਾਂਗਟ ਸਮੇਤ ਸੱਜਣਾਂ ਪਿਆਰਿਆਂ ਤੇ ਰਿਸ਼ਤੇਦਾਰਾਂ ਵਿਸ਼ਾਲ ਪਰਿਵਾਰ ਛੱਡ ਗਏ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਵੇਲੇ ਤੋਂ ਹੀ ਉਹ ਯੂਨੀਵਰਸਿਟੀ ਸੇਵਾ ਵਿੱਚ ਆ ਗਏ ਅਤੇ ਉਨ੍ਹਾਂ ਨੂੰ ਡਾ. ਮ ਸ ਰੰਧਾਵਾ ਤੇ ਸ. ਕੁਲਵੰਤ ਸਿੰਘ ਵਿਰਕ ਖੇਤੀ ਗਿਆਨ ਸੂਚਨਾ ਦਾ ਵਿਸ਼ਵਾਸ ਯੋਗ ਸਰੋਤ ਮੰਨਦੇ ਸਨ।
ਚੰਡੀਗੜ੍ਹ ਰੋਡ ਸਥਿਤ ਪਿੰਡ ਰਾਮਗੜ੍ਹ ਦੇ ਜੰਮਪਲ ਸ. ਹਕੀਕਤ ਸਿੰਘ ਮਾਂਗਟ ਪੰਜਾਬੀ ਸਾਹਿੱਤ ਅਕਾਡਮੀ ਦੇ ਵੀ ਸਰਪ੍ਰਸਤ ਸਨ।
ਸ. ਹਕੀਕਤ ਸਿੰਘ ਮਾਂਗਟ ਨੂੰ ਸ਼ਰਧਾਂਜਲੀ ਦੇਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਤੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਮੇਰੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸੇਵਾ 1983 ਵਿੱਚ ਆਉਣ ਵੇਲੇ ਤੋਂ ਲੈ ਕੇ ਹੁਣ ਤੀਕ ਉਹ ਮੇਰੇ ਮਾਰਗ ਦਰਸ਼ਕ ਵੱਡੇ ਭਰਾ ਬਣ ਕੇ ਰਹੇ। ਯੂਨੀਵਰਸਿਟੀ ਸੰਚਾਰ ਕੇਂਦਰ ਵਿੱਚ ਉਨ੍ਹਾਂ ਦਾ ਲਾਇਬਰੇਰੀ ਕਮਰਾ ਸਾਡੇ ਸਭ ਲਈ ਨਿਵੇਕਲਾ ਸਿਖਲਾਈ ਕੇਂਦਰ ਸੀ।

