14 ਅਪ੍ਰੈਲ ਨੂੰ ਸਨਮਾਨ ਸਮਾਰੋਹ ਤੇ ਵਿਸ਼ੇਸ਼
ਮਨੋਵਿਗਿਆਨ ਦਾ ਕਹਿਣਾ ਹੈ ਕਿ ਘਰੇਲੂ ਮਾਹੌਲ ਦਾ ਬੱਚਿਆਂ ਦੇ ਅਚੇਤ ਅਤੇ ਸੁਚੇਤ ਮਨ ਉੱਪਰ ਡੂੰਘਾ ਪ੍ਰਭਾਵ ਪੈਂਦਾ ਹੈ।ਸੋ ਉਹਨਾਂ ਦੀਆਂ ਮਾਨਸਿਕ ਰੁਚੀਆਂ ਦੇ ਪ੍ਰਭਾਵ ਦੇ ਲੱਛਣ ਮੁੱਢਲੇ ਜੀਵਨ ਚ ਹੀ ਉਹਨਾਂ ਦੀਆਂ ਕ੍ਰਿਆਵਾਂ ਤੋਂ ਉੱਭਰਨੇ ਸ਼ੁਰੂ ਹੋ ਜਾਂਦੇ ਹਨ।ਕੁਝ ਇਸੇ ਤਰ੍ਹਾ ਦਾ ਹੀ ਪ੍ਰੋ.ਨਵਸੰਗੀਤ ਸਿੰਘ ਲੇਖਕ ਅਤੇ ਸ਼ਾਇਰ, ਮਾਤਾ ਡਾ.ਕੁਲਦੀਪ ਕੌਰ ਚਰਚਿਤ ਲੇਖਿਕਾ ਦੇ ਘਰ 18.1.2001 ਨੂੰ ਪਟਿਆਲਾ ਵਿਖੇ ਜਨਮੀ ਅਤੇ ਮੌਜੂਦਾ ਸਮੇਂ ਤਲਵੰਡੀ ਸਾਬੋ (ਬਠਿੰਡਾ) ਵਿਖੇ ਰਹਿ ਰਹੀ ਨਵੇਂ ਪੂਰ ਦੀ ਸ਼ਾਇਰਾ ਰੂਹੀ ਸਿੰਘ ਨਾਲ ਵਾਪਰਿਆ ਹੈ।
ਪ੍ਰੋ ਨਵਸੰਗੀਤ ਸਿੰਘ (ਪਿਤਾ) ਅਤੇ ਮਾਤਾ ਡਾ.ਕੁਲਦੀਪ ਕੌਰ ਦਾ ਸਾਹਿਤਕ ਸਿਰਜਣਾਮਕ ਰੁਚੀਆਂ ਦੇ ਮਾਲਕ ਹੋਣ ਕਾਰਣ ਘਰ ਵਿੱਚ ਸਾਹਿਤਕ ਮਾਹੌਲ ਹੋਣਾ ਲਾਜ਼ਮੀ ਹੈ। ਅਖ਼ਬਾਰਾਂ ਚ ਪਿਤਾ ਜੀ ਦੀਆਂ ਰਚਨਾਵਾਂ ਛਪਦੀਆਂ ਹੋਣ ਕਾਰਣ ਉਹਨਾਂ ਨੂੰ ਪੜਨ ਦਾ ਮੌਕਾ ਮਿਲਦਾ ਰਹਿੰਦਾ ਸੀ ਅਤੇ ਮਨ ਅੰਦਰ ਸਾਹਿਤਕ ਸਿਰਜਣਾ ਦੀਆਂ ਕਿਰਿਆਵਾਂ ਉਬਾਲੇ ਲੈਂਣ ਲੱਗ ਪਈਆ ਸਨ।ਪਰ ਪੜਾਈ ਦੇ ਬੋਝ ਨੇ ਦਿਲ ਅੰਦਰ ਉੱਠਦੇ ਸਾਹਿਤਕ ਵਿਚਾਰਾਂ ਦੇ ਤੂਫ਼ਾਨ ਨੂੰ ਕੁਝ ਵਕਤ ਲਈ ਦਬੇ ਰਹਿਣ ਲਈ ਮਜਬੂਰ ਕੀਤਾ।
ਉਹਨੇ ਘਰ ਦੇ ਸਾਹਿਤਕ ਮਾਹੌਲ ਚ ਰਹਿਦਿਆਂ ਐਮ.ਏ. ਅੰਗਰੇਜ਼ੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ ਅਤੇ ਹੁਣ ਅੰਗਰੇਜ਼ੀ ਸਾਹਿਤ ਵਿਚ ਪੀ.ਐਚ.ਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰ ਰਹੀ ਹੈ।
ਮਨ ਅੰਦਰ ਜਵਾਲਾਮੁਖੀ ਦੇ ਲਾਵੇ ਵਾਂਗ ਉਬਾਲੇ ਮਾਰ ਰਹੇ ਸਾਹਿਤਕ ਵਿਚਾਰਾਂ ਨੇ ਸਮੁੰਦਰੀ ਲਹਿਰਾਂ ਵਾਂਗ ਹੱਥਾਂ ਦੀਆਂ ਉਂਗਲੀਆਂ ਨਾਲ ਕੁਝ ਕਾਗਜ਼ ਦੀ ਹਿੱਕ ਤੇ ਉਕਰਣ ਲਈ ਟਕਰਾਉਣਾ ਸ਼ੁਰੂ ਕਰ ਦਿੱਤਾ ਅਤੇ ਉਸਨੇ 2014-15 ਚ ਬਾਲ ਕਹਾਣੀਆਂ ਤੋਂ ਲਿਖਣ ਦੀ ਸ਼ੁਰੂਆਤ ਕਰ ਦਿੱਤੀ।ਇਸੇ ਲੜੀ ‘ਚ ਉਸਦੀਆਂ ਦੋ ਪੁਸਤਕਾਂ “ਗੁਲਦਾਊਦੀਆਂ” ਤੇ “ਸੁਨਹਿਰੀ ਸਵੇਰ” ਛਪ ਚੁੱਕੀਆਂ ਹਨ ਅਤੇ ਇਹ “ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ, ਪਟਿਆਲਾ” ਵੱਲੋਂ ਛਪਵਾਈਆਂ ਗਈਆਂ।
ਫ਼ਿਰ 2017-18 ਵਿਚ ਉਹਦੇ ਸਮੇਤ ਕਾਫ਼ੀ ਬੱਚੇ ਜੋ ਬਾਲ ਲੇਖਕ ਸਨ ਉਸ ਸਮੇਂ ਦੀਆਂ ਮੁਲਾਕਾਤਾਂ ਦੀ ਕਿਤਾਬ ਪ੍ਰਕਾਸ਼ਿਤ ਹੋਈ, ਜਿਸ ਦੇ ਸਰਵਰਕ ‘ਤੇ ਉਹਦੀ ਕਵਿਤਾ ਛਪੀ ਸੀ ,
“ਅਸੀਂ ਸੂਰਜ ਦੇ ਹਾਂ ਵਾਰਿਸ, ਅਸੀਂ ਚਾਨਣ ਦੇ ਵਣਜਾਰੇ..
ਅਸਾਂ ਰੌਸ਼ਨ ਜਹਾਂ ਕਰਨਾ, ਅਸੀਂ ਹਾਂ ਭਲਕ ਦੇ ਤਾਰੇ…”!
ਇੰਜ ਬਾਲ ਕਹਾਣੀਆਂ ਤੋਂ ਬਾਅਦ ਕਵਿਤਾ ਅਤੇ ਉਸ ਤੋਂ ਬਾਅਦ ਗ਼ਜ਼ਲ ਵੱਲ੍ਹ ਆਈ ਰੂਹੀ ਸਿੰਘ ਯਾਦ ਕਰਦਿਆਂ ਕਹਿੰਦੀ ਹੈ ਕਿ ਪਹਿਲੀ ਗ਼ਜ਼ਲ ਦਾ ਪਹਿਲਾ ਸ਼ਿਅਰ ਜਦੋਂ ਮਤਲੇ ਦੇ ਰੂਪ ‘ਚ ਜ਼ਿਹਨ ‘ਚ ਆਇਆ ਸੀ ਤਾਂ ਉਹਨੂੰ ਲਿਖ ਕੇ ਮੈਂ ਕਈ ਦਿਨ ਉਹਦੇ ਸਰੂਰ ਵਿਚ ਰਹੀ ਸੀ…
“ਬਸੰਤੀ ਮੌਸਮਾਂ ਵਿਚ ਜ਼ਰਦ ਨੇ ਪੱਤੇ, ਸਿਆਸਤ ਹੈ
ਸਰਗਮ ‘ਚ ਵੀ ਹਾਜ਼ਿਰ ਨਾ ਸੁਰ ਸੱਤੇ, ਸਿਆਸਤ ਹੈ”
ਉਹ ਦਿਨ ਤੋਂ ਬਾਅਦ ਮੌਜੂਦਾ ਸਮੇਂ ਤੱਕ ਉਹ ਗ਼ਜ਼ਲਾਂ ਨੂੰ ਹੀ ਸਮਰਪਿਤ ਅਤੇ ਤਰਜੀਹਤ ਹੈ।
ਮਾਣ ਸਨਮਾਨ ਸੰਬੰਧੀ ਗੱਲ ਕਰਦਿਆਂ ਦੱਸਦੀ ਹੈ ਕਿ ਉਸਨੂੰ “ਤਾਰੇ ਭਲਕ ਦੇ ਬਾਲ ਪੁਰਸਕਾਰ” ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ ਪਟਿਆਲਾ ਵੱਲੋਂ, 2015 ਵਿਚ ਮਿਲਿਆ ਸੀ। ਉਸ ਤੋਂ ਬਾਅਦ ਪੰਜਾਬ ਸਾਹਿਤ ਅਕਾਦਮੀ, ਕਲਾ ਪ੍ਰੀਸ਼ਦ ਚੰਡੀਗੜ੍ਹ, ਸਿਰਜਣਾਤਮਕ ਸਿੱਖਿਆ ਸੰਸਾਰ, ਅਦਾਰਾ ਸ਼ਬਦ ਜੋਤ, ਤੇ ਹੋਰ ਵੱਖ ਵੱਖ ਵਿੱਦਿਅਕ ਅਦਾਰਿਆਂ ਤੇ ਸਾਹਿਤਕ ਸੰਸਥਾਵਾਂ ਵੱਲੋਂ ਕਵੀ ਦਰਬਾਰਾਂ ‘ਚ ਬੁਲਾਇਆ ਜਾਂਦਾ ਰਿਹਾ ਜੋ ਕਿ ਬਾ-ਦਸਤੂਰ ਜਾਰੀ ਹੈ।ਮੇਰੇ ਧੰਨਭਾਗ ਹਨ ਅਤੇ ਬਹੁਤ ਮਾਣ-ਸਨਮਾਨ ਮਿਲਦੈ ਹਮੇਸ਼ਾ।
ਗ਼ਜ਼ਲਾਂ ਵਰਗੀ ਗ਼ਜ਼ਲ ਸਿਰਜਕ ਰੂਹੀ ਸਿੰਘ ਅੱਜਕਲ੍ਹ ਗ਼ਜ਼ਲਾਂ ਹੀ ਲਿਖ ਰਹੀ ਹੈ ਅਤੇ ਕੁਝ ਆਜ਼ਾਦ ਨਜ਼ਮਾਂ ਦੇ ਅੰਗਰੇਜ਼ੀ ਤੋਂ ਪੰਜਾਬੀ ‘ਚ ਅਨੁਵਾਦ ਵੀ ਕੀਤੇ ਹਨ।
ਕਵਿਤਾ/ਗ਼ਜ਼ਲ ਦਾ ਮਨੋਰਥ ਸੰਬੰਧੀ ਸਪੱਸ਼ਟਤਾ ਨਾਲ ਉਹ ਕਹਿੰਦੀ ਹੈ ਕਿ ਮੈਂ ਹਮੇਸ਼ਾ art for art’s sake ਵਾਲ਼ੀ ਤਰਫ਼ ਖੜ੍ਹਦੀ ਹੁੰਦੀ ਆਂ। ਮੈਂਨੂੰ ਲਗਦਾ ਹੁੰਦੈ ਕਿ ਕਵਿਤਾ/ ਗ਼ਜ਼ਲ ਹੈ, ਤੇ ਜ਼ਿੰਦਗੀ ਜਿਊਣ ਲਈ ਇਹਦਾ ਹੋਣਾ ਈ ਕਾਫ਼ੀ ਐ…ਬਸ। ਮੈਂ ਸਮਾਜ ਨੂੰ ਕੋਈ ਸੇਧ ਦੇਣ ਦਾ ਦਾਅਵਾ ਨਹੀਂ ਕਰਦੀ, ਪਰ ਏਨਾ ਜ਼ਰੂਰ ਹੈ ਕਿ ਮੇਰੇ ਬਹੁਤ ਉਦਾਸ ਪਲਾਂ ‘ਚ ਜੇ ਕੁਝ ਹੈ ਜੋ ਮੈਨੂੰ ਧਰਵਾਸ ਦਿੰਦੈ, ਤਾਂ ਉਹ ਸਿਰਫ਼ ਤੇ ਸਿਰਫ਼ ਕਵਿਤਾ ਹੈ। ਜੌਨ ਏਲੀਆ ਦੀ ਸ਼ਾਇਰੀ ਪੜ੍ਹਦਿਆਂ ਮੈਂਨੂੰ ਲਗਦਾ ਹੁੰਦੈ ਕਿ ਮੈਂ ‘ਕੱਲੀ ਪੀੜਤ ਨਹੀਂ ਹਾਂ ਤੇ ਇਹ ਦਿਲਾਸਾ ਹੀ ਕਾਫ਼ੀ ਹੁੰਦੈ ਮੇਰੇ ਲਈ।
ਉਹਦੇ ਹੀ ਇੱਕ ਸ਼ੇਅਰ ਨਾਲ਼ ਗੱਲ ਸਮੇਟਦੇ ਹਾਂ:
ਇਹ ਛਟਪਟਾਉਂਦੀ ਜ਼ਿੰਦਗੀ ਤਲ਼ੀਆਂ ‘ਤੇ ਰੱਖ ਮੈਨੂੰ
ਜਾਣਾ ਪਿਆ ਹੈ ਜਦ ਵੀ ਕਵਿਤਾ ਨੇ ‘ਵਾਜ ਮਾਰੀ…
ਉਹਦੀਆਂ ਗ਼ਜ਼ਲਾਂ ਦੇ ਸ਼ਬਦਾਂ ਚ ਮਾਘ ਦੀਆਂ ਕੋਸੀ ਕੋਸੀ ਧੁੱਪ ਦੀ ਨਿੱਘ ਵਰਗਾ ਅਤੇ ਜੇਠ ਹਾੜ ਮਹੀਨੇ ਤਪਦੇ ਮਾਰੂਥਲ ਦੀ ਰੇਤ ਤੇ ਡਿੱਗੀ ਕਣੀ ਦੀ ਠੰਡਕ ਵਰਗਾ ਅਹਿਸਾਸ ਹੁੰਦਾ ਹੈ।
14 ਅਪ੍ਰੈਲ ਐਤਵਾਰ ਨੂੰ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਵਿਹੜੇ ਹੋ ਰਹੇ ਸਮਾਗਮ ਚ ਦਵਿੰਦਰ ਪਟਿਆਲਵੀ ਅਤੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੀ ਪੁੱਤਰੀ ਪ੍ਰੀਤਿਕਾ ਸ਼ਰਮਾ (ਰਿਤਿਕਾ) ਦੇ ਜਨਮ ਦਿਨ ਤੇ ਆਪਣੇ ਸਵਰਗੀ ਪਿਤਾ ਜਗਦੀਸ਼ ਮਿੱਤਰ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਚੌਥਾ ਯਾਦਗਾਰੀ ਸਨਮਾਨ ਇਹ ਸ਼ਾਇਰਾ ਰੂਹੀ ਸਿੰਘ ਨੂੰ ਨਿੱਕੀ ਉਮਰੇ ਸਾਹਿਤਕ ਪਿੜ ਚ ਵੱਡੀਆਂ ਮਾਰੀਆਂ ਮੱਲਾਂ ਨੂੰ ਦੇਖਦੇ ਹੋਏ ਦਿੱਤਾ ਜਾ ਰਿਹਾ ਹੈ।

ਇੰਜੀ ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ
9779708257