ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਬਠਿੰਡਾ,18 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸਿੱਖ ਪੰਥ ਦੇ ਡੂੰਘੇ ਚਿੰਤਕ ਅਤੇ ਪੰਥ ਨਾਲ ਡੱਟ ਕੇ ਖੜਨ ਵਾਲੇ ਅਦਾਰਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ੍ਰ ਜਸਪਾਲ ਹੇਰਾਂ ਦਾ ਇੱਕ ਲੰਬੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਲਗਭਗ 65 ਸਾਲ ਦੀ ਉਮਰ ਵਿੱਚ ਉਹਨਾਂ ਨੇ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਆਖਰੀ ਸਾਹ ਲਏ। ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਹਿੱਤ ਕਲਮ ਚਲਾਉਣ ਕਾਰਨ ਉਹਨਾਂ ਨੂੰ ਸਰਕਾਰ ਸਮੇਤ ਕਈ ਸਮਾਜ ਵਿਰੋਧੀ ਅਨਸਰਾਂ ਦੇ ਵੀ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਮੇਂ ਸਮੇਂ ਉਹਨਾਂ ਖਿਲਾਫ ਬੜੀਆਂ ਡੂੰਘੀਆਂ ਸਾਜਿਸ਼ਾਂ ਘੜੀਆਂ ਗਈਆਂ ਅਤੇ ਉਹਨਾਂ ਨੂੰ ਮਾਨਸਿਕ ਤੌਰ ਤੇ ਤੋੜਨ ਦਾ ਵੀ ਯਤਨ ਕੀਤਾ ਗਿਆ ਪਰ ਉਹਨਾਂ ਨੇ ਆਪਣੀ ਕਲਮ ਦਾ ਰੁਖ ਹਮੇਸ਼ਾ ਹੱਕ ਸੱਚ ਦੇ ਵੱਲ ਰੱਖਿਆ। ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ ਪੁੱਤਰ ਅਤੇ ਇੱਕ ਪੋਤੀ ਨੂੰ ਸਦਾ ਲਈ ਰੋਂਦਾ ਛੱਡ ਕੇ ਚਲੇ ਗਏ।
ਉਹਨਾਂ ਦੇ ਪੁੱਤਰ ਅਤੇ ਅਦਾਰਾ ਪਹਿਰੇਦਾਰ ਦੇ ਮੈਨੇਜਿੰਗ ਡਾਇਰੈਕਟਰ ਰਿਸ਼ਵਦੀਪ ਸਿੰਘ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਅਦਾਰਾ ਪਹਿਰੇਦਾਰ ਦੇ ਡਾਇਰੈਕਟਰ ਅਤੇ ਲੇਖਕ ਜਸਕਰਨ ਸਿੰਘ ਸਿਵੀਆਂ, ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਜੀਤ ਚੌਹਾਨ, ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ ਖਾਲਸਾ ਅਤੇ ਕਲੱਬ ਦੇ ਸਮੂਹ ਅਹਦੇਦਾਰ ਅਤੇ ਮੈਂਬਰ ਸਾਹਿਬਾਨਾਂ ਨੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ।