*ਮੰਤਰੀ ਸੌਂਦ ਦਾ ਵਿਰੋਧੀ ਪਾਰਟੀਆਂ ’ਤੇ ਤਿੱਖਾ ਹਮਲਾ, ਬੋਲੇ- ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਸ਼ਹਿਰ ਦਾ ਵਿਕਾਸ ਕਰਨ ਦੀ ਬਜਾਏ ਆਮ ਲੋਕਾਂ ਨੂੰ ਕੀਤਾ ਗਿਆ ਪਰੇਸ਼ਾਨ, ‘ਆਪ’ ਸਰਕਾਰ ਵਿੱਚ ਤੇਜ਼ੀ ਨਾਲ ਹੋ ਰਹੇ ਹਨ ਵਿਕਾਸ ਕਾਰਜ*
ਖੰਨਾ, 30 ਅਕਤੂਬਰ:(ਵਰਲਡ ਪੰਜਾਬੀ ਟਾਈਮਜ਼)
ਖੰਨਾ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਗਤੀ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਖੰਨਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਨੇ ਵਾਰਡ ਨੰਬਰ 7 (ਪੁਰਾਣਾ ਵਾਰਡ ਨੰਬਰ 5) ਵਿੱਚ ਸਰਕਾਰੀ ਸਕੂਲ ਤੋਂ ਰੱਤਣਹੇੜੀ ਰੋਡ ਤੱਕ 31.24 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਨਵੇਂ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਸਨ।
ਇਸ ਮੌਕੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਬਣਨ ਤੋਂ ਬਾਅਦ ਖੰਨਾ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੀ ਹੈ। ਸ਼ਹਿਰ ਵਿੱਚ ਲੰਬੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਮੁੜ ਸ਼ੁਰੂ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਨਵੇਂ ਵਿਕਾਸ ਪ੍ਰੋਜੈਕਟ ਵੀ ਜੰਗੀ ਪੱਧਰ ’ਤੇ ਮੁਕੰਮਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦਾ ਉਦੇਸ਼ ਸ਼ਹਿਰ ਦੇ ਹਰੇਕ ਵਾਰਡ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ।
ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਮੰਤਰੀ ਸੌਂਦ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਦੇ ਕਾਰਜਕਾਲ ਵਿੱਚ ਵਿਕਾਸ ਕਾਰਜ ਕਰਵਾਉਣ ਦੀ ਬਜਾਏ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਨਗਰ ਕੌਂਸਲ ਸ਼ਹਿਰ ਦੇ ਵਿਕਾਸ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਜ਼ਮੀਨੀ ਪੱਧਰ ’ਤੇ ਪੂਰਾ ਕਰਨਾ ਹੀ ਉਨ੍ਹਾਂ ਦੀ ਮੁੱਖ ਤਰਜੀਹ ਹੈ।
ਮੰਤਰੀ ਸੌਂਦ ਨੇ ਕਿਹਾ ਕਿ ਖੰਨਾ ਸ਼ਹਿਰ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਹਰੇਕ ਵਾਰਡ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਏ ਜਾਣਗੇ, ਤਾਂ ਜੋ ਸ਼ਹਿਰ ਵਾਸੀਆਂ ਨੂੰ ਬਿਹਤਰ ਸੜਕਾਂ, ਬੁਨਿਆਦੀ ਸਹੂਲਤਾਂ ਅਤੇ ਸਾਫ਼-ਸੁਥਰਾ ਵਾਤਾਵਰਣ ਮਿਲ ਸਕੇ। ਉਨ੍ਹਾਂ ਕਿਹਾ ਕਿ ਵਿਕਾਸ ਦੀ ਇਹ ਰਫ਼ਤਾਰ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਜਾਰੀ ਰਹੇਗੀ।
ਇਸ ਮੌਕੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ, ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ, ਮੀਤ ਪ੍ਰਧਾਨ ਕਰਮਜੀਤ ਸਿਫ਼ਤੀ, ਈਓ ਚਰਨਜੀਤ ਸਿੰਘ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ, ਪਾਰਟੀ ਵਰਕਰ ਅਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।

