ਅੱਤ ਦੀ ਗਰਮੀ ਦੇ ਦਿਨਾਂ ਵਿਚ ਮੈਂ ਆਪਣੇ ਘਰ ਦੇ ਨਿੱਕੇ-ਮੋਟੇ ਕੰਮ ਨਿਬੇੜਨ ਵਿਚ ਰੁੱਝੀ ਹੋਈ ਸੀ। ਅਚਾਨਕ ਮੇਰੇ ਫੋਨ ਦੀ ਘੰਟੀ ਵੱਜੀ। ਫੋਨ ਚੁੱਕਦਿਆਂ ਸਾਰ ਆਵਾਜ਼ ਮੈਨੂੰ ਕੁਝ ਜਾਣੀ-ਪਹਿਚਾਣੀ ਜਿਹੀ ਜਾਪੀ ਪਰ ਮੈਂ ਪਹਿਚਾਣ ਨਾ ਸਕੀ। ਆਖਿਰ ਮੈਂ ਪੁੱਛ ਹੀ ਲਿਆ,”ਕੌਣ ਬੋਲ ਰਹੇ ਹੋ?”
ਪਹਿਚਾਣਿਆ ਨਹੀਂ, ਅੱਗੋਂ ਆਵਾਜ਼ ਆਈ।
ਨਹੀਂ ਜੀ, ਮੈਂ ਸਾਫ਼ ਇੰਨਕਾਰ ਕਰਦਿਆਂ ਕਿਹਾ।
ਕੁਝ ਪਲ ਸੌਚਣ ਤੋਂ ਬਾਅਦ ਮੇਰੇ ਧਿਆਨ ਵਿਚ ਆਇਆ ਕਿ ਮੇਰੀ ਗੱਲ ਇੱਕ ਜਾਣਕਾਰ ਕੁੜੀ ਨਾਲ ਹੋ ਰਹੀ ਹੈ। ਮੈਂ ਉਸਦਾ ਹਾਲ-ਚਾਲ ਪੁੱਛਿਆ। ਉਸਨੇ ਦੱਸਿਆ ਕਿ ਉਹ ਅੱਧੇ ਘੰਟੇ ਵਿਚ ਮੇਰੇ ਕੋਲ ਪਹੁੰਚ ਰਹੀ ਹੈ।
ਖੈਰ! ਮੈਂ ਆਪਣੇ ਕੰਮ ਕਾਜ ਨੂੰ ਤੇਜ਼ੀ ਨਾਲ ਖਤਮ ਕੀਤਾ ਅਤੇ ਨਹਾਉਣ ਤੋਂ ਬਾਅਦ ਇੱਕ ਸੱਜਦੇ ਹੋਏ ਸੂਟ-ਦੁਪੱਟੇ ਵਿਚ ਆਪਣੇ ਹੁਲੀਏ ਨੂੰ ਸੰਵਾਰਿਆ। ਸੱਜਣ-ਸੰਵਰਣ ਤੋਂ ਬਾਅਦ ਆਉਣ ਵਾਲੀ ਮਹਿਮਾਨ ਲਈ ਠੰਡਾ ਸ਼ਰਬਤ ਤਿਆਰ ਕਰਕੇ ਫਰਿਜ਼ ਵਿਚ ਰੱਖ ਦਿੱਤਾ।
ਇੰਨੇ ਨੂੰ ਉਸ ਲੜਕੀ ਨੇ ਦਰਵਾਜ਼ੇ ਤੇ ਦਸਖਤ ਦੇ ਦਿੱਤੀ। ਉਸਦੇ ਸਵਾਗਤ ਲਈ ਮੈਂ ਉਸਨੂੰ ਅੱਗੋਂ ਲੈਣ ਲਈ ਕੁਝ ਕਦਮ ਦਰਵਾਜ਼ੇ ਵੱਲ ਵਧੀ। ਜਦ ਮੇਰੀ ਪਹਿਲੀ ਨਜ਼ਰ ਉਸ ਉੱਪਰ ਪਈ ਤਾਂ ਸੱਚ ਜਾਣਿਓ, ਉਸਨੂੰ ਦੇਖ ਕੇ ਮੈਂ ਦੰਗ ਰਹਿ ਗਈ।
ਉਸਦਾ ਵਜ਼ਨ ਦੋ ਕੁਇੰਟਲ ਤੋਂ ਵੀ ਉੱਪਰ ਜਾਪ ਰਿਹਾ ਸੀ। ਉਸਨੇ ਆਪਣੇ ਕਾਲੇ-ਧੂਸ ਰੰਗ ਉੱਪਰ ਕਾਲੇ ਰੰਗ ਦੀ ਟੀ ਸ਼ਰਟ ਲੋਰ ਪਹਿਨੀ ਹੋਈ ਸੀ। ਪੈਰਾਂ ਵਿਚ ਉਸਦੇ ਮੈਚਿੰਗ ਕਾਲੀ ਬੈਲੀ ਸੀ। ਉਸਦੀਆਂ ਬਾਹਾਂ ਅਜੀਬ ਜਿਹੇ ਟੈਟੂਆਂ ਨਾਲ ਭਰੀਆਂ ਹੋਈਆਂ ਸੀ।
ਉਸਦਾ ਅਜੀਬ ਜਿਹਾ ਹੁਲੀਆ ਦੇਖ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਪਰੰਤੂ ਉਸਨੂੰ ਕਈ ਸਾਲਾਂ ਤੋਂ ਬਾਅਦ ਘਰ ਆਈ ਦੇਖਕੇ ਮੈਂ ਉਸਨੂੰ ਪ੍ਰੇਮ ਸਹਿਤ ਗੱਲਵੱਕੜੀ ਪਾ ਕੇ ਮਿਲੀ। ਫਿਰ ਅਸੀਂ ਦੋਵੇਂ ਕਮਰੇ ਵਿਚ ਚਲੀਆਂ ਗਈਆਂ। ਉਸਦਾ ਰਸਮੀ ਹਾਲ-ਚਾਲ ਪੁੱਛਣ ਤੋਂ ਬਾਅਦ ਮੈਂ ਉਸ ਲਈ ਪਾਣੀ ਦਾ ਗਿਲਾਸ ਟੇਬਲ ਤੇ ਰੱਖ ਦਿੱਤਾ ਅਤੇ ਉਸਦਾ ਪਿਆਰ ਨਾਲ ਨਾਮ ਲੈ ਕੇ ਉਸਨੂੰ ਪਹਿਲਾ ਸਵਾਲ ਕੀਤਾ, ” ਤੁਸੀਂ ਕਈ ਸਾਲਾਂ ਤੋਂ ਕਿੱਥੇ ਗਾਇਬ ਸੀ?”
ਉਹ ਪਾਣੀ ਦੀਆਂ ਘੁੱਟਾਂ ਨੂੰ ਤੇਜ਼ੀ ਨਾਲ ਖਤਮ ਕਰਕੇ ਕਾਹਲੀ ਨਾਲ ਬੋਲੀ, “ਇੱਕ ਸਾਲ ਮੈਂ ਨਿਊਜ਼ੀਲੈਂਡ ਚਲੀ ਗਈ ਸੀ। ਬਸ ਉਥੇ ਮੈਨੂੰ ਵੈਸਟਨ ਪਹਿਨਣ ਦੀ ਆਦਤ ਜਿਹੀ ਹੋ ਗਈ। ਇੰਡੀਆ ਵਾਪਸ ਆ ਕੇ ਵੀ ਮੈਂ ਵੈਸਟਨ ਨਹੀਂ ਛੱਡ ਸਕੀ। ਨਾਲੇ ਮੈਨੂੰ ਨਹੀਂ ਪਸੰਦ ਆਪਣਾ ਇੰਡੀਅਨ ਪਹਿਰਾਵਾ। ਇਹ ਸੂਟ-ਸਲਵਾਰ, ਸਾੜ੍ਹੀ ਸਖਤ ਨਫਰਤ ਹੈ ਮੈਨੂੰ ਇਹਨਾਂ ਤੋਂ …..। ਨਾਲੇ ਤੁਹਾਨੂੰ ਪਤਾ ਹੀ ਐ ਆਪਣੇ ਅਨਪੜ੍ਹ ਲੋਕਾਂ ਦੇ ਰੱਵੀਏ ਦਾ ਇਸ ਕਰਕੇ ਮੈਂ ਆਂਢ-ਗੁਆਂਢ ਰਿਸ਼ਤੇਦਾਰ ਸਭ ਨਾਲੋਂ ਨਾਤਾ ਹੀ ਤੋੜ ਲਿਆ। ਉਹ ਬੋਲਦੀ ਗਈ ਤੇ ਮੈਂ ਉਸਦੀਆਂ ਗੱਲਾਂ ਨੂੰ ਗੌਰ ਨਾਲ ਸੁਣਦੀ ਹੋਈ, ਉਸ ਲਈ ਫਰਿਜ ਵਿਚ ਰੱਖੇ ਠੰਡੇ ਸ਼ਰਬਤ ਦੀ ਟ੍ਰੇ ਲਿਜਾ ਉਸ ਦੇ ਅੱਗੇ ਰੱਖ ਦਿੱਤੀ।
ਉਸ ਨੇ ਸ਼ਰਬਤ ਦਾ ਗਿਲਾਸ ਚੁੱਕਿਆ ਤੇ ਪਹਿਲੀ ਘੁੱਟ ਭਰਦੇ ਹੋਏ ਬੋਲੀ, “ਜਰ ਤੂੰ ਤਾਂ ਜਵਾਂ ਹੀ ਨਹੀਂ ਬਦਲੀ, ਬਿਲਕੁਲ ਉਵੇਂ ਦੀ ਉਵੇਂ ਹੀ ਐ।”
“ਸ਼ੁਕਰੀਆ, ਅਤੇ ਉਸਨੇ ਮੁਸਕਰਾਉਂਦੇ ਹੋਏ ਸ਼ਰਬਤ ਵਾਲੇ ਖਾਲੀ ਗਿਲਾਸ ਨੂੰ ਰੱਖਦਿਆਂ ਹੋਇਆਂ ਬੋਲੀ, ਚੱਲੋ ਮੈਂ ਚੱਲਦੀ ਹਾਂ, ਫਿਰ ਕਦੇ ਆਉਂਗੀ ਅੱਜ ਮੈਂ ਕਾਫੀ ਕੰਮ-ਕਾਜ ਕਰਨੇ ਆ। ਉਹ ਜਾਣ ਲਈ ਉੱਠ ਖੜੀ ਹੋਈ। ਮੈਂ ਸਤਿਕਾਰ ਸਹਿਤ ਉਸਨੂੰ ਦਰਵਾਜੇ ਤੱਕ ਛੱਡ ਆਈ। ਉਹ ਚਲੀ ਗਈ ਪਰ ਮੈਂ ਦੇਰ ਤੱਕ ਡੂੰਘੀ ਸੋਚ ਵਿਚ ਡੁੱਬੀ ਰਹੀ।
ਸੋਚਿਆ, ਜਿਸ ਮਹਾਨ ਭਾਰਤੀ ਸੱਭਿਅਤਾ, ਭਾਰਤੀ ਸੰਸਕ੍ਰਿਤੀ ਨੇ ਸਾਨੂੰ ਬਾਦਸ਼ਾਹਾਂ ਦੀ ਤਰ੍ਹਾਂ ਜਿਉਣਾ ਸਿਖਾਇਆ। ਜਿੱਥੇ ਹਰ ਭਾਰਤੀ ਨਾਰੀ ਨੂੰ ਆਪਣੇ ਨਾਮ ਨਾਲ ‘ਕੌਰ, ਰਾਣੀ,ਬਾਈ’ ਦੇ ਨਾਮ ਨਾਲ ਨਿਵਾਜਿਆ ਜਾਂਦਾ ਹੋਵੇ, ਉਸ ਸੱਭਿਅਤਾ ਦੇ ਪਹਿਰਾਵੇ ਦੀ ਇੰਨੀ ਤਿੱਖੀ ਅਲੋਚਨਾ ਕੋਈ ਆਪਣਾ ਹੀ ਕਿਵੇਂ ਕਰ ਸਕਦਾ ਹੈ।
ਬੜ੍ਹੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਦਰਅਸਲ ਸਾਡੇ ਲੋਕ ਆਪਣੀ ਸੱਭਿਅਤਾ ਦੀ ਮਾਹਨਤਾ ਤੋਂ ਅੱਜ ਵੀ ਕਿੰਨੇ ਅਣਜਾਣ ਹਨ।
ਜਿਸ ਦੇਸ਼ ਦੀ ਹਰ ਭਾਰਤੀ ਨਾਰੀ ਆਪਣੀ ਭਾਰਤੀ ਪੁਸ਼ਾਕ ਵਿਚ ਜਦੋਂ ਗਹਿਣਿਆ ਨਾਲ ਲੱਦੀ ਹੋਵੇ, ਉਦੋਂ ਉਹ ਆਪਣੇ ਆਪ ਵਿਚ ਕਿਸੇ ਮਹਾਰਾਣੀ ਤੋਂ ਘੱਟ ਨਹੀਂ ਜਾਪਦੀ। ਜਰਾ ਇਤਿਹਾਸ ਦੇ ਪੰਨਿਆਂ ਵੱਲ ਝਾਤ ਮਾਰ ਕੇ ਦੇਖੀਏ, ਸਾਡੀਆਂ ਉਹ ਮਹਾਨ ਭਾਰਤੀ ਨਾਰੀਆਂ ਜਿਨ੍ਹਾਂ ਨੇ ਆਪਣੇ ਦੇਸ਼ ਦੇ ਪਹਿਰਾਵੇ ਅੰਦਰ ਰਹਿ ਕੇ ਆਪਣੇ ਆਤਮ-ਸਨਮਾਣ ਦੀ ਰੱਖਿਆ ਹੀ ਨਹੀਂ ਕੀਤੀ ਸਗੋਂ ਦੇਸ਼ ਕੌਮ ਦੀ ਅਗਵਾਈ ਵੀ ਕੀਤੀ। ਉਹਨਾਂ ਮਹਾਨ ਜਰਨੈਲ ਔਰਤਾਂ ਦਾ ਨਾਮ ਦੁਨੀਆਂ ਭਰ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੈ। ਜੋ ਸਦਾ ਅਮਰ ਰਹੇਗਾ।
ਪਰੰਤੂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਆ ਕੇ ਆਪਣੇ ਦੇਸ਼ ਦੇ ਪਹਿਰਾਵੇ ਨੂੰ ਓਪਰੀ ਨਿਗਾਂ ਨਲਾ ਤੱਕ ਰਹੀ ਹੈ।
ਜਿਸ ਦੇਸ਼ ਦੇ ਅਸੀਂ ਜੰਮਪਲ ਹੋਏ, ਨਮਕ ਖਾਦਾ, ਨਾਗਰਿਕ ਸਿੱਧ ਹੋਏ, ਉਸ ਪਵਿੱਤਰ ਧਰਤੀ ਦੇ ਲਿਬਾਸ ਨੂੰ ਲੋਕ ਏਅਰ-ਪੋਰਟ ਤੇ ਹੀ ਉਤਾਰ ਜਾਂਦੇ ਹਨ। ‘ਕਿਉਂ’ ਕਿਉਂਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਇਹ ਵੀ ਮੁੜਨਗੇ ਪਰ ਉਦੋਂ ਤੱਕ ਇਹ ਆਪਣਾ ਸਭ ਕੁਝ ਗਵਾ ਲੈਣਗੇ। ਪਰ ਮੇਰੇ ਭਾਰਤ ਦੇਸ਼ ਦੀ ਮਹਾਨ ਸੱਭਿਅਤਾ ਦੁਨੀਆਂ ਭਰ ਵਿਚ ਸਦਾ ਚਮਕਦੀ ਹੀ ਰਹੇਗੀ। ਮੈਨੂੰ ਮਾਣ ਹੈ ਮੇਰੀ ਭਾਰਤੀ ਸੱਭਿਅਤਾ ਉੱਪਰ।
ਜੈ ਹਿੰਦ।
ਕਰਮਜੀਤ ਕੌਰ ਮੁਕਤਸਰ
ਮੋ: 89685-94379