ਗੁਰੂ ਨਾਨਕ ਜਗ ਵਿਚ ਆਏ ਸਨ,
ਘਨਘੋਰ ਘਟਾ ਛਾਈ ਕਹਿਰਾਂ ਦੀ।
ਜੁਲਮਾਂ ਦਾ ਭੱਖੜ ਆਇਆ ਸੀ,
ਨਿਰਦੋਸ਼ ਮਾਸੂਮਾਂ ਦੀਆਂ ਆਹਾਂ ਨੇ,
ਸੁਣੇ ਨਾਂ ਕੋਈ ਚੀਕ ਗਰੀਬਾਂ ਦੀ।
ਛੁਰਿਆਂ ਨਾਲ ਘੇਰਾ ਪਾਇਆ ਸੀ,
ਹਰ ਦਿਲ ਵਿਚੋਂ ਖੂਨ ਕਢਾਇਆ ਸੀ।
ਇਸ ਪ੍ਰਿਥਵੀ ਤੇ ਹਬਿਆਰਾਂ ਨੇ,
ਅੰਬਰਾਂ ਤਾਂਈ ਕੰਬਾਇਆ ਸੀ।
ਕੜਕ ਪਈਆਂ ਬਿਜਲੀ ਅਕਾਸ ਵਿਚੋਂ,
ਭਖਦੇ ਹੋਏ ਦਿਲ ਸ਼ਾਂਤ ਕਰਾਏ ਸਨ।
ਅੰਨਘੋਰ ਦੀ ਅੱਗ ਬੁਝਾਵਣ ਲਈ,
ਗੁਰੂ ਨਾਨਕ ਜੱਗ ਵਿੱਚ ਆਏ ਸਨ।
ਲਹਿਰ ਛਿੜੀ ਇਕ ਸ਼ਾਂਤ ਮੰਡਲ ਦੀ,
ਅੰਬਰਾਂ ਨੇ ਠੰਡ ਬਰਸਾਈ ਸੀ।
ਖੁਸ਼ੀ ਹੋਈ ਸਾਰੇ ਵਤਨ ਤਾਂਈ,
ਵੱਜੀ ਘਰ ਘਰ ਖੁਸ਼ੀ ਸ਼ਹਿਨਾਈ ਸੀ।
ਧੁੰਦ ਮਿਟ ਗਈ ਕਹਿਰ ਵਾਲੀ,
ਹਰ ਦਿਲ ਵਿੱਚ ਖੁਸ਼ੀ ਸਮਾਈ ਸੀ।
ਦੀਨ ਦਿਆਲ ਰਖਵਾਲਾ ਹਿੰਦ ਦਾ,
ਆ ਪਹੁੰਚ ਕੇ ਹੋਇਆ ਸਹਾਈ ਸੀ।
ਬੈਕੁੰਠ ਦੇ ਵਿੱਚੋਂ ਦੇਵਤਿਆਂ ਨੇ,
ਨਨਕਾਣੇ ਤੇ ਫੁੱਲ ਬਰਸਾਏ ਸਨ।
ਦੁਨੀਆਂ ਦਾ ਦੁੱਖ ਵੰਡਾਵਣ ਲਈ,
ਗੁਰੂ ਨਾਨਕ ਜੱਗ ਵਿਚ ਆਏ ਸਨ।
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ

