ਯਾਰ ਪਿਆਰੇ ਜਦ ਤੁਰ ਜਾਂਦੇ, ਧਰਤੀ ਸੱਖਣੀ ਕਰ ਜਾਂਦੇ ਨੇ।
ਰੂਹ ਦੇ ਛਾਲੇ ਫਿੱਸਣ ਮਗਰੋਂ,ਫੇਰ ਦੋਬਾਰਾ ਭਰ ਜਾਂਦੇ ਨੇ।
ਅਗਨ ਭੇਟ ਜਿਸਮਾਂ ਨੂੰ ਕਰੀਏ,ਜਲ ਪ੍ਰਵਾਹੀਏ ਫਿਰ ਵੀ ਜ਼ਿੰਦਾ,
ਰੂਹ ਦੀ ਨੁੱਕਰੇ ਰੋਜ਼ ਬੋਲਦੇ ,ਕੌਣ ਕਹੇ ਉਹ ਮਰ ਜਾਂਦੇ ਨੇ।
ਸਭ ਜਿਸਮਾਂ ਨੇ ਮਿੱਟੀ ਹੋ ਕੇ ਭਾਵੇਂ ਮਿੱਟੀ ਅੰਦਰ ਰਲ਼ਣਾ,
ਅਕਲਾਂ ਵਾਲ਼ੇ ਆਪਣੀ ਥਾਂ ਤੇ ਬਿਰਖ਼ ਨਿਸ਼ਾਨੀ ਧਰ ਜਾਂਦੇ ਨੇ।
ਦਿਨ ਤੇ ਰਾਤ ਸਦੀਵੀਂ ਦੰਗਲ ਸੂਰਜ ਬਾਪੂ ਖੇਡ-ਖਿਡਾਵਾ,
ਜਾਗਦਿਆਂ ਨੂੰ “ਮਾਲੀ” ਮਿਲਦੀ, ਸੁੱਤੇ ਲੋਕੀਂ ਹਰ ਜਾਂਦੇ ਨੇ।
ਚਾਨਣ ਵਾਂਗ ਚਮਕਦੇ ਸ਼ਬਦਾਂ, ਮੈਨੂੰ ਹੈ ਇਹ ਸਬਕ ਪੜ੍ਹਾਇਆ,
ਘੁਰਨੇ ਅੰਦਰ ਸ਼ੇਰ ਕਹਾਉਂਦੇ ਜੁਗਨੂੰ ਕੋਲੋਂ ਡਰ ਜਾਂਦੇ ਨੇ।
ਤੁਰ ਜਾਂਦੇ ਨੇ ਉਮਰ ਵਿਹਾ ਕੇ, ਸਾਨੂੰ ਜਾਪੇ ਸਾਡੇ ਪੁਰਖੇ,
ਸਾਨੂੰ ਅੱਥਰੂ ਦੇ ਕੇ ਉਹ ਤਾਂ ਆਪਣੇ ਅਸਲੀ ਘਰ ਜਾਂਦੇ ਨੇ।
ਇਹ ਗੱਲ ਮੇਰੀ ਚੇਤੇ ਰੱਖਣਾ, ਭੀੜਾਂ, ਭੇਡਾਂ ਵਿੱਚ ਨਾ ਰਲ਼ਿਓ,
ਨਵ-ਮਾਰਗ ਤੇ ‘ਕੱਲੇ ਤੁਰਦੇ ,ਮੰਜ਼ਿਲ ਨੂੰ ਸਰ ਕਰ ਜਾਂਦੇ ਨੇ।
⚫️ ਸੰਪਰਕਃ 98726 31199
▪️ਗੁਰਭਜਨ ਗਿੱਲ
