ਲੁਧਿਆਣਾ : 24 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ 21 ਤੋਂ 24 ਨਵੰਬਰ ਤੱਕ ਕਰਵਾਏ ਜਾ ਰਹੇ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦੇ ਅਖ਼ੀਰਲੇ ਦਿਨ ਸਮਾਗਮ ਦਾ ਆਰੰਭ ਕਰਦਿਆਂ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਨੇ ਸਭ ਹਾਜ਼ਰ ਲੇਖਕਾਂ ਤੇ ਪਾਠਕਾਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਆਗ਼ਾਜ਼ ਕੀਤਾ। ਸਮਾਗਮ ਦੀ ਪ੍ਰਧਾਨਗੀ ਡਾ. ਸ. ਸ. ਜੌਹਲ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਮਲਵਿੰਦਰ ਸਿੰਘ ਜੱਗੀ, ਸ. ਮਨਵਿੰਦਰ ਸਿੰਘ ਗਿਆਸਪੁਰਾ ਐਮ.ਐਲ.ਏ., ਸ. ਅਮਰਜੀਤ ਸਿੰਘ ਟਿੱਕਾ, ਡਾ. ਗੁਰਮੇਲ ਸਿੰਘ ਸ਼ਾਮਲ ਸਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਚਾਰ ਰੋਜ਼ਾ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਮੌਕੇ ਪਹੁੰਚੇ ਪਬਲਿਸ਼ਰਾਂ ਅਤੇ ਲੇਖਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਲਗਾਤਾਰ ਤੀਸਰੇ ਮੇਲੇ ਮੌਕੇ ਅਕਾਡਮੀ ਨੂੰ ਭਰਪੂਰ ਸਹਿਯੋਗ ਦਿੱਤਾ ਹੈ।
ਉਨ੍ਹਾਂ ਕਿਹਾ ਮੌਜੂਦਾ ਪ੍ਰਬੰਧਕੀ ਬੋਰਡ ਨੇ ਇਸ ਸਾਹਿਤ ਉਤਸਵ ਨੂੰ ਮਨਾਉਣਾ ਸ਼ੁਰੂ ਕੀਤਾ ਹੈ। ਚੌਥਾ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਡਾ. ਰਤਨ ਸਿੰਘ ਜੱਗੀ ਯਾਦਗਾਰੀ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਅੱਜ ਪਲੇਠਾ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੰਜਾਬ ਰਤਨ ਸਨਮਾਨ ਪਦਮ ਭੁਸ਼ਨ ਡਾ. ਸਰਦਾਰਾ ਸਿੰਘ ਜੌਹਲ ਜੀ ਨੂੰ ਭੇਟਾ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ। ਉਨ੍ਹਾਂ ਡਾ. ਗੁਰਸ਼ਰਨ ਕੌਰ ਜੱਗੀ ਅਤੇ ਸ. ਮਾਲਵਿੰਦਰ ਸਿੰਘ ਜੱਗੀ ਪਰਿਵਾਰ ਦਾ ਵੀ ਧੰਨਵਾਦ ਕੀਤਾ।
ਮੁੱਖ ਮਹਿਮਾਨ ਵਜੋਂ ਪਹੁੰਚੇ ਐਮ.ਐਲ.ਏ. ਸ. ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਡਾ. ਰਤਨ ਸਿੰਘ ਜੱਗੀ ਫ਼ਾਊਡੇਸ਼ਨ ਨੂੰ ਇਸ ਸ਼ੁਭ ਕਾਰਜ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਲਗਾ ਕੇ ਅਕਾਡਮੀ ਲੋਕਾਂ ਦੀ ਚੇਤਨਾ ਦਾ ਪੱਧਰ ਉੱਚਾ ਚੁੱਕਣ ਲਈ ਬੜਾ ਪਵਿੱਤਰ ਕਾਰਜ ਕਰ ਰਹੀ ਹੈ। ਉਨ੍ਹਾਂ ਡਾ. ਜੱਗੀ ਅਤੇ ਡਾ. ਜੌਹਲ ਦੇ ਜੀਵਨ ਨੂੰ ਪ੍ਰੇਰਨਾ ਸਰੋਤ ਦੱਸਿਆ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਜੀ ਨੇ ਡਾ. ਰਤਨ ਸਿੰਘ ਜੱਗੀ ਨਾਲ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਸ. ਮਾਲਵਿੰਦਰ ਸਿੰਘ ਜੱਗੀ ਨੇ ਸਪੁੱਤਰ ਹੋਣ ਦਾ ਬਾਖ਼ੂਬੀ ਫ਼ਰਜ਼ ਨਿਭਾਇਆ ਹੈ। ਉਨ੍ਹਾਂ ਨੇ ਅਕਾਡਮੀ ਬਾਰੇ ਡਾ. ਰਤਨ ਸਿੰਘ ਜੱਗੀ ਬਾਰੇ ਅਤੇ ਡਾ. ਸ. ਸ. ਜੌਹਲ ਬਾਰੇ ਬੜੀਆਂ ਦਿਲਚਸਪ ਅਤੇ ਇਤਿਹਾਸਕ ਝਰੋਖੇ ਤੋਂ ਮੁੱਲਵਾਨ ਯਾਦਾਂ ਸੁਣਾਈਆਂ ਅਤੇ ਇੱਕ ਸਦੀ ਜਿੱਡੇ ਬਾਬਲ ਦੀਆਂ ਮੁੱਲਵਾਨ ਗੱਲਾਂ ਸੁਣਾਈਆਂ।
ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਡਾ.ਰਤਨ ਸਿੰਘ ਜੱਗੀ ਵਲੋਂ ਕੀਤਾ ਗਿਆ ਸਾਹਿਤਕ ਕਾਰਜ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣੇਗਾ। ਡਾ. ਰਤਨ ਸਿੰਘ ਜੱਗੀ ਮੱਧ ਕਾਲੀਨ ਪੰਜਾਬੀ ਸਾਹਿਤ ਵਿਸ਼ੇਸ਼ੱਗ , ਭਾਰਤੀ ਦਰਸ਼ਨ ਪਰੰਪਰਾਵਾਂ ਅਤੇ ਧਰਮ ਸ਼ਾਸ਼ਤਰੀ ਚਿੰਤਨ ਪ੍ਰਣਾਲੀਆਂ ਦੇ ਵਿਆਖਿਆਕਾਰ ਤੇ ਖੋਜੀ ਤੁਲਨਾਤਮਿਕ ਧਰਮ ਚਿੰਤਨ ਤੇ ਸਾਹਿਤ ਦੇ ਉੱਘੇ ਵਿਦਵਾਨ, ਟੀਕਾਕਰ, ਵਿਆਖਿਆਕਾਰ ਅਤੇ ਮਵਰ ਸੰਪਾਦਕ ਸਨ।
ਉਪਰੰਤ ਅਕਾਡਮੀ ਦੇ ਸਾਬਕਾ ਪ੍ਰਧਾਨ ਪਦਮ ਭੂਸ਼ਣ ਡਾ. ਸਹਦਾਰਾ ਸਿੰਘ ਜੌਹਲ ਜੀ ਨੂੰ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੰਜਾਬ ਰਤਨ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਵਿਚ ਇਕ ਲੱਖ ਰੁਪਏ, ਸ਼ੋਭਾ ਪੱਤਰ, ਸਨਮਾਨ ਚਿੰਨ, ਪੁਸਤਕਾਂ ਅਤੇ ਦੋਸ਼ਾਲਾ ਦੇ ਕੇ ਸਨਮਾਨਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਪ੍ਰੋਫੈਸਰ ਡਾ. ਗੁਰਮੇਲ ਸਿੰਘ ਨੇ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਯਾਦਗਾਰੀ ਭਾਸ਼ਣ ਦਿੱਤਾ ਗਿਆ। ਉਨ੍ਹਾਂ ਡਾ. ਰਤਨ ਸਿੰਘ ਜੱਗੀ ਦੇੇ ਜੀਵਨ ਅਤੇ ਸਾਹਿਤਕ ਘਾਲਣਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਨੇ ਭਗਤੀ ਲਹਿਰ ਦੀਆਂ ਵੱਖ ਵੱਖ ਵਿਆਖਿਆ ਪ੍ਰਣਾਲੀਆਂ ਦੇ ਨਾਲ ਡਾ. ਜੱਗੀ ਦੇ ਸੰਵਾਦ ਦੇ ਸੂਖ਼ਮ ਪਾਸਾਰਾਂ ਬਾਰੇ ਚਰਚਾ ਕੀਤੀ।
ਚਾਰ ਰੋਜ਼ਾ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਮੌਕੇ ਵੱਖ ਵੱਖ ਰਾਜਾਂ, ਸ਼ਹਿਰਾਂ ਤੋਂ ਪਹੁੰਚੇ ਦੋ ਦਰਜਨ ਦੇ ਕਰੀਬ ਪੁਸਤਕ ਵਿਕ੍ਰੇਤਾਵਾਂ ਤੋਂ ਇਲਾਵਾ ਡਾ. ਗੁਰਸ਼ਰਨ ਕੌਰ ਜੱਗੀ, ਡਾ. ਪਾਲ ਕੌਰ, ਪ੍ਰੋ. ਰਵਿੰਦਰ ਸਿੰਘ ਭੱਠਲ, ਜਸਪਾਲ ਮਾਨਖੇੜਾ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ, ਤ੍ਰੈਲੋਚਨ ਲੋਚੀ, ਕੇ. ਸਾਧੂ ਸਿੰਘ, ਪ੍ਰਭਜੋਤ ਸੋਹੀ, ਡਾ. ਸਿਮਰਜੀਤ ਕੌਰ ਗਿੱਲ, ਨਵਤੇਜ ਗੜ੍ਹਦੀਵਾਲਾ, ਡਾ. ਗੁਰਇਕਬਾਲ ਸਿੰਘ, ਸ. ਜਸਵੰਤ ਸਿੰਘ ਜ਼ਫ਼ਰ, ਖੁਸ਼ਵੰਤ ਬਰਗਾੜੀ, ਦੀਪ ਦਿਲਬਰ, ਗੁਰਪ੍ਰੀਤ ਸਿੰਘ ਤੂਰ, ਡਾ. ਜਗਦੀਸ਼ ਕੌਰ, ਸੁਰਿੰਦਰ ਦੀਪ, ਇੰਦਰਜੀਤਪਾਲ ਕੌਰ, ਮਲਕੀਅਤ ਸਿੰਘ ਔਲਖ, ਰਣਜੀਤ ਸਿੰਘ ਖੇੜਾ ਆਸਟ੍ਰੇਲੀਆ,
ਪਰਮਜੀਤ ਮਾਨ, ਗੁਰਦੇਵ ਸਿੰਘ, ਵਾਹਿਦ, ਡਾ. ਸਰੋਜ ਰਾਣੀ ਸ਼ਰਮਾ, ਡਾ. ਰਣਜੀਤ ਸਿੰਘ , ਗੁਰਸੇਵਕ ਸਿੰਘ ਢਿੱਲੋਂ, ਤਰਨ ਬੱਲ, ਭੂਪਿੰਦਰ ਸਿੰਘ ਚੌਂਕੀਮਾਨ, ਸੁਰਜੀਤ ਸਿੰਘ ਜੀਤ, ਡਾ. ਵਰਿੰਦਰ ਕੌਰ ਗਰੇਵਾਲ, ਪਰਮਿੰਦਰ ਸਿੰਘ, ਡਾ. ਪਰਮਜੀਤ ਸਿੰਘ ਗਰੇਵਾਲ, ਡਾ. ਪਰਮਜੀਤ ਸਿੰਘ ਸੋਹਲ, ਕੁਲਵਿੰਦਰ ਸਿੰਘ, ਜਸਪ੍ਰੀਤ ਕੌਰ, ਪ੍ਰੋ. ਕਰਿਸ਼ਨ ਸਿੰਘ, ਚਰਨਜੀਤ ਸਿੰਘ ਯੂ ਐੱਸ ਏ,ਅੰਮ੍ਰਿਤ ਕਲੇਰ, ਗੁਰਜੀਤ ਸਿੰਘ ਭੱਟੀ, ਬੰਸੋ ਦੇਵੀ, ਦਲਜੀਤ ਸਿੰਘ ਬਾਗੀ ਸਮੇਤ ਵੱਡੀ ਗਿਣਤੀ ਵਿਚ ਲੇਖਕ, ਪਾਠਕ ਅਤੇ ਸਰੋਤੇ ਹਾਜ਼ਰ ਸਨ।
