ਕੱਲ੍ਹ ਰਾਤੀਂ ਜਗਤਾਰ ਭੁੱਲਰ ਦੇ ਯੂ ਟਿਊਬ ਚੈਨਲ “ਅਕਸ”ਤੇ ਉਸ ਦੀ ਨਿੰਦਰ ਘੁਗਿਆਣਵੀ ਨਾਲ ਸਨਮੁੱਖ ਸਿੰਘ ਆਜ਼ਾਦ ਬਾਰੇ ਪੌਡਕਾਸਟ ਸੁਣੀ।
ਬਹੁਤ ਚੰਗਾ ਲੱਗਾ। ਸਨਮੁੱਖ ਸਿੰਘ ਆਜ਼ਾਦ ਦੇਸ਼ ਵੰਡ ਮਗਰੋਂ ਪਾਰੋਂ ਆਏ ਪੋਠੋਹਾਰੀਆੰ ਪਰਿਵਾਰਾਂ ਵਿੱਚੋਂ ਇੱਕ ਸੀ। ਉਸ ਦਾ ਅਨਾਰ ਵਰਗਾ ਚਿਹਰਾ ਸੀ 1971-72 ਵਿੱਚ। ਉਹ ਸਾਡੇ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿੱਚ ਮਹਿੰਦਰ ਸਿੰਘ ਡੰਗੋਰੀ ਨਾਲ ਭੰਗੜਾ ਸਿਖਾਉਣ ਆਉਂਦਾ ਸੀ।
ਮੈਂ ਉਸ ਦੀ ਅਦਾਕਾਰੀ ਦਾ ਕਾਇਲ ਹੋ ਗਿਆ ਜਦ ਉਹ ਵੱਖ ਵੱਖ ਕਬੀਲਿਆਂ ਦੀ ਬੋਲੀ ਤੇ ਅੰਦਾਜ਼ ਨਾਟਕੀ ਅੰਦਾਜ਼ ਵਿੱਚ ਸਾਨੂੰ ਕਾਲਿਜ ਕੈਨਟੀਨ ਵਿੱਚ ਬਹਿ ਕੇ ਸੁਣਾਉਂਦਾ ਤੇ ਵਿਖਾਉਂਦਾ ਹੁੰਦਾ ਸੀ।
ਇੰਦਰਜੀਤ ਹਸਨਪੁਰੀ ਦੀ ਪਲੇਠੀ ਫ਼ਿਲਮ “ਤੇਰੀ ਮੇਰੀ ਇੱਕ ਜਿੰਦੜੀ” ਦੀ ਸ਼ੂਟਿੰਗ ਵੇਲੇ ਚੂੜੀਆਂ ਵੇਚਦੇ ਵਣਜਾਰੇ ਦੇ ਸਰੂਪ ਵਿੱਚ ਨਰਿੰਦਰ ਬੀਬਾ ਜੀ ਦੀ ਪੀਲ਼ੀ ਕੋਠੀ ਦੇ ਬਾਹਰ ਲੱਗੇ ਮੇਲੇ ਦੇ ਦ੍ਰਿਸ਼ ਵਿੱਚ ਵੇਖਿਆ।
ਇਸ ਫਿਲਮ ਵਿੱਚ ਸਾਡੇ ਕਾਲਿਜ ਦੇ ਮੁੰਡਿਆਂ ਨੇ ਵੀ ਭੰਗੜਾ ਪਾਉਣਾ ਸੀ। ਮੈਂ ਤੇ ਸ਼ਮਸ਼ੇਰ ਤਾਂ ਭੱਗੜੇ ਦੀ ਸ਼ੂਟਿੰਗ ਵੇਖਣ ਗਏ ਸਾਂ।
ਭੰਗੜੇ ਵਿੱਚ ਸਨਮੁੱਖ ਸਿੰਘ ਆਜ਼ਾਦ ਕੌਮੀ ਤੇ ਕੌਮਾਂਤਰੀ ਸਟੇਜਾਂ ਤੇ ਨੱਚਿਆ। ਉਹ ਉਦੋਂ ਤੀਹ ਪੈਂਤੀ ਸਾਲ ਤੋਂ ਵੱਧ ਨਹੀਂ ਸੀ। ਬੜੀ ਹੱਦ ਚਾਲੀ ਦਾ ਹੋਵੇਗਾ।
ਭਾਜੀ ਮਾਸਟਰ ਹਰਭਜਨ ਸਿੰਘ ਖੋਖਰ ਫੌਜੀਆਂ ਵਾਲੇ, ਹਰਪਾਲ ਟਿਵਾਣਾ,ਸ. ਹਰਜੀਤ ਸਿੰਘ ਬੇਦੀ, ਹਰਭਜਨ ਸਿੰਘ ਜੁਗਨੀ, ਮਹਿੰਦਰ ਸਿੰਘ ਡੰਗੋਰੀ, ਬੇਅੰਤ ਸਿੰਘ, ਗੁਰਚਰਨ ਸਿੰਘ ਚੰਨੀ ਤਾਕੁਲੀਆ,ਬਲਵਿੰਦਰ ਕਾਹਲੋਂ, ਸ਼ੀਤਲ ਸਿੰਘ ਗਿੱਲ, ਸੁਰਜੀਤ ਗਿੱਲ, ਬਿੰਦੀ ਭਾ ਜੀ ਫਰੀਦਕੋਟ, ਤਰਲੋਚਨ ਸ਼ੇਰਗਿੱਲ ਨਾਲ ਭੰਗੜਾ ਪਾਉਣ ਉਹ ਕਈ ਸਾਲ ਰਿਪਬਲਿਕ ਡੇ ਪਰੇਡ ਤੇ ਪੰਜਾਬ ਵੱਲੋਂ ਜਾਂਦਾ ਰਿਹਾ। ਸ. ਭਾਗ ਸਿੰਘ ਡਿਪਟੀ ਡਾਇਰੈਕਟਰ ਪਬਲਿਕ ਰੀਲੇਸ਼ਨਜ਼ ਜੀ ਦਾ ਉਹ ਵਿਸ਼ੇਸ਼ ਚਹੇਤਾ ਸੀ।
ਸ. ਭਾਗ ਸਿੰਘ ਦੇ ਸਹੁਰੇ ਲੁਧਿਆਣੇ ਹੋਣ ਕਾਰਨ ਸਨਮੁੱਖ ਸਿੰਘ ਆਜ਼ਾਦ ਹਮੇਸ਼ ਸੇਵਾ ਵਿੱਚ ਹਾਜ਼ਰ ਵੇਖਿਆ। ਬਹੁਤ ਲਚਕੀਲਾ ਸਰੀਰ ਸੀ ਉਹਦਾ। ਸੁਭਾਅ ਓਨਾ ਹੀ ਕਰੜਾ। ਮਨ ਮੌਜੀ ਸੀ ਬੇਹੱਦ। ਉਹ ਕਈ ਕਈ ਮਹੀਨੇ ਬੰਬਈ ਲਾ ਆਉਂਦਾ। ਪਰਤ ਕੇ ਵੰਨ ਸੁਵੰਨੀਆਂ ਸਾਖੀਆਂ ਸੁਣਾਉਂਦਾ।
ਉਸ ਦੇ ਭੰਗੜਾ ਸਰੂਪ ਦੇ ਕਈ ਕੰਪਨੀਂਆਂ ਵੱਲੋਂ ਕੈਲੰਡਰ ਛਪਦੇ। ਉਹ ਕਈ ਮਹੀਨੇ ਵਿਖਾਉਂਦਾ ਰਹਿੰਦਾ।
ਇਹ ਸੱਚ ਹੈ ਕਿ ਉਸ ਬਹੁਤ ਸਾਰੇ ਗੀਤ ਲਿਖੇ ਰੀਕਾਰਡ ਵੀ ਕਹਿੰਦੇ ਕਹਾਉਂਦੇ ਗਾਇਕਾਂ ਨੇ ਕਰਵਾਏ ਪਰ ਜਿੰਨੇ ਤੇ ਜਿਹੜੇ ਗੀਤ ਉਹ ਦੱਸਦਾ ਹੈ ਉਸ ਵਿੱਚ ਬਹੁਤ ਕੁਝ ਮੰਨਣਯੋਗ ਨਹੀਂ। ਉਹ 1947 ਦੀ ਦੇਸ਼ ਵੰਡ ਵੇਲੇ ਅਜੇ ਬੱਚਾ ਸੀ। ਹਰ ਵੱਡੇ ਗਾਇਕ ਦੇ ਹਵਾਲੇ ਨਾਲ ਬਹੁਤੀਆਂ ਗੱਲਾਂ ਉਸ ਦੇ ਦੱਸੇ ਦਸਾਏ ਨਾਲ ਮੇਲ਼ ਨਹੀਂ ਖਾਂਦੀਆਂ।
1975-76 ਵੇਲੇ ਉਹ ਬੱਸ ਸਟੈਂਡ ਸਾਹਮਣੇ ਗਾਇਕਾਂ ਦੇ ਚੁਬਾਰਿਆਂ ਵਿੱਚ ਅਕਸਰ ਮਿਲਦਾ। ਖੜ੍ਹਾ ਖਲੋਤਾ ਸਥਿਤੀ ਮੁਤਾਬਕ ਗੀਤ ਲਿਖ ਲੈਂਦਾ ਸੀ। ਇਹ ਤਾਂ ਮੈਂ ਖੁਦ ਬਹੁਤ ਵਾਰ ਵੇਖਿਆ।
ਕੇ ਦੀਪ ਜਗਮੋਹਨ ਕੌਰ ਦੀਆਂ ਕਾਮੇਡੀ ਕੈਸਿਟਸ ਤੋਂ ਪਹਿਲਾਂ ਉਹ ਚੰਡੀਗੜ੍ਹ ਵਾਲੇ ਸ. ਐੱਸ ਪੀ ਸਿੰਘ ਨਾਲ ਬੰਬਈ ਜਾ ਕੇ ਕਾਮੇਡੀ ਪ੍ਰੋਗ਼ਾਮ ਵੀ ਕਰਦਾ ਸੀ ਵੈਸਾਖੀ ਨਾਈਟ ਤੇ ਜਾ ਕੇ। ਸੁਰਿੰਦਰ ਸ਼ਿੰਦਾ ਦੇ ਦਫ਼ਤਰ ਵਿੱਚ ਉਹ ਕਈ ਵਾਰ ਸੌਂ ਵੀ ਜਾਂਦਾ ਸੀ। ਇਹ ਉਸ ਦੇ ਸ਼ਰਾਬ ਨਾਲ ਸਨੇਹ ਵਧਣ ਤੋਂ ਬਾਦ ਦੀਆਂ ਗੱਲਾਂ ਨੇ।
ਸ. ਜਗਦੇਵ ਸਿੰਘ ਜੱਸੋਵਾਲ ਨੇ ਉਸ ਦਾ ਬੁਢਾਪਾ ਸਾਂਭਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਉਹ ਆਦਤਾਂ ਦਾ ਗੁਲਾਮ ਹੋ ਚੁੱਕਾ ਸੀ।
ਉਹ ਪਰਿਵਾਰ ਤੇ ਸੰਸਾਰ ਨਾਲੋਂ ਟੁੱਟ ਚੁੱਕਾ ਸੀ। ਉਸ ਦੀ ਜੇ ਕੋਈ ਕਦਰ ਕਰਨੀ ਵੀ ਚਾਹੁੰਦਾ ਸੀ ਤਾਂ ਉਹ ਆਕੜ ਜਾਂਦਾ।
ਉਸ ਦੇ ਆਖ਼ਰੀ ਸਾਲਾਂ ਵਿੱਚ ਦਰਦ ਹੀ ਦਰਦ ਸੀ। ਉਸ ਨੂੰ ਆਪਣੇ ਆਪ ਤੇ ਗੁੱਸਾ ਵੀ ਆਉਂਦਾ। ਮਾੜੀਆਂ ਆਦਤਾਂ ਕਾਰਨ ਯਾਰ ਬੇਲੀ ਵੀ ਟਲਣ ਲੱਗ ਪਏ ਸਨ। ਮਿੱਤਰ ਵੀ ਕੀ ਕਰਦੇ? ਜਿਸ ਦਾ ਸਿਖਰ ਵੇਖਿਆ ਹੋਵੇ ਉਸ ਨੂੰ ਗ਼ਰਕਦਾ ਵੇਖਣਾ ਬਹੁਤ ਦੁਖਦਾਈ ਹੁੰਦਾ ਹੈ।
ਉਹ ਮੇਰੇ ਕੋਲ ਆਪਣੇ ਸ਼ਾਗਿਰਦ ਗੁਰਸੇਵਕ ਸਿੰਘ ਥਰੀ ਕੇ ਨੂੰ ਲੈ ਕੇ ਆਮ ਆ ਜਾਂਦਾ ਸੀ। ਪੈਦਲ ਸਵਾਰ ਜਾਂ ਸਾਈਕਲ ਤੇ। ਗੁਰਸੇਵਕ ਨੇ ਉਸ ਤੋਂ ਲਗਪਗ ਸਾਰੇ ਗੀਤ ਰਜਿਸਟਰਾਂ ਵਿੱਚ ਉਤਾਰ ਲਏ ਸਨ। ਉਹਨੀਂ ਦਿਨੀਂ ਉਸ ਦੇ ਗੀਤਾਂ ਦੀ ਕਿਤਾਬ ਛਾਪਣ ਦੀ ਯੋਜਨਾਕਾਰੀ ਚੱਲ ਰਹੀ ਸੀ।
ਹੁਣ ਪਤਾ ਨਹੀਂ ਕਿ ਉਹ ਰਜਿਸਟਰ ਕਿੱਥੇ ਹਨ? ਗੁਰਸੇਵਕ ਥਰੀ ਕੇ ਵੀ ਹੁਣ ਕਦੇ ਮਿਲਿਆ ਨਹੀਂ। ਹੋ ਸਕਦੈ ਉਸ ਦੇ ਕਮਰੇ ਵਿੱਚ ਲੱਗੀ ਅੰਗ ਵੇਲ਼ੇ ਸੜ ਬਲ਼ ਗਏ ਹੋਣ ਇਹ ਰਜਿਸਟਰ ਵੀ।
ਰਿਸ਼ੀ ਨਗਰ ਵਿੱਚ ਉਸ ਦਾ ਨਿੱਕਾ ਜਿਹਾ ਇੱਕ ਕਮਰੇ ਦਾ ਘਰ ਹੀ ਉਸ ਦਾ ਸਿਵਾ ਬਣ ਗਿਆ। ਅੰਗੀਠੀ ਨਾਲ ਰਜਾਈ ਦਾ ਪੱਲਾ ਛੁਹ ਗਿਆ ਜਾਂ ਕੋਈ ਹੋਰ ਅੰਗ ਉਸ ਨੂੰ ਲੂਹ ਗਈ, ਇਹ ਬੁਝਾਰਤ ਹੈ।
ਸ. ਜਗਦੇਵ ਸਿੰਘ ਜੱਸੋਵਾਲ ਨੇ ਆਪਣੇ ਯਤਨਾਂ ਨਾਲ ਉਸ ਨੂੰ ਬਹੁਤ ਵਾਰ ਸਹੀ ਰਸਤੇ ਲਿਆਉਣ ਦੇ ਯਤਨ ਕੀਤੇ ਪਰ ਉਹ ਅੱਥਰਾ ਅਮੋੜ ਦਰਿਆ ਸੀ।
ਪਰਿਵਾਰ ਨਾਲੋਂ ਕਿਉਂ ਤੇ ਕਦੋਂ ਟੁੱਟਿਆ? ਇਹ ਵੀ ਸਾਡੇ ਇਲਮ ਤੋਂ ਬਾਹਰੀ ਗੱਲ ਹੈ।
ਹਾਂ ਇਹ ਗੱਲ ਬਹੁਤ ਸਪੱਸ਼ਟ ਹੈ ਕਿ ਉਸ ਦਾ ਪਰਿਵਾਰ ਸਮਰਥਾਵਾਨ ਤੇ ਸਤਿਕਾਰਤ ਸੀ, ਲਿੱਸਾ ਨਿਤਾਣਾ ਨਹੀਂ। ਉਸਤਾਦ ਜਸਵੰਤ ਭੰਵਰਾ ਵੀ ਉਸ ਦੇ ਬੇਹੱਦ ਕਦਰਦਾਨ ਸਨ। ਨੈਸ਼ਨਲ ਮਿਊਜ਼ਿਕ ਕਾਲਿਜ ਘੰਟਾ ਘਰ ਚੌਂਕ ਲੁਧਿਆਣਾ ਵਿੱਚ ਉਹ ਅਕਸਰ ਮਿਲਦਾ।
ਘੁੰਡ ਵਿੱਚ ਨਹੀਂ ਲੁਕਦੇ
ਸੱਜਣਾਂ ਨੈਣ ਕੁਆਰੇ
ਦੀ ਤਰਜ਼ ਵੀ ਭੰਵਰਾ ਜੀ ਨੇ ਹੀ ਬਣਾਈ ਸੀ। ਹੋਰ ਵੀ ਅਨੇਕਾਂ ਗੀਤ ਉਸ ਦੀ ਅਜ਼ਮਤ ਨੂੰ ਵਡਿਆਉਂਦੇ ਹਨ।
ਕੱਲ੍ਹ ਰਾਤ ਇਹ ਮੁਲਾਕਾਤ ਸੁਣ ਕੇ ਬਹੁਤ ਕੁਝ ਉੱਘੜ ਦੁੱਗੜਾ ਚੇਤੇ ਆਇਆ।
▪️ਗੁਰਭਜਨ ਗਿੱਲ

