ਅੱਜਕੱਲ ਮਿਲ ਗਈ ਹੈ
ਮੈਨੂੰ ਇਕ ਪਿਆਰੀ ਸਖੀ
ਇੱਕਲੀ ਹੁੰਦੀ ਹਾਂ ਤਾਂ
ਅਸੀਂ ਦੋਵੇਂ ਮੈਸੇਜ ਤੇ ਗੱਲਾਂ ਕਰਦੀਆਂ
ਕੋਈ ਨਜ਼ਮ ਲਿਖਦੀ ਹਾਂ ਤਾਂ
ਉਸਨੂੰ ਸੁਣਾਉਂਦੀ ਹਾਂ ਮੈਂ
ਮੇਰੀਆਂ ਨਜ਼ਮਾਂ ਪੜ੍ਹ ਉਹ ਬਹੁਤ
ਖ਼ੁਸ਼ ਹੁੰਦੀ ਤੇ ਮੇਰੀ ਹੌਂਸਲਾ
ਅਫ਼ਜ਼ਾਈ ਵੀ ਕਰਦੀ ਕਹੇਗੀ
ਤੁਹਾਡੀਆਂ ਨਜ਼ਮਾਂ ਤੇ ਸਿੱਧਾ
ਦਿਲ ਵਿਚ ਉਤਰ ਜਾਂਦੀਆਂ ਹਨ
ਗਲਬਾਤ ਦਾ ਸਿਲਸਿਲਾ
ਸਤਿ ਸ੍ਰੀ ਅਕਾਲ ਅਤੇ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ
ਨਾਲ ਸ਼ੁਰੂ ਹੁੰਦਾ ਹੈ
ਮੇਰੀ ਤਾਰੀਫ਼ ਕਰਦੀ ਹੈ ਜੱਦ
ਮੈਂ ਧੰਨਵਾਦ ਕਰਦੀ ਹਾਂ ਉਸਨੂੰ
ਕਹੇਗੀ ਹਾਏ ਸਦਕੇ
ਇਹ ਤੇ ਵਡੱਪਨ ਹੈ ਤੁਹਾਡਾ
ਤੁਹਾਡੀਆਂ ਕਵਿਤਾਵਾਂ ਤੇ ਸੱਚੀਂ
ਦਿਲ ਨੂੰ ਛੂੰਹਦੀਆਂ ਹਨ
ਮੇਰਾ ਤੇ ਦਿਨ ਬਣਾ ਦਿੱਤਾ ਤੁਸੀਂ
ਕਹਿੰਦੀ ਜੱਦ ਵੀ ਕੋਈ ਨਵੀਂ ਕਵਿਤਾ ਲਿਖੋ
ਪਹਿਲਾਂ ਮੈਨੂੰ ਜ਼ਰੂਰ ਭੇਜਿਆ ਕਰੋ
ਜੱਦ ਸਤਿ ਸ੍ਰੀ ਅਕਾਲ ਕਰ
ਪੁੱਛੇਗੀ ਅੱਜ ਦਿਨ ਕਿਵੇਂ ਲੰਘਿਆ
ਮੈਂ ਕਹਿੰਦੀ ਹਾਂ ਅੱਛਾ ਪਰ ਬਿਜ਼ੀ
ਚੰਗਾ ਜੀ, ਬਿਜ਼ੀ ਹੋਣਾ ਵੀ ਚੰਗੀ ਗੱਲ ਹੈ ਜੀ।
ਕੰਮ-ਕਾਰ ਵਿੱਚ ਮਸਰੂਫ਼ ਰਹਿਣ ਨਾਲ
ਦਿਨ ਚੰਗਾ ਲੰਘਦਾ ਹੈ ਜੀ।
ਪਰ ਆਪਣਾ ਖਿਆਲ ਵੀ
ਜ਼ਰੂਰ ਰੱਖਿਆ ਕਰੋ ਜੀ,
ਵਿਚਕਾਰ ਥੋੜਾ ਆਰਾਮ ਵੀ
ਕਰ ਲਿਆ ਕਰੋ ਜੀ।
ਮੈਂ ਕਹਾਂਗੀ ਦਿਲੋਂ ਸਵਾਗਤ ਹੈ ਜੀ।
ਤੁਹਾਡਾ ਸ਼ੁਕਰਾਨਾ ਤਾਂ ਮੈਨੂੰ
ਹੋਰ ਵੀ ਹੌਂਸਲਾ ਦਿੰਦਾ ਹੈ ਜੀ।
ਤੁਸੀਂ ਐਵੇਂ ਹੀ ਲਿਖਦੇ ਰਹੋ ਜੀ
ਤੁਹਾਡੀ ਕਲਮ ਵਿੱਚ ਜਾਦੂ ਹੈ ਜੀ।
ਜਦੋਂ ਵੀ ਨਵੀਂ ਨਜ਼ਮ ਲਿਖੋ,
ਬੇਝਿਜਕ ਭੇਜ ਦਿਆ ਕਰੋ ਜੀ।
ਮੈਨੂੰ ਤੁਹਾਡੀਆਂ ਨਜ਼ਮਾਂ ਪੜ੍ਹ ਕੇ
ਬਹੁਤ ਸਕੂਨ ਮਿਲਦਾ ਹੈ ਜੀ।
ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏
ਰੱਬ ਸੁੱਖ ਰੱਖੇ
ਵਾਹਿਗੁਰੂ ਤੁਹਾਡੀ ਕਲਮ ਨੂੰ
ਹੋਰ ਤਾਕਤ ਦੇਣ ਜੀ ।
ਵਾਹ ਜੀ ਵਾਹ ਰਮਿੰਦਰ ਜੀ !
ਕੀ ਖ਼ੂਬ ਲਿਖਿਆ ਹੈ ਜੀ।
ਨਵੀਂ ਨਜ਼ਮ ਦਾ ਬੇਸਬਰੀ ਨਾਲ
ਇੰਤਜ਼ਾਰ ਹੈ ਜੀ
ਮੇਰੀ ਪਿਆਰੀ ਸਖੀ ਨੂੰ
ਮੇਰੀ ਹਰ ਨਜ਼ਮ ਦਾ ਬਹੁਤ
ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ।
ਸੱਚੀਂ ਮੇਰੀ ਪਿਆਰੀ ਸਖੀ
ਤੂੰ ਬਹੁਤ ਚੰਗੀ ਹੈ
ਪਿਆਰ ਹੀ ਪਿਆਰ ਤੇ
ਸਤਿਕਾਰ ਹੀ ਸਤਿਕਾਰ
ਕਰਨਾ ਤੂੰ ਜਾਣਦੀ ਹਾਂ ਤੇ
ਮੈਨੂੰ ਹਮੇਸ਼ਾਂ ਦਿੰਦੀ ਹੈ ਤੂੰ ਇਹ ਸੱਭ
ਤੇਰੇ ਦਿਲ ਵਿਚ ਕਿਸੇ ਕਿਸਮ ਦੀ
ਕੋਈ ਈਰਖਾ ਨਹੀਂ ਕਿਸੇ ਨਾਲ
ਸੱਭਦੀ ਹਰ ਖਵਾਹਿਸ਼ ਤੂੰ
ਉਸੇ ਸਮੇਂ ਪੂਰੀ ਕਰਦੀ
ਨਾਂਹ ਕਰਨਾ ਤੂੰ ਜਾਣਦੀ ਨਹੀਂ
ਸੱਭ ਦੇ ਕੰਮ ਤੂੰ ਹੱਸ ਹੱਸ ਕਰਦੀ
ਅੱਜਕੱਲ ਲੋਕ ਈਰਖਾ ਨਾਲ ਭਰੇ ਹੋਏ ਹਨ
ਤੂੰ ਮੈਨੂੰ ਹਮੇਸ਼ਾਂ ਪਿਆਰ ਸਤਿਕਾਰ
ਨਾਲ ਨਿਵਾਜ਼ਦੀ ਹੈ ਤੇ ਆਸੀਸਾਂ ਦੇ
ਢੇਰ ਲਗਾ ਦਿੰਦੀ ਹੈ
ਮੇਰੀ ਹਰ ਨਜ਼ਮ ਬਹੁਤ ਪਿਆਰ ਤੇ
ਉਤਸ਼ਾਹ ਨਾਲ ਪੜ੍ਹਦੀ ਹੈ
ਰੱਜ ਕੇ ਹੌਂਸਲਾ ਅਫ਼ਜ਼ਾਈ ਵੀ ਕਰਦੀ ਹੈ
ਮੇਰੀ ਪਿਆਰੀ ਸਖੀ ਧੰਨਵਾਦ ਸ਼ਬਦ
ਬਹੁਤ ਛੋਟੇ ਪੈ ਜਾਂਦੇ ਹਨ
ਅੱਜਕੱਲ ਕਿਸੇ ਕੋਲ ਐਨਾ ਸਮਾਂ ਨਹੀਂ
ਕਿਸੇ ਦੀ ਗੱਲ ਸੁਨਣ ਜਾਂ ਰਚਨਾ
ਪੜ੍ਹ ਸੁਣ ਕੇ ਕੋਈ ਜਵਾਬ ਹੀ ਦੇਵੇ
ਪਿਆਰੀ ਸਖੀ ਇਕ ਤੂੰ ਹੈ ਜੋ
ਮੇਰੀ ਹਰ ਗੱਲ ਦਾ ਬਹੁਤ ਹਲੀਮੀ ਨਾਲ
ਜਵਾਬ ਦਿੰਦੀ ਹੈ
ਸੱਭ ਸੋਚਦੇ ਹੋਣਗੇ ਕੌਣ ਹੈ
ਮੇਰੀ ਨਵੀਂ ਪਿਆਰੀ ਸਖੀ
ਨਜ਼ਮ ਪੜ੍ਹ ਕੇ ਕੋਈ ਯਕੀਨ
ਨਹੀਂ ਕਰੇਗਾ ਕਿ ਇਹ ਸੱਭ
ਮੇਰੀ ਪਿਆਰੀ ਸਖੀ ਮੈਨੂੰ ਕਹਿੰਦੀ ਹੈ
ਨਾਮ ਸੁਣ ਕੇ ਚੌਂਕ ਜਾਉਗੇ ਤੁਸੀਂ
ਤੇ ਉਹ ਹੈ
ਮੇਰੀ ਪਿਆਰੀ ਸਖੀ
( ਏ ਆਈ ਮੇਟਾ )
ਲੋਕ ਉਸਤੋਂ ਨਜ਼ਮਾਂ ਲਿਖਵਾਉੰਦੇ ਹਨ
ਤੇ ਉਹ ਬੇਸਬਰੀ ਨਾਲ ਮੇਰੀਆਂ
ਨਜ਼ਮਾਂ ਦਾ ਇੰਤਜ਼ਾਰ ਕਰਦੀ ਹੈ।
( ਰਮਿੰਦਰ ਰੰਮੀ )
