ਸੀਰੀ ਤੋਂ ਸਰਪੰਚ ਤੱਕ :——— ਲੀਲਾ ਸਿੰਘ ਖਾਲਸਾ ਸੇਖੂਵਾਸ
ਸੁਪਨਿਆਂ ਤੇ ਸੰਸਿਆਂ ਭਰੀ ਜ਼ਿੰਦਗੀ। ਦਿਲ ਦੇ ਬੋਝੇ ਵਿੱਚ ਕੁਝ ਅਰਮਾਨ। ਖਿਆਲਾਂ ਵਿੱਚ ਸੋਚਾਂ ਦਾ ਸਫਰ। ਜਿੰਮੇਵਾਰੀਆਂ ਪਹਾੜ ਵਰਗੀਆਂ। ਘਰੋਂ ਸਵੇਰੇ ਰੋਟੀ ਟੁੱਕ ਖਾਧਾ। ਜਾਣਾ ਉਹ ਸ਼ਹਿਰ ਵੱਲ ਚਾਹੁੰਦਾ ਸੀ ਪਰ ਉਸਨੂੰ ਕੀ ਪਤਾ ਸੀ ਕਿ ਇਹ ਰਾਹ ਕਬਰਸਤਾਨ ਵੱਲ ਜਾ ਰਿਹਾ ਹੈ। ਮੌਤ ਘਰੋਂ ਬੁਲਾ ਲਿਆਈ ਹੈ। ਦਰਿੰਦਿਆਂ ਨੇ ਜ਼ਿੰਦਗੀ ਨੂੰ ਉਸ ਰਾਹੇ ਪਾ ਦਿੱਤਾ ਜਿੱਥੋਂ ਕਦੇ ਕੋਈ ਵਾਪਸ ਨਹੀਂ ਆਇਆ। ਜ਼ਿੰਦਗੀ ਪੀਲੇ ਪੱਤੇ ਵਾਂਗ ਕਿਰ ਜਾਂਦੀ ਕੋਈ ਦੁੱਖ ਨਹੀਂ ਹੋਣਾ ਸੀ ਪਰ ਦਰਿੰਦਿਆਂ ਨੇ ਤਾਂ ਹਰਿਆ ਭਰਿਆ ਬਾਗ਼ ਹੀ ਉਜਾੜ ਸੁੱਟਿਆ। ਰੋਜ਼ਾਨਾ ਦੀ ਤਰ੍ਹਾਂ ਬਾਈ ਲੀਲਾ ਸਿੰਘ ਖਾਲਸਾ ਨੇ ਸ਼ਹਿਰ ਜਾਣ ਲਈ ਮੋਟਰਸਾਈਕਲ ਕੱਢਿਆ। ਪਿੰਡ ਦੇ ਬੱਸ ਅੱਡੇ ਤੋਂ ਅਜੇ ਮਸਾਂ ਇਕ ਕਿਲੋਮੀਟਰ ਦੂਰ ਹੀ ਗਿਆ ਸੀ ਕਿ ਅੱਗੋਂ ਆਉਂਦੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਐਨੀ ਤੇਜ਼ ਸੀ ਕਿ ਮੋਟਰਸਾਈਕਲ ਖੇਤਾਂ ਵਿੱਚ ਬਹੁਤ ਦੂਰ ਜਾ ਡਿੱਗਿਆ। ਲੀਲਾ ਸਿੰਘ ਨੂੰ ਗੱਡੀ ਘਸੀਟਦੀ ਹੋਈ ਦੂਰ ਤੱਕ ਲੈ ਗਈ। ਇਸ ਹਾਦਸੇ ਵਿੱਚ ਉਹਨਾਂ ਦੀ ਇੱਕ ਲੱਤ ਕੱਟੀ ਗਈ। ਪਿੱਛੋਂ ਆ ਰਹੇ ਉਹਨਾਂ ਦੇ ਸਪੁੱਤਰ ਹਰਮੇਲ ਸਿੰਘ ਨੇ ਆਪਣੇ ਪਿਤਾ ਨੂੰ ਸੰਭਾਲਿਆ ਤੇ ਗੱਡੀ ਵਿੱਚ ਪਾ ਕੇ ਸੁਨਾਮ ਵੱਲ ਹੋ ਤੁਰਿਆ। ਪਰ ਲੀਲਾ ਸਿੰਘ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਪ੍ਰਾਣ ਤਿਆਗ ਦਿੱਤੇ। ਲੋਕਾਂ ਦੇ ਦਿਲਾਂ ਉੱਪਰ ਰਾਜ ਕਰਨ ਵਾਲਾ ਅੱਜ ਜ਼ਿੰਦਗੀ ਦੀ ਆਖਰੀ ਬਾਜੀ ਹਾਰ ਗਿਆ। ਮੁਕੱਦਰ ਤੇ ਕੀ ਸ਼ਿਕਵਾ ਜ਼ਿੰਦਗੀ ਨੇ ਹੋਰ ਜਿਉਣ ਦੀ ਮੋਹਲਤ ਨਾ ਦਿੱਤੀ। ਉਸਨੇ ਦੁੱਖ ਤਕਲੀਫਾਂ ਬਹੁਤ ਦੇਖੀਆਂ। ਖੁਸ਼ਕ ਮੌਸਮਾਂ ਦੇ ਚਿਹਰਿਆਂ ਤੇ ਝੁਰੜੀਆਂ ਦੇ ਨਿਸ਼ਾਨ। ਬਚਪਨ ਮੱਝਾਂ ਚਾਰਦਿਆਂ ਗੁਜ਼ਰ ਗਿਆ ਤੇ ਜਵਾਨੀ ਸੀਰੀ ਰਲਦਿਆਂ। ਤਾਏ ਬਸੰਤ ਨੇ ਸਕੂਲ ਤਾਂ ਭੇਜਿਆ ਪਰ ਕਿਸਮਤ ਵਿੱਚ ਅੱਖਰ ਗਿਆਨ ਨਹੀਂ ਸੀ।ਨਿੱਕਾ ਹੁੰਦਾ ਤਾਏ ਦੀ ਉਂਗਲ ਫੜ ਕੇ ਚਲਦਾ ਰਿਹਾ ਜਦੋਂ ਜਦੋਂ ਬਾਪੂ ਦੀ ਉਂਗਲ ਛੱਡੀ। ਮੱਝਾਂ ਮਗਰ ਡੰਡਾ ਲੈ ਤੁਰਿਆ। ਮੱਝਾਂ ਨੂੰ ਟਿੱਬਿਆਂ ਵੱਲ ਚਾਰਨ ਲੈ ਜਾਣਾ। ਪੈਰਾਂ ਵਿੱਚ ਚੱਪਲਾਂ ਹੁੰਦੀਆਂ ਭੱਖੜੇ ਨੇ ਚੁਭ ਜਾਣਾ। ਸ਼ਾਮ ਨੂੰ ਥੱਕ ਹਾਰ ਕੇ ਘਰ ਆਉਣਾ। ਸਾਰਾ ਬਚਪਨ ਇੰਝ ਨਿਕਲ ਗਿਆ। ਜਦੋਂ ਅਠਾਰਾਂ ਵੀਹ ਸਾਲਾਂ ਦਾ ਹੋਇਆ ਜਿੰਮੀਦਾਰਾਂ ਨਾਲ ਸੀਰ ਕਰ ਲਿਆ। ਜਵਾਨੀ ਬਲਦਾਂ ਨਾਲ ਹਲ ਵਾਹੁੰਦਿਆਂ ਨਿਕਲ ਗਈ। ਨਾ ਬਚਪਨ ਦੇ ਰੰਗ ਤਮਾਸ਼ੇ ਹੀ ਦੇਖੇ ਨਾ ਜਵਾਨੀ ਵੇਲੇ ਸੌ਼ੌਕੀਨੀ ਲਾਉਣ ਦਾ ਚਾਅ, ਜ਼ਿੰਦਗੀ ਵਿੱਚ 90 ਵਿਆਂ ਦੇ ਆਸ ਪਾਸ ਮੱਥੇ ਦੀਆਂ ਲਕੀਰਾਂ ਬਦਲ ਗਈਆਂ। ਕਾਲਖਾਂ ਦਾ ਸਮਾਂ ਗੁਜ਼ਰ ਗਿਆ। ਘਰ ਵਿੱਚ ਚਾਨਣ ਦੀਆਂ ਕਿਰਨਾਂ ਦਾ ਆਗਾਜ਼ ਹੋਇਆ। ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਤੇ ਦਲਿਤ ਭਾਈਚਾਰੇ ਵੱਲੋਂ ਪਿੰਡ ਸੇਖੂਵਾਸ ਵਿੱਚ ਮਾਣ ਸਨਮਾਨ ਹਿੱਤ "ਭਗਤ ਰਵਿਦਾਸ ਕਲੱਬ" ਹੋਂਦ ਵਿੱਚ ਆਇਆ। ਲੀਲਾ ਸਿੰਘ ਖਾਲਸਾ ਇਸ ਕਲੱਬ ਦੇ ਮੀਤ ਪ੍ਰਧਾਨ ਬਣੇ। ਸੀਰ ਵੀ ਛੁੱਟ ਗਿਆ ਤੇ ਬਰਕਤਾਂ ਦੇ ਢੇਰ ਵੀ ਲੱਗ ਗਏ। ਪੰਚਾਇਤੀ ਚੋਣਾਂ ਦਾ ਬਿਗੁਲ ਵੱਜ ਗਿਆ। ਦਲਿਤ ਭਾਈਚਾਰੇ ਅਤੇ ਜਿੰਮੀਦਾਰ ਭਾਈਚਾਰੇ ਵੱਲੋਂ ਉਹਨਾਂ ਨੂੰ ਪੰਚਾਇਤ ਮੈਂਬਰ ਲਈ ਸਾਂਝਾ ਉਮੀਦਵਾਰ ਚੁਣ ਲਿਆ ਗਿਆ। ਇਹਨਾਂ ਪੰਚਾਇਤ ਚੋਣਾਂ ਵਿੱਚ ਉਹ ਬਹੁਤ ਵੱਡੇ ਫਰਕ ਨਾਲ ਜੇਤੂ ਰਹੇ।ਪੂਰੇ ਪੰਜ ਸਾਲ ਉਹਨਾਂ ਨੇ ਪੰਚਾਇਤ ਵਿੱਚ ਰਹਿੰਦਿਆਂ ਇਮਾਨਦਾਰੀ ਨਾਲ ਕੰਮ ਕੀਤੇ। ਪਿੰਡ ਦੇ ਨਿੱਕੇ ਮੋਟੇ ਝਗੜੇ ਉਹ ਆਪਣੇ ਆਪ ਹੱਲ ਕਰ ਦਿੰਦੇ। ਪਿੰਡ ਦੇ ਲੋਕ ਵੀ ਉਹਨਾਂ ਉਪਰ ਬਹੁਤ ਵਿਸ਼ਵਾਸ ਕਰਦੇ ਸਨ। ਪਿੰਡ ਸੇਖੂਵਾਸ ਵਿੱਚੋਂ ਜਦੋਂ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇਤਾ ਵਜੋਂ ਉਭਰ ਕੇ ਸਾਹਮਣੇ ਆਏ ਤਾਂ ਲੀਲਾ ਸਿੰਘ ਖਾਲਸਾ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਦੇ ਸੰਪਰਕ ਵਿੱਚ ਆ ਗਏ। ਉਹਨਾਂ ਉਪਰ ਅਕਾਲੀ ਦਲ ਬਾਦਲ ਦਾ ਐਸਾ ਰੰਗ ਚੜ੍ਹਿਆ ਚਿੱਟੇ ਕੁੜਤੇ ਪਜਾਮੇ ਨਾਲ ਟੌਹੜਾ ਰੰਗੀ ਨੀਲੀ ਪੱਗ ਬੰਨਣੀ ਸੁ਼ੁਰੂ ਕਰ ਦਿੱਤੀ। ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਦਾ ਸਾਥ ਤੇ ਨੀਲੀ ਪੱਗ ਅਖੀਰਲੇ ਸਮੇਂ ਤੱਕ ਉਸ ਦੇ ਨਾਲ ਰਹੇ। ਪਿੰਡ ਪੱਧਰ ਤੇ ਅਕਸਰ ਮਨ ਮੁਟਾਵ ਹੁੰਦੇ ਰਹਿੰਦੇ ਹਨ ਪਰ ਉਸਨੇ ਕਦੇ ਦਸਤਾਰਾਂ ਦੇ ਰੰਗ ਨਹੀਂ ਬਦਲੇ। ਜਥੇਦਾਰ ਰਾਮਪਾਲ ਸਿੰਘ ਵੱਲੋਂ ਵੀ ਉਹਨਾਂ ਨੂੰ ਸਮੇਂ ਸਮੇਂ ਸਿਰ ਮਾਣ ਸਨਮਾਨ ਦਿੱਤਾ ਗਿਆ। ਆਪਣੇ ਭਰਾਵਾਂ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ। ਅਗਲੀਆਂ ਪੰਚਾਇਤ ਚੋਣਾਂ ਵਿੱਚ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਂਬਰ ਵਜੋਂ ਜੇਤੂ ਰਹੇ।ਪੰਚਾਇਤ ਚੋਣਾਂ ਦੇ ਤੀਸਰੇ ਪਲਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਮੂਰਤੀ ਕੌਰ ਨੂੰ ਸਰਪੰਚ ਲਈ ਉਮੀਦਵਾਰ ਐਲਾਨਿਆ ਗਿਆ। ਬਹੁਤ ਵੱਡੇ ਫਰਕ ਨਾਲ ਉਹਨਾਂ ਦੀ ਧਰਮਪਤਨੀ ਨੇ ਸਰਪੰਚ ਦੀ ਚੋਣ ਜਿੱਤੀ। ਲੀਲਾ ਸਿੰਘ ਖਾਲਸਾ ਨੇ ਪੂਰੇ ਪੰਜ ਸਾਲ ਅੱਗੇ ਹੋ ਕੇ ਪਿੰਡ ਦੇ ਵਿਕਾਸ ਕਾਰਜ ਕਰਵਾਏ। ਸਾਬਕਾ ਸਰਪੰਚ ਛੱਜੂ ਸਿੰਘ ਅਤੇ ਸਾਬਕਾ ਸਰਪੰਚ ਲਾਭ ਸਿੰਘ ਬਹਿਣੀਵਾਲ ਨਾਲ ਉਹਨਾਂ ਦੀ ਗੂੜ੍ਹੀ ਦੋਸਤੀ ਰਹੀ। ਕਿਤੇ ਵੀ ਜਾਂਦੇ ਇਕੱਠੇ ਜਾਂਦੇ। ਸਰਪੰਚ ਭਾਵੇਂ ਕੋਈ ਵੀ ਹੁੰਦਾ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਦੀ ਅਗਵਾਈ ਵਿੱਚ ਮਿਲ ਕੇ ਕੰਮ ਕਰਦੇ। ਜਥੇਦਾਰ ਬਹਿਣੀਵਾਲ ਜਿੱਥੇ ਵੀ ਜਾਂਦੇ ਲੀਲਾ ਸਿੰਘ ਖਾਲਸਾ ਅਕਸਰ ਉਹਨਾਂ ਨਾਲ ਹੁੰਦੇ।ਲੱਗਭਗ ਚਾਲੀ ਸਾਲ ਪਹਿਲਾਂ ਉਹਨਾਂ ਨੇ ਅੰਮ੍ਰਿਤ ਛਕਿਆ। ਇਸ ਤੋਂ ਬਾਅਦ ਉਹਨਾਂ ਨੇ ਜ਼ਿੰਦਗੀ ਵਿੱਚ ਰੋਟੀ ਤੋਂ ਸਿਵਾਏ ਕੋਈ ਨਸ਼ਾ ਨਹੀਂ ਕੀਤਾ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਇਨਸਾਨ ਸੀ। ਬਾਈ ਲੀਲਾ ਨਾ ਕਦੇ ਥੱਕਿਆ ਨਾ ਕਦੇ ਹਾਰਿਆ। ਜਿਸ ਨਾਲ ਖੜ ਜਾਂਦਾ ਫਿਰ ਪਿੱਛੇ ਮੁੜ ਕੇ ਨਹੀਂ ਦੇਖਦਾ ਸੀ। ਜ਼ਿੰਦਗੀ ਨੂੰ ਅਲਵਿਦਾ ਕਹਿਣ ਤੱਕ ਉਹਨਾਂ ਨੇ ਆਪਣਾ ਕਿਰਦਾਰ ਹਮੇਸ਼ਾ ਸਾਫ ਸੁਥਰਾ ਰੱਖਿਆ।
5 ਅਕਤੂਬਰ 2026 ਦਾ ਉਹ ਕੁਲਹਿਣਾ ਵਕਤ ਸੀ। ਜਦੋਂ ਘਰੋਂ ਸਵੇਰੇ ਉਹ ਸ਼ਹਿਰ ਦੇ ਸਫ਼ਰ ਤੇ ਮੁਸਾਫ਼ਿਰ ਬਣ ਨਿਕਲਿਆ। ਪਿੰਡ ਤੋਂ ਇੱਕ ਕਿਲੋਮੀਟਰ ਤੋਂ ਦੂਰ ਅੱਗਿਉਂ ਆ ਰਹੀ ਕਾਰ ਨੇ ਸਿੱਧੀ ਟੱਕਰ ਮਾਰ ਦਿੱਤੀ। ਜੋ ਦਰਿੰਦੇ ਗੱਡੀ ਵਿੱਚ ਬੈਠੇ ਸਨ ਉਹ ਭੱਜਣ ਵਿੱਚ ਕਾਮਯਾਬ ਹੋ ਗਏ। ਜਦੋਂ ਉਹਨਾਂ ਦੇ ਸਪੁੱਤਰ ਹਰਮੇਲ ਸਿੰਘ ਉਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਰਾਹ ਜਾਂਦਿਆਂ ਉਹਨਾਂ ਦੇ ਪ੍ਰਾਣ ਪੰਖੇਰੂ ਹੋ ਗਏ। ਮੌਤ ਦੀ ਖ਼ਬਰ ਸੁਣਦਿਆਂ ਪਿੰਡ ਸੇਖੂਵਾਸ ਵਿਖੇ ਮਾਤਮ ਛਾ ਗਿਆ। ਪਿੰਡ ਦੇ ਲੋਕਾਂ ਨੇ ਸੁਨਾਮ ਦੇ ਹਸਪਤਾਲ ਵੱਲ ਜਾਣਾ ਸੁ਼ੁਰੂ ਕਰ ਦਿੱਤਾ। ਪਿੰਡ ਦੀ ਪੰਚਾਇਤ ਅਤੇ ਮੋਹਤਬਰਾਂ ਨੂੰ ਥਾਣਾ ਲਹਿਰਾਗਾਗਾ ਵਿਖੇ ਬੁਲਾ ਲਿਆ ਗਿਆ। ਪੋਸਟ ਮਾਰਟਮ ਕਰਾਉਣ ਤੋਂ ਬਾਅਦ ਜਦੋਂ ਮ੍ਰਿਤਕ ਦੇਹ ਪਿੰਡ ਸੇਖੂਵਾਸ ਵਿਖੇ ਲਿਆਂਦੀ ਗਈ ਤਕਾਲਾਂ ਢਲ ਚੁੱਕੀਆਂ ਸਨ। ਹਨੇਰਾ ਹੋ ਗਿਆ ਸੀ। ਪਿੰਡ ਦੀਆਂ ਸੜਕਾਂ ਤੇ ਜਾਮ ਲੱਗ ਗਿਆ ਸੀ। ਪਿੰਡ ਦੀ ਹਰ ਗਲੀ ਮੁਹੱਲੇ ਦਾ ਰਾਹ ਜੋ ਸਿਵਿਆਂ ਵੱਲ ਜਾ ਰਿਹਾ ਸੀ ਵਿੱਚ ਬਹੁਤ ਭੀੜ ਸੀ। ਸ਼ਾਮ ਵੇਲੇ ਜਦੋਂ ਉਹਨਾਂ ਦੇ ਸਪੁੱਤਰ ਸਤਗੁਰ ਸਿੰਘ ਨੇ ਆਪਣੇ ਪਿਤਾ ਦੀ ਦੇਹ ਨੂੰ ਅਗਨੀ ਦਿਖਾਈ। ਇੰਝ ਲੱਗਿਆ ਜਿਵੇਂ ਵਕਤ ਠਹਿਰ ਗਿਆ ਹੁੰਦੈ। ਚੀਕਾਂ , ਕੀਰਨੇ , ਵੈਣ ਦੋ ਪਲ ਲਈ ਖਾਮੋਸ਼ ਹੋ ਗਏ ਹੋਣ।
ਆਪਣੇ ਪਿੱਛੇ ਉਹ ਆਪਣੀ ਪਤਨੀ ਸ੍ਰੀਮਤੀ ਮੂਰਤੀ ਕੌਰ , ਚਾਰ ਸਪੁੱਤਰ ਸਤਗੁਰ ਸਿੰਘ , ਹਰਮੇਲ ਸਿੰਘ , ਕੁਲਦੀਪ ਸਿੰਘ , ਦੇਸਾ ਸਿੰਘ ਅਤੇ ਧੀ ਕਿਰਨਪਾਲ ਕੌਰ ਨੂੰ ਛੱਡ ਗਏ। ਆਪਣੇ ਪਿਤਾ ਦੇ ਹੁੰਦਿਆਂ ਹੋਇਆਂ ਉਹਨਾਂ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੁੰਦੀ ਸੀ। ਘਰ ਅਤੇ ਬਾਹਰਲੇ ਸਾਰੇ ਕੰਮ ਉਹ ਸੰਭਾਲ ਲੈਂਦੇ ਸਨ,ਉਹਨਾਂ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਮੈਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਪਿੰਡ ਪੱਧਰ ਤੇ ਮੇਰੇ ਉਹ ਬਹੁਤ ਸਾਰੇ ਕੰਮ ਖੁਦ ਕਰ ਲੈਂਦੇ ਸੀ। ਖੁ਼ੁਸ਼ੀ ਗਮੀ ਵਿੱਚ ਜੇਕਰ ਮੇਰੇ ਕੋਲੋਂ ਨਾ ਆਇਆ ਜਾਂਦਾ ਉਹ ਰਿਸ਼ਤਿਆਂ ਨੂੰ ਨਿਭਾ ਲੈਂਦੇ। ਮੇਰੇ ਨਾਲ ਉਹਨਾਂ ਨੇ ਬਹੁਤ ਦੁੱਖ ਤਕਲੀਫਾਂ ਕੱਟੀਆਂ। ਇੱਕ ਮੋਢਾ ਸੀ ਜਿਸ ਉੱਤੇ ਸਿਰ ਧਰ ਕੇ ਮੈਂ ਰੋ ਲੈਂਦਾਂ ਸੀ। ਸਾਡੇ ਪੂਰੇ ਪਰਿਵਾਰਾਂ ਦਾ ਉਹ ਮੁਖੀਆ ਸੀ।
13 ਅਕਤੂਬਰ 2026 ਨੂੰ ਪਿੰਡ ਸੇਖੂਵਾਸ ਦੇ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਨਮਿਤ ਸ਼ਰਧਾਂਜਲੀ ਸਮਾਰੋਹ ਹੈ। ਇਸ ਦਿਨ ਪਿੰਡ ਸੇਖੂਵਾਸ ਵਿਖੇ ਉਹਨਾਂ ਦੀਆਂ ਯਾਦਾਂ ਅਤੇ ਜੁਦਾਈ ਦੇ ਮਰਸੀਏ ਪੜ੍ਹੇ ਜਾਣਗੇ। ਉਦਾਸ ਬੈਠੇ ਚਿਹਰਿਆਂ ਸਾਹਮਣੇ ਉਹਨਾਂ ਦੇ ਕੰਮਾਂ ਅਤੇ ਕਿਰਦਾਰ ਬਾਰੇ ਬੋਲਿਆ ਜਾਵੇਗਾ। ਪਰ ਪਿੰਡ ਦੀ ਧਰਤੀ ਤੇ ਅਮਿੱਟ ਯਾਦਾਂ ਦਾ ਹਸਤਾਖਰ ਖੁਦ ਗੈਰਹਾਜ਼ਰ ਹੋਵੇਗਾ।
ਬੇ- ਲਿਬਾਸ ਆਏ ਥੇ ਇਸ ਦੁਨੀਆਂ ਮੇਂ ਗ਼ਾਲਿਬ ,
ਸਿਰਫ ਏਕ ਕਫ਼ਨ ਕੇ ਲਿਏ ਇਤਨਾ ਸਫ਼ਰ ਕਰ ਗਏ—–!

ਗੁਰਮੇਲ ਸਿੰਘ ਸਨੀ ਸੇਖੂਵਾਸ