ਲੁਧਿਆਣਾ 17 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਉੱਘੇ ਪੌਦਾ ਰੋਗ ਮਾਹਿਰ ਡਾ. ਜਗਜੀਤ ਸਿੰਘ ਲੋਰੇ ਨੂੰ ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਦਾ ਮੁਖੀ ਥਾਪਿਆ ਗਿਆ ਹੈ| ਪਿਛਲੇ 26 ਸਾਲਾਂ ਤੋਂ ਡਾ. ਲੋਰੇ ਨੇ ਵਿਸ਼ੇਸ਼ ਤੌਰ ਤੇ ਝੋਨੇ ਦੀਆਂ ਬਿਮਾਰੀਆਂ ਦੇ ਅਧਿਐਨ ਅਤੇ ਉਹਨਾਂ ਦੀ ਰੋਕਥਾਮ ਲਈ ਵੱਡਮੁੱਲਾ ਕਾਰਜ ਕੀਤਾ ਹੈ|
ਸੰਨ 2000 ਵਿਚ ਪੌਦਾ ਰੋਗ ਵਿਗਿਆਨੀ ਵਜੋਂ ਪੀ.ਏ.ਯੂ. ਦਾ ਹਿੱਸਾ ਬਣਨ ਤੋਂ ਲੈ ਕੇ ਉਹਨਾਂ ਨੇ ਬਹੁਤ ਅਹਿਮ ਕਾਰਜ ਨੂੰ ਅੰਜਾਮ ਦਿੱਤਾ ਜਿਨ੍ਹਾਂ ਵਿੱਚ ਝੋਨੇ ਦੇ ਝੁਲਸ ਰੋਗ ਲਈ ਜ਼ਿੰਮੇਵਾਰ ਜੀਨਾਂ ਦੀ ਪਛਾਣ ਅਤੇ ਉਹਨਾਂ ਦੀ ਰੋਕਥਾਮ ਪ੍ਰਮੁੱਖ ਕਹੀ ਜਾ ਸਕਦੀ ਹੈ| ਉਹਨਾਂ ਨੇ ਵਿਸ਼ਾਣੂੰ ਰੋਗ ਦਾ ਸਾਹਮਣਾ ਕਰਨ ਵਾਲੀਆਂ ਕਿਸਮਾਂ ਜਿਵੇਂ ਪੀ ਆਰ-121, ਪੀ ਆਰ-122, ਪੀ ਆਰ-123, ਪੀ ਆਰ-124, ਪੀ ਆਰ-126, ਪੀ ਆਰ-127, ਪੀ ਆਰ-128, ਪੀ ਆਰ-129, ਪੀ ਆਰ-130, ਪੀ ਆਰ-131, ਪੀ ਆਰ-132, ਪੀ ਆਰ-133 ਅਤੇ ਬਾਸਮਤੀ ਦੀਆਂ ਕਿਸਮਾਂ ਪੰਜਾਬ ਬਾਸਮਤੀ-3, ਪੰਜਾਬ ਬਾਸਮਤੀ-4, ਪੰਜਾਬ ਬਾਸਮਤੀ-5, ਪੰਜਾਬ ਬਾਸਮਤੀ-7 ਨੂੰ ਉੱਤਰੀ ਭਾਰਤ ਦੇ ਵਿਸ਼ਾਲ ਰਕਬੇ ਵਿਚ ਫੈਲਾਅ ਲਈ ਵਿਕਸਿਤ ਕਰਨ ਵਾਸਤੇ ਭਰਪੂਰ ਯੋਗਦਾਨ ਪਾਇਆ| ਡਾ. ਲੋਰੇ ਨੇ ਕੌਮਾਂਤਰੀ ਚੌਲ ਖੋਜ ਸੰਸਥਾਨ ਫਿਲਪਾਈਨਜ਼ ਦੇ ਸਹਿਯੋਗ ਨਾਲ ਆਪਣੀ ਖੋਜ ਨੂੰ ਤਾਂ ਅੰਜਾਮ ਦਿੱਤਾ ਹੀ ਨਾਲ ਹੀ ਉਹ ਥਾਈਲੈਂਡ, ਸਿੰਗਾਪੁਰ, ਇੰਡੋਨੇਸ਼ੀਆ, ਵੀਅਤਨਾਮ ਅਤੇ ਆਸਟਰੇਲੀਆ ਵਿਖੇ ਕਾਨਫਰੰਸਾਂ ਵਿਚ ਸ਼ਾਮਿਲ ਹੋ ਕੇ ਆਪਣੇ ਗਿਆਨ ਨੂੰ ਵਿਸਥਾਰਦੇ ਰਹੇ|
100 ਤੋਂ ਵਧੇਰੇ ਖੋਜ ਲੇਖ ਉਹਨਾਂ ਦੇ ਨਾਂ ਹੇਠ ਵੱਕਾਰੀ ਰਸਾਲਿਆਂ ਦਾ ਸਿਰਨਾਵਾਂ ਬਣੇ| ਉਹਨਾਂ ਨੇ ਮੁੱਖ ਨਿਗਰਾਨ ਅਤੇ ਸਹਿ ਨਿਗਰਾਨ ਵਜੋਂ 25 ਖੋਜ ਪ੍ਰੋਜੈਕਟਾਂ ਨੂੰ ਸਿਰੇ ਚੜਾਇਆ ਅਤੇ 41 ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਕਿਸਾਨਾਂ ਲਈ ਖੋਜੀਆਂ| 10 ਵਿਦਿਆਰਥੀ ਉਹਨਾਂ ਦੀ ਨਿਗਰਾਨੀ ਹੇਠ ਵਿੱਦਿਅਕ ਯੋਗਤਾ ਦੇ ਹਾਸਲਕਾਰ ਬਣੇ| ਉਹਨਾਂ ਦੇ ਸਹਿਯੋਗ ਸਦਕਾ ਯੂਨੀਵਰਸਿਟੀ ਦਾ ਚੌਲ ਖੋਜ ਪ੍ਰੋਗਰਾਮ ਵਿਕਸਿਤ ਹੋਇਆ ਜਿਸ ਵਿਚ 2015 ਦਾ ਗੋਲਡਨ ਜੁਬਲੀ ਬੈਸਟ ਕੇਂਦਰ ਪੁਰਸਕਾਰ ਅਤੇ 2014 ਦਾ ਚੌਲ ਰੋਗਾਂ ਬਾਰੇ ਬੈਸਟ ਪੇਪਰ ਪੁਰਸਕਾਰ ਸ਼ਾਮਿਲ ਹਨ| ਡਾ. ਲੋਰੇ ਨੂੰ 2022 ਵਿਚ ਪੀ.ਏ.ਯੂ. ਵੱਲੋਂ ਸਰਵੋਤਮ ਵਿਗਿਆਨੀ ਵਜੋਂ ਮਾਨਤਾ ਵੀ ਦਿੱਤੀ ਗਈ|
ਪੀ.ਏ.ਯੂ. ਦੇ ਵਾਈਸ ਚਾਂਲਸਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਨਿਯੁਕਤੀ ਲਈ ਡਾ. ਜਗਜੀਤ ਸਿੰਘ ਲੋਰੇ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹਨਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਦਾ ਪੌਦਾ ਰੋਗ ਵਿਗਿਆਨ ਵਿਭਾਗ ਮਜ਼ਬੂਤ ਅਤੇ ਸਥਿਰ ਹੋਵੇਗਾ|

