ਸੰਗਰੂਰ 31 ਮਈ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਸਾਡੇ ਸਮਾਜ ਵਿੱਚ ਅਨਪੜ੍ਹਤਾ ,ਅਗਿਆਨਤਾ ਤੇ ਲਾਈਲੱਗਤਾ ਕਾਰਨ ਅੰਧਵਿਸ਼ਵਾਸ,ਵਹਿਮਾਂ-ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦਾ ਬੋਲਬਾਲਾ ਹੈ। ਇਸ ਵਿੱਚ ਫਸੇ ਵਿਅਕਤੀ ਅਖੌਤੀ ਸਿਆਣਿਆਂ ਦੇ ਭਰਮ ਜਾਲ ‘ਚ ਪੈ ਜਾਂਦੇ ਹਨ । ਅਖੌਤੀ ਸਿਆਣਿਆਂ ਨੂੰ ਮਨੋਕਲਪਿਤ ਭੂਤ- ਪ੍ਰੇਤ ਕੱਢਣ ਪ੍ਰਤੀ ਲੋਕਾਂ ਨੂੰ ਭਰਮਜਾਲ ਵਿੱਚ ਪਾਉਣ ਦੀ ਜਾਚ ਆ ਜਾਂਦੀ ਹੈ। ਉਹ ਆਪਣੇ ਘਰ ਜਾਂ ਕਿਸੇ ਪੀਰ ਫਕੀਰ ਦੇ ਬੂਹੇ ‘ਤੇ ਚੌਕੀਂ ਲਾ ਲੈਂਦੇ ਨੇ । ਜ਼ਿਆਦਾ ਤਰ ਚੌਂਕੀਆਂ ਵੀਰਵਾਰ ਨੂੰ ਹੀ ਲਗਦੀਆਂ ਨੇ। ਅਜਿਹੇ ਅਖੌਤੀ ਸਿਆਣਿਆਂ ਕੋਲ ਦੋ -ਚਾਰ ਵਿਅਕਤੀ ਜਾਂ ਆਖ ਲਈਏ ਇਨ੍ਹਾਂ ਦੇ ਚੇਲੇ –ਚਪਟੇ /ਗੁਮਾਰਤੇ ਜ਼ਰੂਰ ਹੁੰਦੇ ਨੇ ,ਜੋ ਇਨਾਂ ਦੀ ਝੂਠੀ ਸ਼ਲਾਘਾ ਕਰਦੇ ਰਹਿੰਦੇ ਹਨ। ਉਹ ਦਲਾਲੀ ਦਾ ਕੰਮ ਹੀ ਕਰਦੇ ਨੇ , ਕਮਜ਼ੋਰ ਮਾਨਸਿਕਤਾ ਵਾਲੇ ਅੰਧਵਿਸ਼ਵਾਸ਼ੀ ਮਾਨਸਿਕ ਰੋਗੀਆਂ ਤੇ ਮਨੋਕਲਪਿਤ ਭੂਤ- ਪ੍ਰੇਤ ਤੋਂ ਡਰੇ ਲੋਕਾਂ ਨੂੰ,ਇਨ੍ਹਾਂ ਪਰਜੀਵੀਆਂ ਕੋਲ ਲਿਆਉਂਦੇ ਹਨ ।
ਅਜਿਹੇ ਅਖੌਤੀ ਸਿਆਣਿਆਂ ਦੀਆਂ ਦੁਕਾਨਦਾਰੀ ਵਧੀਆ ਚਲਦੀ ਹੈ। ਮਾਨਸਿਕ ਰੋਗਾਂ ਅਤੇ ਮਨੋਕਲਪਿਤ ਭੂਤਾਂ -ਪ੍ਰੇਤਾਂ ਦੇ ਡਰੇ ਤੋਂ ਸਤਾਏ ਲੋਕਾਂ ਦੀ ਇਹ ਅੰਨੇਵਾਹ ਲੁੱਟ ਕਰਦੇ ਨੇ । ਸਿਰਫ ਆਰਥਿਕ ਲੁੱਟ-ਖਸੁੱਟ ਹੀ ਨਹੀਂ ਕਰਦੇ , ਸਗੋਂ ਕਈ ਵਾਰੀ ਸਰੀਰਕ ਲੁੱਟ ਵੀ ਕਰ ਜਾਂਦੇ ਹਨ।ਕਈ ਸਾਲ ਪਹਿਲਾਂ ਦੀ ਗੱਲ ਹੈ ਤਰਕਸ਼ੀਲ ਸੁਸਾਇਟੀ ਕੋਲ ਇਕ ਕੇਸ ਆਇਆ । ਇਕ ਵਿਅਕਤੀ ਕਿੱਤੇ ਵਜੋਂ ਵਧੀਆ ਮੰਨਿਆਂ –ਪ੍ਰਮੰਨਿਆਂ ਲੱਕੜ ਦਾ ਮਿਸਤਰੀ ਸੀ । ਉਸ ਦੀਆਂ ਚਾਰ ਧੀਆਂ ਸਨ । ਮੁੱਢਲੀ ਜਾਣਕਾਰੀ ਅਨੁਸਾਰ ਕਈ ਦਿਨ ਉਸਨੂੰ ਕੁੱਝ ਬੁਰਾ ਮਹਿਸੂਸ ਹੋਇਆ, ਭੈੜੇ ਤੇ ਡਰਾਵਣੇ ਸੁਪਨੇ ਆਏ, ਓਪਰੀ ਸ਼ੈਅ ਦਾ ਅਸਰ ਸਮਝ ਕੇ ਉਸ ਦੀ ਘਰ ਵਾਲੀ ਨੇ ਆਪਣੇ ਪੇਕਿਓਂ ਜਾਣੂੰ ਇੱਕ ਅਖੌਤੀ ਸਿਆਣੇ ਨੂੰ ਘਰੇ ਬੁਲਾਇਆ,ਉਸ ਕਿਹਾ ਤੇਰੇ ਅੰਦਰ ਪੀਰ ਦਾ ਵਾਸਾ ਹੋ ਗਿਆ ਹੈ,ਤੂੰ ਹੁਣ ਪੁੱਛਾਂ ਦੇਣ ਲਗ ਜਾ ਤੇ ਉਹ ਕਈ ਦਿਨ ਉਨ੍ਹਾਂ ਕੋਲ ਰਿਹਾ ਤੇ ਮਿਸਤਰੀ ਨੂੰ ਆਪਣੇ ਪ੍ਰਭਾਵ ਹੇਠ ਲਿਆ ਕੇ ਕਹਿਣ ਲੱਗਿਆ “ਤੈਨੂੰ ਹੁਣ ਸਿਆਣਪ ਦਾ ਗੁਰ ਦੇਣ ਲੱਗਿਆਂ , ਤੂੰ ਕਾਰੀਗਰੀ ਛੱਡ ਕੇ ਸਿਆਣਪ ਕਰਿਆ ਕਰੇ, ਬਹੁਤ ਪੈਸੇ ਆਇਆ ਕਰਨਗੇ। ਇਸ ਪਿੰਡ ਵਿੱਚ ਵੀ ਉਸ ਦੇ ਕਈ ਜਾਣੂੰ ਸਨ, ਉਨ੍ਹਾਂ ਦੁਆਰਾ ਉਸਨੇ ਇਸ ਕਾਰੀਗਰ ਬਾਰੇ ਵੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਇਸ ਵਿੱਚ ਪੀਰ ਆਉਂਦਾ ਹੈ, ਵੀਰਵਾਰ ਨੂੰ ਚੌਂਕੀ ਲਾ ਕੇ ਸਾਰੀਆਂ ਸੱਚੀਆਂ ਗੱਲਾਂ ਦੱਸਦਾ ਹੈ। ਹੌਲੀ ਹੌਲੀ ਉਸ ਕੋਲ ਵੀ , ਓਪਰੀ ਸ਼ੈਅ,ਗੁੰਮ ਹੋਈਆਂ ਚੀਜ਼ਾਂ ਵਾਲੇ ਪੁੱਛ ਲੈਣ ਆਉਣ ਲੱਗ ਪਏ । ਕੁੱਝ ਚਿਰ ਬਾਅਦ ਕਾਰੀਗਰ ਤੋਂ ਅਖੌਤੀ ਸਿਆਣਾ ਬਣਿਆ ਆਪ ਹੀ ਖੇਡਣ ਲੱਗ ਪਿਆ।ਜਿਸ ਤੋਂ ਸਿਆਣਪ ਸਿੱਖੀ ਸੀ ਕਹਿੰਦਾ ਇਸ ਅੰਦਰ ਭੂਤ ਵੜ ਗਏ ਹਨ,ਉਸ ਨੇ ਉਨ੍ਹਾਂ ਤੋਂ ਬਹੁਤ ਪੈਸਾ ਲੁਟਿਆ।
ਇਕ ਤਰਕਸ਼ੀਲ ਅਧਿਆਪਕ ਦੇ ਕਹਿਣ ਤੇ ਉਸ ਨੂੰ ਸਾਡੇ ਕੋਲ ਲਿਆਂਦਾ ਗਿਆ ।ਸਾਡੀ ਤਿੰਨ ਮੈਂਬਰੀ ਕ੍ਰਿਸ਼ਨ ਸਿੰਘ,ਗੁਰਦੀਪ ਸਿੰਘ ਤੇ ਮੇਰੇ ਆਧਾਰਿਤ ਤਰਕਸ਼ੀਲ ਟੀਮ ਨੇ ਮਨੋਵਿਗਿਆਨਕ ਤੇ ਵਿਗਿਆਨਕ ਆਧਾਰ ਤੇ ਪੜਤਾਲ ਕਰਨ ਉਪਰੰਤ ਪਾਇਆ ਗਿਆ ਕਿ ਆਪਣੀਆਂ ਲੜਕੀਆਂ ਦੇ ਭਵਿੱਖ ਤੇ ਆਪਣੇ ਕੰਮ ਬਾਰੇ ਚਿੰਤਤ ਸੀ ਉਸ ਉਪਰੰਤ ਅਖੌਤੀ ਸਿਆਣਪ ਨੇ ਉਸਨੂੰ ਮਾਨਸਿਕ ਰੋਗੀ ਬਣਾਇਆ ਹੋਇਆ ਸੀ। ਉਸਨੇ ਗਲਬਾਤ ਵਿੱਚ ਦੱਸਿਆ ਕਿ ਮੈਂ ਵਧੀਆ ਲੱਕੜੀ ਦਾ ਕਾਰੀਗਰ ਸੀ। ਮੈਂ ਬੀਮਾਰ ਹੋ ਗਿਆ। ਓਪਰੀ ਸ਼ੈਅ ਦਾ ਅਸਰ ਸਮਝ ਕੇ ਮੇਰੀ ਘਰਵਾਲੀ ਆਪਣੇ ਪਿੰਡੋਂ ਕਿਸੇ ‘ਸਿਆਣੇ ‘ਨੂੰ ਬੁਲਾ ਲਿਆਈ ,ਉਹ ਨੇ ਮੈਨੂੰ ਵੀ ‘ਸਿਆਣਪ’ ਕਰਨ ਦੇ ਝਾਂਸੇ ਵਿੱਚ ਫਸਾ ਲਿਆ। ‘ਸਿਆਣਪ ‘ਨੇ ਮੇਰਾ ਨਾਸ ਮਾਰਤਾ। ਪੁੱਛਾਂ ਲੈਣ ਬਹੁਤ ਸਾਰੇ ਲਾਈਲੱਗ ਲੋਕ ਮੇਰੇ ਕੋਲ ਵੀ ਆਉਂਦੇ ਹਨ।ਕਈ ਮਸ਼ਟੰਡੇ ਵੀ ਆਉਣ ਲਗ ਪਏ।ਉਹ ਮੇਰੀਆਂ ਕੁੜੀਆਂ ਤੇ ਬੁਰੀ ਨਜ਼ਰ ਰੱਖਦੇ ਹਨ। ਦਾਰੂ ਪੀਣ ਲਈ ਮੈਥੋਂ ਪੈਸੇ ਵੀ ਲੈ ਕੇ ਜਾਂਦੇ ਹਨ। ਉਹ ਮੇਰੇ ਕੋਲ ਪੁੱਛਾਂ ਲੈਣ ਵਾਲੇ ਲੋਕਾਂ ਨੂੰ ਲੈ ਕੇ ਆਉਂਦੇ ਹਨ। ਮੈਂ ਕਿਹਾ,” ਤੂੰ ਲੋਕਾਂ ਨੂੰ ਪੁੱਛਾਂ ਦਿੰਦਾ ਹੈਂ। ਤੂੰ ਆਪਣੇ ਆਪ ਨੂੰ ਠੀਕ ਕਰ ਲੈ। ਤੂੰ ਭੂਤਾਂ ਪ੍ਰੇਤਾਂ ਤੋਂ ਕਿਉਂ ਡਰਦੈਂ ।ਉਸ ਕਿਹਾ ” ਮੇਰੇ ਕੋਲ ਕੀ ਹੈ, ਮੇਰੇ ਕੋਲ ਕੀ,ਕਿਸੇ ਕੋਲ ਵੀ ਕੁੱਝ ਨਹੀਂ, ਠੱਗੀ ਹੈ, ਚਲਾਕੀ ਹੈ ।” ਰੁੱਕ ਕੇ ਉਸ ਨੇ ਅੱਗੇ ਕਿਹਾ,” ਮੈਨੂੰ ਭੂਤਾਂ ਡਰਾਉਂਦੀਆਂ ਹਨ। ਮੈਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ। ਮੈਨੂੰ ਬਹੁਤ ਡਰ ਲੱਗਦਾ ਹੈ।” ਮੈਂ ਕਿਹਾ ,”ਜੇ ਤੇਰੇ ਅੰਦਰੋਂ ਭੂਤਾਂ ਕੱਢ ਦੇਈਏ ,ਫਿਰ ਤੂੰ ਇਹ ਲੋਕਾਂ ਨੂੰ ਠੱਗਣ ਦਾ ਧੰਦਾ ਤਾਂ ਨਹੀਂ ਕਰੇਂਗਾ। “ਉਸ ਕਿਹਾ “ਮੇਰੀ ਤੋਬਾ,ਮੈਨੂੰ ਠੀਕ ਕਰ ਦਿਓ। ਤੁਹਾਡੇ ਪੈਰ ਫੜਦਾ ਹਾਂ,ਮੇਰਾ ਘਰ ਬਚਾ ਲਵੋ, ਮੈਂ ਚਾਰ ਕੁੜੀਆਂ ਦਾ ਪਿਓ ਹਾਂ।” ਫਿਰ ਅਸੀਂ ਉਸ ਨੂੰ ਸਾਰਥਿਕ ਤੇ ਉਸਾਰੂ ਸੁਝਾਅ ਦਿੰਦਿਆਂ, ਆਪਣੇ ਪ੍ਰਭਾਵ ਹੇਠ ਲਿਆਂਦਾ। ਉਸਨੂੰ ਭੂਤਾਂ -ਪ੍ਰੇਤਾਂ ਦੀ ਅਣਹੋਂਦ ਬਾਰੇ ਦੱਸਿਆ। ਗਲਬਾਤ ਵਿਧੀ ਰਾਹੀਂ ਹੁਣ ਉਹ ਪੂਰੀ ਤਰ੍ਹਾਂ ਸਾਡੇ ਵਿਸ਼ਵਾਸ ਵਿੱਚ ਆ ਚੁੱਕਿਆ ਸੀ। ਮੇਰੇ ਇੱਕ ਸਾਥੀ ਨੇ ਉਸ ਨੂੰ ਆਪਣੇ ਪ੍ਰਭਾਵ ਵਿੱਚ ਲੈ ਕੇ ਅੱਖਾਂ ਬੰਦ ਕਰਾ ਕੇ, ਉਸਨੂੰ ਹਲਕੀ ਨੀਂਦ ਦੇ ਕੇ,ਉਸ ਦੇ ਮਨ ਵਿਚੋਂ ਵਿੱਚੋਂ ਕਲਪਿਤ ਭੂਤਾਂ ਪ੍ਰੇਤਾਂ ,ਚੂੜੇਲਾਂ ,ਪੀਰ ਆਦਿ ਦੇ ਡਰ ਨੂੰ ਸਾਫ ਕੀਤਾ। ਅੱਖਾਂ ਖੋਲ੍ਹਣ ਤੋਂ ਬਾਅਦ ਉਹ ਉਹ ਕਾਫੀ ਠੀਕ ਮਹਿਸੂਸ ਕਰ ਰਿਹਾ ਸੀ।ਉਸ ਦੇ ਕਾਰੋਬਾਰ ਬਾਰੇ ਵਿਸਥਾਰਤ ਗਲਬਾਤ ਕੀਤੀ,ਸਾਰੇ ਭਰਮ ਦੂਰ ਕੀਤੇ ।ਉਸ ਦੇ ਚਿਹਰੇ ਤੇ ਆਈ ਮੁਸਕਰਾਹਟ ਉਸਦੇ ਠੀਕ ਹੋਣ ਦੀ ਗਵਾਹੀ ਸੀ।ਉਸ ਨੂੰ ਸਮਝਾਇਆ ਗਿਆ ਕਿ ਇਨ੍ਹਾਂ ਅਖੌਤੀ ਸਿਆਣਿਆਂ ਕੋਲ ਕੁੱਝ ਨਹੀਂ, ਤੈਨੂੰ ਤਾਂ ਇਨ੍ਹਾਂ ਬਾਰੇ ਪਤਾ ਲੱਗ ਹੀ ਗਿਆ। ਅੱਗੇ ਤੋਂ ਲੋਕਾਂ ਨੂੰ ਇਲਾਜ ਲਈ ਮਨੋਵਿਗਿਆਨੀਆਂ , ਮਾਨਸਿਕ ਰੋਗ ਮਾਹਿਰਾਂ ਜਾਂ ਤਰਕਸ਼ੀਲਾਂ ਕੋਲ ਜਾਣ ਲਈ ਕਹਿਣਾ ਹੈ ਤਾਂ ਜੋ ਲੋਕ ਅਖੌਤੀ ਸਿਆਣਿਆਂ, ਤਾਂਤਰਿਕਾਂ ਦੇ ਭਰਮ ਜਾਲ਼ ਵਿੱਚ ਪੈ ਕੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਇਨ੍ਹਾਂ ਕੋਲ ਲੁਟਾਉਣ ਦੀ ਥਾਂ ਆਪਣੀ ਕਮਾਈ ਆਪਣੇ ਪਰਿਵਾਰ ਤੇ ਖਰਚ ਕਰ ਸਕਣ।
ਤੀਜੀ ਵਾਰ ਜਦ ਉਹ ਆਪਣੀ ਘਰਵਾਲੀ ਤੇ ਇੱਕ ਲੜਕੀ ਨਾਲ ਸਾਡੇ ਕੋਲ਼ ਆਇਆਂ ਤਾਂ ਉਸਦੀਆਂ ਅੱਖਾਂ ਵਿੱਚ ਚਮਕ ਸੀ ਅਤੇ ਉਹ ਖੁਸ਼ ਨਜ਼ਰ ਆ ਰਿਹਾ ਸੀ। ਉਸ ਦੇ ਦੱਸਣ ਮੁਤਾਬਕ ਘਰ ਵਿੱਚ ਲਾਈ ਚੌਂਕੀ ਬੰਦ ਕਰ ਦਿੱਤੀ ਸੀ।ਉਸਨੇ ਆਪਣਾ ਕਾਰੀਗਰੀ ਦਾ ਕਿੱਤਾ ਪੂਰੀ ਮਿਹਨਤ ਤੇ ਤਨਦੇਹੀ ਨਾਲ ਦੁਬਾਰਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਘਰ ਵਿੱਚ ਖੁਸ਼ੀਆਂ ਪਰਤ ਆਈਆਂ ਸਨ।ਉਸ ਦੇ ਪਰਿਵਾਰ ਨੂੰ ਅਖੌਤੀ ਭੂਤਾਂ ਪ੍ਰੇਤਾਂ ਦੀ ਅਸਲੀਅਤ ਬਾਰੇ ਵਿਸਥਾਰ ਪੂਰਵਕ ਸਮਝਾਇਆ, ਉਨ੍ਹਾਂ ਨੂੰ ਕਿਹਾ ਕਿ ਭੂਤ ਪ੍ਰੇਤ ਸਿੱਧ ਕਰਨ ਵਾਲੇ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ । ਅਸੀਂ ਉਨ੍ਹਾਂ ਨੂੰ ਤਰਕਸ਼ੀਲ ਮੈਗਜ਼ੀਨ ਪੜ੍ਹਨ ਲਈ ਪ੍ਰੇਰਿਤ ਕੀਤਾ ਤੇ ਉਸ ਦੀਆਂ ਪੜ੍ਹੀਆਂ ਲਿਖੀਆਂ ਲੜਕੀਆਂ ਲਈ ਪੁਰਾਣੇ ਤਰਕਸ਼ੀਲ ਮੈਗਜ਼ੀਨ ਤੇ ਵਿਗਿਆਨਕ ਵਿਚਾਰਾਂ ਵਾਲਾ ਕਾਫੀ ਸਾਹਿਤ ਪੜ੍ਹਨ ਲਈ ਮੁਫਤ ਦਿੱਤਾ ਤੇ ਵਿਗਿਆਨਕ ਸੋਚ ਅਪਣਾਉਣ ਦਾ ਸੁਨੇਹਾ ਦੇ ਕੇ ਘਰ ਤੋਰਿਆ। ਉਸ ਤੋਂ ਬਾਅਦ ਉਸ ਨੇ ਬਹੁਤ ਸਾਰੇ ਮਾਨਸਿਕ ਰੋਗੀਆਂ ਤੇ ਰਹੱਸਮਈ ਜਾਪਦੀਆਂ ਘਟਨਾਵਾਂ ਭਾਵ ਭੂਤਾਂ ਪ੍ਰੇਤਾਂ ਨਾਲ ਜੁੜੇ ਕੇਸਾਂ ਨੂੰ ਸਾਡੇ ਕੋਲ ਭੇਜਿਆ ਤੇ ਅਸੀਂ ਉਨ੍ਹਾਂ ਨੂੰ ਢੁਕਵੀਂ ਸਲਾਹ ਨਾਲ ਮਾਹਿਰ ਡਾਕਟਰਾਂ ਤੋਂ ਠੀਕ ਕਰਵਾਇਆ। ਅਸੀਂ ਚਾਹੁੰਦੇ ਹਾਂ ਕਿ ਲੋਕ ਅੰਧਵਿਸ਼ਵਾਸਾਂ, ਵਹਿਮਾਂ –ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਦੀ ਰੋਸ਼ਨੀ ਵਿੱਚ ਆਉਣ ਤੇ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਬਣਨ।