
ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਵੱਲੋਂ ਅੱਜ ਦਿਨ ਐਤਵਾਰ 22/11/26 ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 557ਵੇਂ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਇਸ ਔਨਲਾਈਨ ਸਾਹਿਤਕ ਸਮਾਗਮ ਵਿੱਚ ਇਟਲੀ, ਅਮਰੀਕਾ, ਜਰਮਨੀ, ਇੰਗਲੈਂਡ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਲਗਭਗ 17 ਕਵੀ ਕਵਿਤਰੀਆਂ ਨੇ ਭਾਗ ਲਿਆ। ਜਿਨ੍ਹਾਂ ਨੇ ਆਪਣੀਆਂ ਕਵਿਤਾਵਾਂ, ਗੀਤਾਂ ਅਤੇ ਗਜ਼ਲਾਂ ਰਾਹੀਂ ਗੁਰੂ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਵੀ ਦਰਬਾਰ ਦੀ ਸ਼ੁਰੂਆਤ ਵਿੱਚ ਕਾਫ਼ਲਾ ਪ੍ਰਧਾਨ ਨਾਵਲਕਾਰ ਬਿੰਦਰ ਕੋਲੀਆਂ ਵਾਲ ਜੀ(ਇਟਲੀ) ਨੇ ਸਾਰੇ ਕਵੀ ਕਵਿੱਤਰੀਆਂ ਨੂੰ ਜੀ ਆਇਆਂ ਆਖਿਆ। ਕਵਿੱਤਰੀ ਪੋਲੀ ਬਰਾੜ ਜੀ (ਅਮਰੀਕਾ) ਨੇਂ ਸ਼ੁਰੂਆਤੀ ਬੋਲਾਂ ਵਿੱਚ ਗੁਰੂ ਸਾਹਿਬ ਜੀ ਬਾਰੇ ਜਾਣਕਾਰੀ ਸਾਂਝੀ ਕੀਤੀ। ਕਵੀ ਦਰਬਾਰ ਦਾ ਸੰਚਾਲਨ ਗ਼ਜ਼ਲਗੋ ਮੁਖਤਾਰ ਸਿੰਘ ਚੰਦੀ ਜੀ( ਗੁਰੂ ਨਗਰੀ ਸੁਲਤਾਨਪੁਰ ਲੋਧੀ) ਵਲੋਂ ਬਹੁਤ ਪਿਆਰੇ ਅੰਦਾਜ਼ ਵਿੱਚ ਕੀਤਾ ਤੇ ਗੁਰੂ ਸਾਹਿਬ ਜੀ ਦੇ ਜੀਵਨ, ਵਿਆਹ, ਉਦਾਸੀਆਂ ਬਾਰੇ ਵੀ ਨਾਲ ਨਾਲ ਚਾਨਣਾ ਪਾਇਆ।
ਇਸ ਮੌਕੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਗੁਰੂ ਨਾਨਕ ਦੇਵ ਜੀ ਦੀਆਂ ਮਹਾਨ ਸਿੱਖਿਆਵਾਂ ਅਤੇ ਫਲਸਫ਼ੇ ਨੂੰ ਬਹੁਤ ਹੀ ਭਾਵਪੂਰਤ ਢੰਗ ਨਾਲ ਪੇਸ਼ ਕੀਤਾ। ਗੁਰੂ ਸਾਹਿਬ ਵੱਲੋਂ ਦਿੱਤਾ ਗਿਆ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦਾ ਸਿਧਾਂਤ ਅੱਜ ਵੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ। ਗੁਰੂ ਸਾਹਿਬ ਨੇ ਜਾਤ-ਪਾਤ, ਊਚ-ਨੀਚ, ਧਾਰਮਿਕ ਭੇਦਭਾਵ ਅਤੇ ਅੰਧਵਿਸ਼ਵਾਸਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਨਾਲ ਪਿਆਰ ਕਰਨ, ਸੱਚ ਦੇ ਮਾਰਗ ’ਤੇ ਚੱਲਣ, ਇਸਤਰੀ ਦਾ ਸਤਿਕਾਰ ਕਰਨ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਿਚਾਰਧਾਰਾ ਅੱਜ ਵੀ ਸਮਾਜ ਨੂੰ ਆਪਸੀ ਪਿਆਰ ਸਤਿਕਾਰ, ਸਰਵ-ਸਾਂਝੀਵਾਲਤਾ, ਬਰਾਬਰਤਾ ਅਤੇ ਸੇਵਾ ਦੀ ਪ੍ਰੇਰਨਾ ਦਿੰਦੀ ਹੈ। ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਵੱਲੋਂ ਕੀਤਾ ਗਿਆ ਇਹ ਉਪਰਾਲਾ ਵਿਦੇਸ਼ਾਂ ਵਿੱਚ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਵੀ ਇੱਕ ਸਾਰਥਕ ਯਤਨ ਵੀ ਹੈ। ਔਨਲਾਈਨ ਸੁਣਦੇ ਸਰੋਤਿਆਂ ਵਲੋਂ ਬਹੁਤ ਪਿਆਰੀਆਂ ਟਿੱਪਣੀਆਂ ਨਾਲ ਸਾਰਿਆਂ ਦੀ ਹੌਸਲਾ ਅਫਜਾਈ ਕੀਤੀ ਗਈ।
ਇਸ ਕਵੀ ਦਰਬਾਰ ਵਿੱਚ ਨਾਵਲਕਾਰ ਬਿੰਦਰ ਕੋਲੀਆਂ ਵਾਲ (ਇਟਲੀ), ਕਵਿੱਤਰੀ ਪੋਲੀ ਬਰਾੜ (ਅਮਰੀਕਾ), ਲੇਖਕਾਂ ਪ੍ਰਕਾਸ਼ ਕੌਰ (ਅਮਰੀਕਾ), ਲੇਖਕ ਨਛੱਤਰ ਸਿੰਘ ਭੋਗਲ (ਇੰਗਲੈਂਡ), ਗ਼ਜ਼ਲਗੋ ਮੁਖਤਾਰ ਸਿੰਘ ਚੰਦੀ (ਸੁਲਤਾਨਪੁਰ ਲੋਧੀ) , ਪੱਤਰਕਾਰ ਜਸਵੀਰ ਸਿੰਘ ਝੱਜ (ਲੁਧਿਆਣਾ), ਕਲਾਕਾਰ ਮੰਗਤ ਖਾਨ (ਪਟਿਆਲਾ), ਲੇਖਕ ਸਰਦੂਲ ਸਿੰਘ ਭੱਲਾ (ਪਟਿਆਲਾ), ਗੀਤਕਾਰ ਅੰਮ੍ਰਿਤਪਾਲ ਸਿੰਘ (ਇਟਲੀ), ਲੇਖਕ ਪ੍ਰਗਟ ਸਿੰਘ ਬਾਗੀ (ਮੋਗਾ), ਲੇਖਕਾਂ ਪ੍ਰੀਤਮਾ ਜੀ (ਦਿੱਲੀ), ਲੇਖਕ ਬਲਵੀਰ ਸਿੰਘ ਲਹਿਰੀ (ਤਰਨ ਤਾਰਨ), ਲੇਖਕ ਗੁਰਪ੍ਰੀਤ ਸਿੰਘ ਬੀੜ (ਪੰਜਾਬ), ਲੇਖਕ ਗੁਰਸੇਵਕ ਸਿੰਘ ਢਿੱਲੋਂ (ਭੈਣੀ ਸਾਹਿਬ), ਲੇਖਕ ਤਵਿੰਦਰ ਸਿੰਘ (ਪੰਜਾਬ), ਲੇਖਕ ਮਨਮੀਤ ਮੀਤ (ਪੰਜਾਬ), ਗੀਤਕਾਰ ਸੋਹਣ ਸਿੰਘ ਝੱਮਟ (ਪੰਜਾਬ), ਬੀਬਾ ਸਰਬਜੀਤ ਸਿੰਘ (ਜਰਮਨੀ) ਸ਼ਾਮਲ ਹੋਏ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਗਾਈ।
ਸਰਬਜੀਤ ਸਿੰਘ ਜਰਮਨੀ
