ਲੁਧਿਆਣਾ 24 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਕੌਮਾਂਤਰੀ ਖੇਤੀਬਾੜੀ ਖੋਜ ਕੇਂਦਰ ਆਸਟਰੇਲੀਆ ਦੇ ਮਾਹਿਰ ਪ੍ਰੋ. ਜੌਨ ਬਲੈਕਵੈੱਲ ਨੇ ਬੀਤੇ ਦਿਨੀਂ ਪੀ.ਏ.ਯੂ. ਦਾ ਦੌਰਾ ਕਰਕੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਲ ਅਤੇ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ| ਇਸ ਵਿਚਾਰ ਚਰਚਾ ਦੌਰਾਨ ਪੰਜਾਬ ਵਿਚ ਪਰਾਲੀ ਦੀ ਸਾਂਭ-ਸੰਭਾਲ ਅਤੇ ਕਿਸਾਨਾਂ ਵਿਚ ਹੈਪੀਸੀਡਰ ਤਕਨਾਲੋਜੀ ਨੂੰ ਅਪਨਾਉਣ ਦੇ ਪ੍ਰਭਾਵਾਂ ਬਾਰੇ ਨਿੱਠ ਕੇ ਗੱਲਬਾਤ ਹੋਈ|
ਡਾ. ਧਾਲੀਵਾਲ ਨੇ ਇਸ ਦੌਰਾਨ ਕਿਹਾ ਕਿ ਮਿੱਟੀ ਦੀ ਸਿਹਤ ਅਤੇ ਪੋਸ਼ਕ ਤੱਤਾਂ ਦੇ ਸੁਧਾਰ ਲਈ ਪੀ.ਏ.ਯੂ. ਦੀਆਂ ਖੋਜਾਂ ਮੁਤਾਬਿਕ ਪਰਾਲੀ ਨੂੰ ਖੇਤ ਵਿਚ ਸੰਭਾਲਣਾ ਜ਼ਰੂਰੀ ਹੈ| ਉਹਨਾਂ ਕਿਹਾ ਕਿ ਇਸ ਕਾਰਜ ਲਈ ਪੀ.ਏ.ਯੂ. ਦੇ ਮਾਹਿਰ ਨਿਰੰਤਰ ਖੋਜ ਵਿਚ ਡਟੇ ਹੋਏ ਹਨ ਅਤੇ ਨਾਲ ਹੀ ਪਸਾਰ ਕਰਮੀਆਂ ਨੇ ਮਸ਼ੀਰਨੀ ਦੀ ਵਰਤੋਂ ਦੇ ਲਾਭਦਾਇਕ ਪੱਖ ਨੂੰ ਕਿਸਾਨਾਂ ਤੱਕ ਪਹੁੰਚਾਇਆ ਹੈ| ਡਾ. ਧਾਲੀਵਾਲ ਨੇ ਕਿਹਾ ਕਿ ਇਸੇ ਦਾ ਸਿੱਟਾ ਹੈ ਕਿ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਈ ਹੈ ਅਤੇ ਕਿਸਾਨਾਂ ਨੇ ਪੀ.ਏ.ਯੂ. ਦੀਆਂ ਤਕਨੀਕਾਂ ਨੂੰ ਅਪਣਾਇਆ ਹੈ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਪੀ.ਏ.ਯੂ. ਦੀਆਂ ਖੋਜਾਂ ਅਨੁਸਾਰ ਮਿੱਟੀ ਵਿਚ ਜੈਵਿਕ ਅਤੇ ਕਾਰਬਨ ਮਾਦੇ ਦੇ ਵਾਧੇ ਲਈ 6 ਸਾਲ ਦੇ ਵਕਫ਼ੇ ਵਾਸਤੇ ਪਰਾਲੀ ਨੂੰ ਖੇਤ ਵਿਚ ਸੰਭਾਲਣ ਦਾ ਸੁਨੇਹਾ ਦਿੱਤਾ ਜਾਂਦਾ ਹੈ| ਇਸ ਨਾਲ ਨਾ ਸਿਰਫ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਬਲਕਿ ਖਾਦਾਂ ਦਾ ਖਰਚਾ ਵੀ ਲਗਭਗ ਚੌਥੇ ਹਿੱਸੇ ਤੱਕ ਘਟ ਜਾਂਦਾ ਹੈ|
ਪ੍ਰੋ. ਬਲੈਕਵੈੱਲ ਨੇ ਕਿਹਾ ਕਿ ਫਸਲੀ ਰਹਿੰਦ-ਖੂੰਹਦ ਦੀ ਵਾਤਾਵਰਨ ਪੱਖੀ ਸੰਭਾਲ ਰਾਹੀਂ ਮਿੱਟੀ ਵਿਚ ਪਰਾਲੀ ਵਾਹੁਣ ਵਾਲੇ ਕਿਸਾਨਾਂ ਨੂੰ ਸਿੱਧੇ ਲਾਭ ਦੇਣ ਦਾ ਪ੍ਰਬੰਧ ਉਸਾਰਨਾ ਚਾਹੀਦਾ ਹੈ| ਉਹਨਾਂ ਕਿਹਾ ਕਿ ਪਰਾਲੀ ਦੀ ਗੰਢਾਂ ਬਣਾ ਕੇ ਸੰਭਾਲ ਕਰਨੀ ਲੰਮੇ ਸਮੇਂ ਤੱਕ ਜ਼ਮੀਨ ਦੀ ਸਿਹਤ ਲਈ ਲਾਹੇਵੰਦ ਹੱਲ ਨਹੀਂ ਕਿਹਾ ਜਾਣਾ ਚਾਹੀਦਾ|
ਡਾ. ਹਰਮਿੰਦਰ ਸਿੰਘ ਸਿੱਧ ਨੇ ਇਸ ਮੌਕੇ ਪੀ.ਏ.ਯੂ. ਵੱਲੋਂ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਦੇ ਖੇਤਰ ਵਿਚ ਕੀਤੀਆਂ ਪਹਿਲਕਦਮੀਆਂ ਨਾਲ ਸਾਂਝ ਪੁਆਈ|

