
ਲੁਧਿਆਣਾ 27 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਅੱਜ ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਕਮਿਊਨਟੀ ਸਾਇੰਸ ਅਤੇ ਗ੍ਰਹਿ ਵਿਗਿਆਨ ਦੇ ਸਮਾਜਿਕ ਰੂਪਾਂਤਰਣ ਵਿਚ ਯੋਗਦਾਨ ਵਿਸ਼ੇ ਤੇ ਭਾਰਤੀ ਗ੍ਰਹਿ ਵਿਗਿਆਨ ਐਸੋਸੀਏਸ਼ਨ ਦੀ ਤਿੰਨ ਰੋਜ਼ਾ 36ਵੀਂ ਦੋ ਸਾਲਾਂ ਵਿਚ ਹੋਣ ਵਾਲੀ ਕਾਨਫਰੰਸ ਦਾ ਆਗਾਜ਼ ਹੋਇਆ| ਇਹ ਕਾਨਫਰੰਸ ਬਦਲਦੇ ਸਮਿਆਂ ਅਨੁਸਾਰ ਗ੍ਰਹਿ ਵਿਗਿਆਨ ਦੇ ਖੇਤਰ ਦੀ ਭੂਮਿਕਾ ਨੂੰ ਮੁੜ ਨਿਰਧਾਰਣ ਦੇ ਮੰਤਵ ਨਾਲ ਦੇਸ਼ ਭਰ ਦੇ ਵਿਗਿਆਨੀਆਂ ਨੂੰ ਵਿਚਾਰ-ਚਰਚਾ ਦਾ ਮੰਚ ਪ੍ਰਦਾਨ ਕਰੇਗੀ| ਆਰੰਭਕ ਸ਼ੈਸਨ ਵਿੱਚ ਮੁੱਖ ਮਹਿਮਾਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਸ਼ਾਮਿਲ ਹੋਏ| ਉਹਨਾਂ ਨਾਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕ੍ਰੀਮਿਕਾ ਗਰੁੱਪ ਆਫ ਇੰਡਸਟਰੀਜ਼ ਲੁਧਿਆਣਾ ਦੇ ਮੋਢੀ ਚੇਅਰ ਪਰਸਨ ਪਦਮਸ਼੍ਰੀ ਸ਼੍ਰੀਮਤੀ ਰਜਨੀ ਬੈਕਟਰ, ਲੇਡੀ ਇਰਵਿਨ ਕਾਲਜ ਨਵੀਂ ਦਿੱਲੀ ਦੇ ਡਾ. ਅਨੂਪਾ ਸਿੱਧੂ, ਗ੍ਰਹਿ ਵਿਗਿਆਨ ਐਸੋਸੀਏਸ਼ਨ ਦੇ ਸਕੱਤਰ ਡਾ. ਸੁਮਨ ਸਿੰਘ, ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਮਧੂ ਸਰਨ, ਪੀ.ਏ.ਯੂ. ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਸਿੰਘ ਹਾਂਸ ਅਤੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ.ਕਿਰਨ ਬੈਂਸ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਨ|
ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਅੱਜ ਦਾ ਯੁੱਗ ਅੰਤਰ ਅਨੁਸ਼ਾਸਨੀ ਪਹੁੰਚ ਵਾਲਾ ਹੈ| ਇਸ ਵਿਚ ਸਮਾਜ ਦਾ ਚੌਤਰਫਾ ਵਿਕਾਸ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਮਾਜ ਦੇ ਸਾਰੇ ਵਰਗ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਚੱਲਣ| ਉਹਨਾਂ ਕਿਹਾ ਕਿ ਕਿਸੇ ਜ਼ਮਾਨੇ ਵਿਚ ਗ੍ਰਹਿ ਵਿਗਿਆਨ ਨੂੰ ਘਰੇਲੂ ਕਾਰਜਾਂ ਨਾਲ ਜੋੜ ਕੇ ਦੇਖਣ ਦਾ ਰੁਝਾਨ ਸੀ ਅਤੇ ਇਸਨੂੰ ਕੇਵਲ ਔਰਤਾਂ ਲਈ ਰਾਖਵਾਂ ਕੀਤਾ ਜਾਂਦਾ ਸੀ| ਬਦਲਦੇ ਸਮੇਂ ਨਾਲ ਗ੍ਰਹਿ ਵਿਗਿਆਨ ਨੂੰ ਸਮਾਜ ਦੀ ਮੱੁਖ ਧਾਰਾ ਦਾ ਬੜਾ ਅਹਿਮ ਅੰਗ ਮੰਨਿਆ ਜਾਣ ਲੱਗਾ ਹੈ| ਇਸਲਈ ਇਕ ਕਮਿਊਨਟੀ ਦਾ ਵਿਗਿਆਨ ਬਣ ਗਿਆ ਹੈ| ਉਹਨਾਂ ਪੀ.ਏ.ਯੂ. ਵੱਲੋਂ ਇਸ ਦਿਸ਼ਾ ਵਿਚ ਕੀਤੇ ਕਾਰਜਾਂ ਦੇ ਹਵਾਲੇ ਨਾਲ ਕਿਹਾ ਕਿ ਅੱਜ ਖੇਤੀ ਉਤਪਾਦਨ ਨੂੰ ਭੋਜਨ ਅਤੇ ਪੋਸ਼ਣ ਤੋਂ ਇਲਾਵਾ ਪਰਿਵਾਰਕ ਅਧਿਐਨ ਅਤੇ ਸੰਚਾਰ ਅਤੇ ਪਸਾਰ ਨਾਲ ਜੋੜਿਆ ਜਾਣਾ ਚਾਹੀਦਾ ਹੈ| ਇਸਲਈ ਇਹ ਵਿਸ਼ੇ ਅਤੇ ਖੇਤਰ ਖੇਤੀ ਦਾ ਅਭਿੰਨ ਅੰਗ ਬਣੇ ਹੋਏ ਹਨ| ਡਾ. ਧਾਲੀਵਾਲ ਨੇ ਕਿਹਾ ਕਿ ਸਿਹਤ ਪ੍ਰਤੀ ਜਾਗਰੂਕਤਾ ਦੀ ਲੋੜ ਦੇ ਮੱਦੇਨਜ਼ਰ ਭੋਜਨ ਅਤੇ ਪੋਸ਼ਣ ਅਤੇ ਗ੍ਰਹਿ ਵਿਗਿਆਨ ਦੇ ਬਾਕੀ ਹਿੱਸੇ ਬਰਾਬਰ ਦੇ ਮਹੱਤਵਪੂਰਨ ਹੋ ਗਏ ਹਨ| ਉਹਨਾਂ ਨੇ ਕਮਿਊਨਟੀ ਦੇ ਵਿਕਾਸ ਲਈ ਖੇਤੀ ਵਿਚ ਔਰਤਾਂ ਦੀ ਬਰਾਬਰ ਦੀ ਭੂਮਿਕਾ ਉੱਪਰ ਵੀ ਜ਼ੋਰ ਦਿੱਤਾ| ਡਾ. ਧਾਲੀਵਾਲ ਨੇ ਆਸ ਪ੍ਰਗਟਾਈ ਕਿ ਇਸ ਕਾਨਫਰੰਸ ਦੇ ਸਿੱਟੇ ਇਸ ਸੰਬੰਧ ਵਿਚ ਅਹਿਮ ਸਾਬਿਤ ਹੋਣਗੇ|
ਪਦਮਸ਼੍ਰੀ ਰਜਨੀ ਬੈਕਟਰ ਨੇ ਉਦਯੋਗ ਅਤੇ ਉੱਦਮ ਦੇ ਖੇਤਰ ਵਿਚ ਹੋਰ ਯੋਗਦਾਨ ਅਤੇ ਸਹਿਯੋਗ ਲਈ ਔਰਤਾਂ ਨੂੰ ਸੱਦਾ ਦਿੱਤਾ| ਉਹਨਾਂ ਨੇ ਕਿਹਾ ਕਿ ਸੰਜੀਦਗੀ ਨਾਲ ਇਸ ਦਿਸ਼ਾ ਵਿਚ ਕਾਰਜ ਕਰਨ ਦੀ ਸਖਤ ਲੋੜ ਹੈ|
ਕੁੰਜੀਵਤ ਭਾਸ਼ਣ ਵਿਚ ਡਾ. ਅਨੂਪਾ ਸਿੱਧੂ ਨੇ ਘਰ ਅਤੇ ਸਮਾਜ ਵਿਚਕਾਰ ਰਿਸ਼ਤਾ ਮਜ਼ਬੂਤ ਬਨਾਉਣ ਬਾਰੇ ਪੱਖਾਂ ਉੱਪਰ ਚਾਨਣਾ ਪਾਇਆ| ਉਹਨਾਂ ਕਿਹਾ ਕਿ ਇਸ ਖੇਤਰ ਦੀਆਂ ਚੁਣੌਤੀਆਂ ਨੂੰ ਖੋਜ ਅਤੇ ਵਿੱਦਿਅਕ ਸੰਸਥਾਵਾਂ ਦੇ ਯੋਗਦਾਨ ਨਾਲ ਹੱਲ ਕੀਤਾ ਜਾ ਸਕਦਾ ਹੈ| ਗ੍ਰਹਿ ਵਿਗਿਆਨ ਐਸੋਸੀਏਸ਼ਨ ਇੰਡੀਆ ਦੇ ਪ੍ਰਧਾਨ ਡਾ. ਮਧੂ ਸ਼ਰਨ ਨੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਅਤੇ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਕਾਰਜਾਂ ਦਾ ਲੇਖਾ ਜੋਖਾ ਕੀਤਾ| ਉਹਨਾਂ ਕਿਹਾ ਕਿ ਨੀਤੀ ਨਿਰਧਾਰਕਾਂ ਤੋਂ ਇਲਾਵਾ ਇਸ ਖੇਤਰ ਦੀਆਂ ਸਾਰੀਆਂ ਧਿਰਾਂ ਨੂੰ ਇੱਕੋ ਮੰਚ ਤੇ ਲਿਆਉਣ ਵਿਚ ਇਹ ਦੋ ਸਾਲਾਂ ਕਾਨਫਰੰਸ ਲੰਮੇ ਸਮੇਂ ਤੋਂ ਆਪਣੀ ਭੂਮਿਕਾ ਅਦਾ ਕਰ ਰਹੀ ਹੈ| ਡਾ. ਸੁਮਨ ਸਿੰਘ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਗ੍ਰਹਿ ਵਿਗਿਆਨ ਅਤੇ ਸੰਬੰਧਿਤ ਖੇਤਰਾਂ ਦੀ ਗੱਲ ਕੀਤੀ|
ਡਾ. ਵਿਸ਼ਵਜੀਤ ਸਿੰਘ ਹਾਂਸ ਨੇ ਕਾਨਫਰੰਸ ਦੀ ਸਾਰਥਕਤਾ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ| ਉਹਨਾਂ ਨੇ ਇਸ ਮੌਕੇ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ਤੇ ਗਤੀਵਿਧੀਆਂ ਦੇ ਸੰਦਰਭ ਵਿਚ ਗ੍ਰਹਿ ਵਿਗਿਆਨ ਅਤੇ ਸਮਾਜ ਵਿਗਿਆਨ ਦੀ ਮਹੱਤਤਾ ਉਜਾਗਰ ਕਰਦਿਆਂ ਆਸ ਪ੍ਰਗਟਾਈ ਕਿ ਮਾਹਿਰਾਂ ਦੀ ਵਿਚਾਰ-ਚਰਚਾ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋਵੇਗੀ|
ਇਸ ਕਾਨਫਰੰਸ ਵਿਚ 250 ਦੇ ਕਰੀਬ ਅਕਾਦਮਿਕ ਮਾਹਿਰ, ਖੋਜੀ, ਵਿਗਿਆਨੀ ਅਤੇ ਵਿਦਿਆਰਥੀ ਸ਼ਾਮਿਲ ਹੋ ਰਹੇ ਹਨ| ਕਾਨਫਰੰਸ ਦੌਰਾਨ ਸੋਵੀਨਰ ਨੂੰ ਵੀ ਲੋਕ ਅਰਪਿਤ ਕੀਤਾ ਗਿਆ|
ਕਾਨਫਰੰਸ ਦੇ ਆਸ਼ਿਆ ਬਾਰੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਵਿਸਥਾਰ ਨਾਲ ਗੱਲ ਕੀਤੀ| ਉਹਨਾਂ ਕਿਹਾ ਕਿ ਨਵੇਂ ਸਮਾਜ ਦੀ ਮਜ਼ਬੂਤ ਉਸਾਰੀ ਲਈ ਕਮਿਊਨਟੀ ਸਾਇੰਸ ਨੂੰ ਅਹਿਮ ਵਿਸ਼ੇ ਵਜੋਂ ਵਿਚਾਰਿਆ ਜਾਣਾ ਜ਼ਰੂਰੀ ਹੈ|
ਅੰਤ ਵਿਚ ਧੰਨਵਾਦ ਦੇ ਸ਼ਬਦ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਦੇ ਮੁਖੀ ਡਾ. ਰਿਤੂ ਮਿੱਤਲ ਗੁਪਤਾ ਨੇ ਕਹੇ| ਸ਼ੈਸਨ ਦਾ ਸੰਚਾਲਨ ਸਹਿਯੋਗੀ ਪ੍ਰੋਫੈਸਰ ਡਾ. ਸੁਰਭੀ ਮਹਾਜਨ ਨੇ ਕੀਤਾ|
ਇਸ ਕਾਨਫਰੰਸ ਵਿਚ ਆਉਂਦੇ ਦੋ ਦਿਨਾਂ ਦੌਰਾਨ ਕਮਿਊਨਟੀ ਸਾਇੰਸ ਅਤੇ ਗ੍ਰਹਿ ਵਿਗਿਆਨ ਨਾਲ ਸੰਬੰਧਿਤ ਵਿਭਿੰਨਤ ਵਿਸ਼ਿਆਂ ਸੰਬੰਧੀ ਮਾਹਿਰਾਂ ਦੀਆਂ ਵਿਚਾਰ-ਚਰਚਾਵਾਂ ਕੇਂਦਰ ਵਿਚ ਰਹਿਣਗੀਆਂ|

