ਮੇਰੇ ਖ਼ਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦਾ,
ਖੰਡ ਨੂੰ ਖੰਡ ਜੋ ਜ਼ਹਿਰ ਨੂੰ ਜ਼ਹਿਰ ਆਖੇ,
ਜੋ ਕੁੱਝ ਹੁੰਦਾ ਏ ਹੋਵੇ ਨਾ ਡਰੇ ਹਰਗਿਜ਼,
ਰਹਿਮ ਨੂੰ ਰਹਿਮ ਜੋ ਕਹਿਰ ਨੂੰ ਕਹਿਰ ਆਖੇ।
ਉਪਰੋਕਤ ਸਤਰਾਂ ਨੂੰ ਆਪਣੇ ਆਖਰੀ ਸਾਹਾਂ ਤੱਕ ਨਿਭਾਉਣ ਵਾਲ਼ਾ ਸਾਂਝੇ ਪੰਜਾਬ ਦੀ ਪੰਜਾਬੀਅਤ ਦਾ ਅਲੰਬਰਦਾਰ ਚਿਰਾਗ ਦੀਨ ਪੰਜਾਬੀ ਜ਼ੁਬਾਨ ਦਾ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਕਵੀ ਸੀ। ਚਿਰਾਗ ਦੀਨ ਨਾਂ ਦਾ ਇਹ ਸ਼ਖ਼ਸ ਪੂਰੀ ਦੁਨੀਆਂ ਵਿੱਚ ਪੰਜਾਬੀ ਬੋਲੀ ਦੇ ਇੱਕ ਦਲੇਰ ਪੁੱਤ ਉਸਤਾਦ ਦਾਮਨ ਦੇ ਤੌਰ ‘ਤੇ ਆਪਣੀ ਕਲਮ ਰਾਹੀਂ ਚਰਚਾ ਵਿੱਚ ਆਇਆ ਤੇ ਇਹੀ ਕਲਮ ਦੀ ਪਹਿਚਾਣ ਸਦਕਾ ਉਸਤਾਦ ਦਾਮਨ ਦਾ ਨਾਂ ਰਹਿੰਦੀ ਦੁਨੀਆਂ ਤੱਕ ਸਾਂਝੇ ਪੰਜਾਬ ਦੇ ਲੋਕ ਕਵੀ ਵਜੋਂ ਹਮੇਸ਼ਾਂ ਸਤਿਕਾਰਿਆ ਜਾਂਦਾ ਰਹੇਗਾ।
ਚਿਰਾਗ਼ ਦੀਨ ਦਾ ਜਨਮ 4 ਸਤੰਬਰ 1911 ਨੂੰ ਕਰੀਮ ਬੀਬੀ ਦੀ ਕੁੱਖੋਂ ਮੀਆਂ ਮੀਰ ਬਖ਼ਸ਼ ਦੇ ਘਰ ਇੱਕ ਗ਼ਰੀਬ ਪਰਿਵਾਰ ਵਿੱਚ ਹੋਇਆ।ਅੰਮੀ ਨੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜ ਕੇ ਘਰ ਦਾ ਗੁਜ਼ਾਰਾ ਕੀਤਾ। ਘਰ ਦੇ ਹਾਲਾਤਾਂ ਨੂੰ ਸਮਝਦਿਆਂ ਪਿਤਾ ਨਾਲ਼ ਦਰਜ਼ੀ ਦੇ ਕੰਮ ਵਿੱਚ ਆਪਣਾ ਸਾਥ ਦਿੱਤਾ। ਕੰਮ ਕਰਦਿਆਂ ਲੋਕਾਂ ਦੀ ਮੰਗ ‘ਤੇ ਨਵੇਂ ਫ਼ੈਸ਼ਨ ਦੇ ਪੈਂਟ-ਕੋਟ ਆਦਿ ਸਿਉਂਕੇ ਦੇਣੇ ਪਰ ਖ਼ੁਦ ਹਮੇਸ਼ਾਂ ਸ਼ੁੱਧ ਪੰਜਾਬੀ ਪਹਿਰਾਵਾ ਕੁੜਤਾ-ਚਾਦਰਾ,ਸਿਰ ‘ਤੇ ਪਰਨਾ ਅਤੇ ਮੋਢੇ ਚਾਦਰਾ ਰੱਖਿਆ।
ਦਾਮਨ ਨਾਂ ਕਵਿਤਾ ਵਿੱਚ ਉਸ ਦੇ ਨਾਲ਼ ਜੁੜਿਆ ਤੇ ਉਸਤਾਦ ਉਸਦੀ ਲੇਖਣੀ ਨੂੰ ਸਤਿਕਾਰ ਵਜੋਂ ਲੋਕਾਈ ਵੱਲੋਂ ਦਿੱਤਾ ਗਿਆ।
ਚਿਰਾਗ਼ ਦੀਨ ਨੇ ਦਸਵੀਂ ਤਕ ਦੀ ਪੜ੍ਹਾਈ ਦੇਵ ਸਮਾਜ ਸਕੂਲ ਤੋਂ ਕੀਤੀ। ਉਸਤਾਦ ਦਾਮਨ ਉਰਦੂ,ਹਿੰਦੀ, ਅੰਗਰੇਜ਼ੀ,ਸੰਸਕ੍ਰਿਤ,ਫ਼ਾਰਸੀ ਅਤੇ ਬੰਗਾਲੀ ਤੋਂ ਇਲਾਵਾ ਥੋੜ੍ਹੀ ਬਹੁਤੀ ਪਸ਼ਤੋ ਵੀ ਜਾਣਦੇ ਸਨ। ਬਹੁ ਭਾਸ਼ਾਈ ਜਾਣਕਾਰ ਹੋਣ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਲਈ ਹੱਦ ਤੋਂ ਵੱਧ ਸ਼ੁਦਾਈ ਸਨ। ਪੰਜਾਬੀ ਬੋਲੀ ਲਈ ਉਸਤਾਦ ਦਾਮਨ ਦਾ ਮੋਹ ਦੇਖਣ ਲਈ ਇਹ ਕਵਿਤਾ ਤੋਂ ਹੀ ਸਮਝਿਆ ਜਾ ਸਕਦਾ ਹੈ:-
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ ‘ਚ ਪਲ ਕੇ ਜਵਾਨ ਹੋਇਉਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ,ਪੰਜਾਬੀ ਈ ਕੂਕਣਾ ਈ,
ਜਿਥੇ ਖਲਾ ਖਲੋਤਾ ਏਂ ਥਾਂ ਛੱਡ ਦੇ।
ਮੈਨੂੰ ਇੰਝ ਲਗਦੈ,ਲੋਕੀਂ ਆਖਦੇ ਨੇ,
ਤੂੰ ਪੁੱਤਰਾ ਅਪਣੀ ਮਾਂ ਛੱਡ ਦੇ।
ਉਸਤਾਦ ਦਾਮਨ ਦੀ ਜ਼ਿੰਦਗੀ ਭਰ ਦੀ ਸਾਹਿਤਕ ਕਿਰਤ ਨੂੰ ਵਾਚਦਿਆਂ ਤੁਸੀਂ ਸੱਚਮੁੱਚ ਇਹ ਮਹਿਸੂਸ ਕਰੋਂਗੇ ਕਿ ਸ਼ਾਹ ਹੁਸੈਨ,ਬੁੱਲ੍ਹੇ ਸ਼ਾਹ ਅਤੇ ਵਾਰਸ ਸ਼ਾਹ ਤੋਂ ਬਾਅਦ 20ਵੀਂ ਸਦੀ ਵਿੱਚ ਪੰਜਾਬੀ ਬੋਲੀ ਦੀਆਂ ਬਗਾਬਤੀ ਕਲਮਾਂ ਵਿੱਚ ਉਸਤਾਦ ਦਾਮਨ ਨੂੰ ਸਿਖ਼ਰ ਤੇ ਦੇਖੋਂਗੇ।
ਜਦੋਂ-ਜਦੋਂ ਵੀ ਦਾਮਨ ਨੂੰ ਪੰਜਾਬੀ ਵਿੱਚ ਲਿਖਣ ਤੋਂ ਰੋਕਣ ਦੀ ਕੋਸ਼ਸ਼ ਕੀਤੀ ਉਦੋਂ ਹੀ ਨਾਲ਼ ਦੀ ਨਾਲ਼ ਉਹਨਾਂ ਨੇ ਆਪਣੀ ਕਲਮ ਰਾਹੀਂ ਇਸਦਾ ਜਵਾਬ ਦਿੱਤਾ:-
ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ,
ਉਰਦੂ ਵਿੱਚ ਕਿਤਾਬਾਂ ਦੇ ਠਣਦੀ ਰਹੇਗੀ।
ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾ,
ਮੇਰੀ ਭੁੱਖ ਇਹੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ,
ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।
ਲੋਕਾਂ ਦੀ ਭਾਸ਼ਾ ਪੰਜਾਬੀ ਵਿੱਚ ਲੋਕ ਮਸਲਿਆਂ ‘ਤੇ ਸਮੇਂ-ਸਮੇਂ ‘ਤੇ ਲਿਖਦਿਆਂ ਉਸਤਾਦ ਦਾਮਨ ਨੇ ਸਾਂਝੇ ਪੰਜਾਬ ਦੇ ਲੋਕ ਕਵੀ ਹੋਣ ਦਾ ਰੁਤਬਾ ਹਮੇਸ਼ਾਂ ਬਣਾਈ ਰੱਖਿਆ। ਗੱਲ ਪੰਜਾਬੀ ਭਾਸ਼ਾ ਦੀ ਹੋਵੇ ਜਾਂ ਆਮ ਲੋਕਾਈ ਮਸਲਿਆਂ ਨਾਲ਼ ਇਨਸਾਨੀਅਤ ਦੀ ਉਸਤਾਦ ਦਾਮਨ ਨੇ ਆਪਣੀ ਸ਼ਾਇਰੀ ਅਣਖ ਦੇ ਨਾਲ਼ ਹੀ ਕੀਤੀ। ਜਦੋਂ ਵੀ ਉਸਤਾਦ ਦਾਮਨ ਨੂੰ ਉਰਦੂ ਵਿੱਚ ਲਿਖਣ ਲਈ ਮਜਬੂਰ ਕਰਨ ਦੀ ਕੋਸ਼ਸ਼ ਕੀਤੀ ਤਾਂ ਉਨ੍ਹਾਂ ਨੇ ਇਸ ਮੌਕੇ ਆਪਣੀ ਕਵਿਤਾ ਰਾਹੀਂ ਹੀ ਜਵਾਬ ਦਿੱਤਾ:-
ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ,
ਪੁੱਛਦੇ ਹੋ ਮੇਰੇ ਦਿਲ ਦੀ ਬੋਲੀ- ਹਾਂ ਜੀ ਹਾਂ ਪੰਜਾਬੀ ਏ
ਆਜ਼ਾਦੀ ਸੰਗਰਾਮ ਦੀ ਰਾਜਨੀਤੀ ਦੀ ਜਾਗ ਉਨ੍ਹਾਂ ਨੂੰ ਮੀਆਂ ਇਫ਼ਤਿਖ਼ਾਰਉੱਦੀਨ ਨੇ ਲਾਈ ਸੀ।
1930 ਵਿੱਚ ਉਸਤਾਦ ਦਾਮਨ ਦੀ ਸ਼ਾਇਰੀ ਸੁਣਨ ਦਾ ਸਬੱਬ ਮੀਆਂ ਇਫ਼ਤਿਖ਼ਾਰਉੱਦੀਨ ਲਈ ਉਦੋਂ ਬਣਿਆ ਜਦੋਂ ਉਹ ਆਪਣੇ ਇੱਕ ਸੂਟ ਦੀ ਸਿਲਾਈ ਲਈ ਉਹਨਾਂ ਦੀ ਦੁਕਾਨ ‘ਤੇ ਆਇਆ ਸੀ। ਸ਼ਾਇਰੀ ਤੋਂ ਪ੍ਰਭਾਵਿਤ ਹੋਕੇ ਮੀਆਂ ਵੱਲੋਂ ਇੱਕ ਜਲਸੇ ਲਈ ਕਵਿਤਾ ਸੁਣਾਉਣ ਲਈ ਦਾਮਨ ਨੂੰ ਸੱਦਾ ਦਿੱਤਾ ਗਿਆ। ਇਸ ਜਲਸੇ ਮੌਕੇ ਦਾਮਨ ਨੇ ਆਪਣੀ ਕਵਿਤਾ ਰਾਹੀਂ ਹਰ ਇਨਸਾਨੀਅਤ ਪਸੰਦ ਰੂਹ ਨੂੰ ਮੋਹ ਲਿਆ।
ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ-ਵਿੱਚੀ, ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।
ਜਿਉਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ
ਉਸ ਮੌਕੇ ਉੱਥੇ ਹਾਜ਼ਰ ਪੰਡਤ ਨਹਿਰੂ ਨੇ ਭਾਵੁਕ ਹੋਕੇ ਉਸਤਾਦ ਦਾਮਨ ਨੂੰ ਗਲਵੱਕੜੀ ਵਿੱਚ ਲੈ ਲਿਆ ਤੇੇ ‘ਆਜ਼ਾਦੀ ਦਾ ਸ਼ਾਇਰ’ ਕਹਿ ਕੇ ਉਹਨਾਂ ਦੀ ਕਲਮ ਨੂੰ ਮਾਣ ਵੀ ਬਖ਼ਸ਼ਿਆ।
ਦਾਮਨ ਦਾ ਪੰਜਾਬੀ ਭਾਸ਼ਾ ਲਈ ਮੋਹ ਤਾਂ ਜੱਗ ਜ਼ਾਹਰ ਹੈ। ਉਸ ਦੀ ਬਾਗ਼ੀਆਨਾ ਕਲਮ ਜਿੱਥੇ ਸਿੱਧੇ ਰੂਪ ਵਿੱਚ ਸਮੇਂ ਦੀਆਂ ਹਕੂਮਤਾਂ ਨੂੰ ਜਵਾਬਦੇਹੀ ਕਰਦੀ ਰਹੀ ਹੈ ਉੱਥੇ ਉਹਨਾਂ ਦੀ ਕਲਮ ਵਿਅੰਗਮਈ ਰੂਪ ਵਿੱਚ ਵੀ ਚੋਟ ਕਰਦੀ ਰਹੀ ਹੈ। ਉਹਨਾਂ ਦੇ ਆਪਣੇ ਸਮੇਂ ਵਿੱਚ ਲਿਖੀਆਂ ਰਚਨਾਵਾਂ ਅੱਜ ਦੇ ਸਮੇਂ ਤੇ ਵੀ ਢੁਕਦੇ ਦਿਖਾਈ ਦਿੰਦੇ ਹਨ:-
ਇਹ ਕਾਲਜ ਏ ਕਿ ਫੈਸ਼ਨ ਦੀ ਫੈਕਟਰੀ ਏ,
ਕੁੜੀਆਂ ਮੁੰਡਿਆਂ ਦੇ ਨਾਲ ਇੰਜ ਫਿਰਨ,
ਜਿਵੇਂ ਅਲਜ਼ੈਬਰੇ ਨਾਲ ਜਮੈਟਰੀ ਏ।
ਸਾਡੇ ਸੱਭਿਆਚਾਰ ਪੱਖ ਤੋਂ ਦਾਮਨ ਸਾਹਿਬ ਦੇ ਲਿਖੇ ਇੱਕ ਗੀਤ ਦੇ ਬੋਲ ‘ਮੈਨੂੰ ਧਰਤੀ ਕਲੀ ਕਰਾ ਦੇ, ਮੈਂ ਨੱਚਾਂਗੀ ਸਾਰੀ ਰਾਤ’ ਹਮੇਸ਼ਾਂ ਸਾਡੀਆਂ ਖ਼ੁਸ਼ੀਆਂ ਵਿੱਚ ਭਾਈਵਾਲ ਬਣਕੇ ਰਹੇ ਹਨ ਤੇ ਅੱਗੇ ਵੀ ਹਮੇਸ਼ਾਂ ਰਹਿਣਗੇ ਹੀ ਰਹਿਣਗੇ।
ਅੱਜ ਦੇ ਦੌਰ ਵਿੱਚ ਪੰਜਾਬ,ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਹੋ ਰਹੀ ਪੀੜ੍ਹੀ ਤੇ ਸਾਡੇ ਪੰਜਾਬ ਦੀ ਧਰਤੀ ਨਾਲ਼ ਜੁੜੇ ਵੱਡੇ ਸਾਹਿਤਕਾਰਾਂ ਨੂੰ ਵੀ ਦਾਮਨ ਸਾਹਿਬ ਦੀ ਕਲਮ ਤੇ ਪੰਜਾਬੀ ਭਾਸ਼ਾ ਲਈ ਮੋਹ ਤੋਂ ਸੇਧ ਲੈਣ ਦੀ ਬਹੁਤ ਵੱਡੀ ਲੋੜ ਹੈ ਕਿ ਕਿਵੇਂ ਦਾਮਨ ਸਾਹਿਬ ਨੇ ਆਪਣੇ ਲੋਕਾਂ ਦੀ ਬੋਲੀ ਪੰਜਾਬੀ ਵਿੱਚ ਉਹਨਾਂ ਦੇ ਸ਼ਬਦਾਂ ਦਾ ਹਾਣੀ ਹੋਕੇ ਸਾਂਝੇ ਪੰਜਾਬ ਦੇ ਲੋਕ ਕਵੀ ਹੋਣ ਦਾ ਮਾਣ ਖੱਟਿਆ।
ਗੁਰਭਜਨ ਗਿੱਲ ਉਸਤਾਦ ਦਾਮਨ ਬਾਰੇ ਲਿਖਦੇ ਹਨ ਕਿ ਉਸਤਾਦ ਦਾਮਨ ਦਰਵੇਸ਼ ਸ਼ਾਇਰ ਸੀ। ਉਸ ਨੇ ਰੱਜ ਕੇ ਸਾਂਝੇ ਪੰਜਾਬ ਦਾ ਦਰਦ ਗਾਇਆ। ਉਸ ਦੀ ਹਰ ਸਤਰ ਚੋਂ ਪੀੜ ਨੁੱਚੜਦੀ ਹੈ, ਜਿਵੇਂ ਵੇਲਣੇ ਚ ਗੰਨੇ ਨਹੀਂ, ਬੰਦੇ ਪੀੜੇ ਜਾ ਰਹੇ ਹੋਣ।
3 ਦਸੰਬਰ 1984 ਨੂੰ ਉਸਤਾਦ ਦਾਮਨ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਜਿਉਂਦੇ ਜੀਅ ਉਹਨਾਂ ਦੀ ਕੋਈ ਪੁਸਤਕ ਪ੍ਰਕਾਸ਼ਿਤ ਨਾ ਹੋਣ ਦੇ ਬਾਰੇ ਪਤਾ ਲੱਗਦਾ ਹੈ। ਉਹ ਹਮੇਸ਼ਾ ਜ਼ੁਬਾਨੀ ਹੀ ਯਾਦ ਰੱਖਦੇ ਸਨ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨ ਲਈ ਕੁਝ ਉਪਰਾਲੇ ਜ਼ਰੂਰ ਹੋਏ ਹਨ।
ਉਸਤਾਦ ਦਾਮਨ ਬਾਰੇ ਜਿੰਨ੍ਹਾਂ ਵੀ ਲਿਖਿਆ ਜਾਵੇ ਉਹਨਾਂ ਹੀ ਥੋੜ੍ਹਾ ਹੈ।
ਉਹਨਾਂ ਦੀ ਸਾਹਿਤਕ ਦੇਣ ਹਮੇਸ਼ਾਂ ਹੀ ਪੰਜਾਬੀ ਭਾਸ਼ਾ ਵਿੱਚ ਧਰੂ ਤਾਰੇ ਵਾਂਗ ਚਮਕਦੀ ਰਹੇਗੀ।
ਪੂਰੀ ਦੁਨੀਆਂ ਵਿੱਚ ਬਾਬੇ ਨਾਨਕ ਦੇ ਅਸ਼ੀਰਵਾਦ ਸਦਕਾ ਉੱਜੜ ਕੇ ਗਏ ਕਿਰਤੀ ਪੰਜਾਬੀਆਂ ਲਈ ਉਹਨਾਂ ਦੇ ਆਪਣੇ ਸਮੇਂ ਲਿਖੇ ਇਹ ਢੁਕਵੇਂ ਬੋਲਾਂ ਨਾਲ਼ ਅਸੀਂ ਉਹਨਾਂ ਦੇ ਸਤਿਕਾਰ ਵਿੱਚ ਸਜਦਾ ਕਰਦੇ ਹਾਂ।
ਬਿਖਰੇ ਵਰਕਿਆਂ ਦੀ ਹੋ ਗਈ ਜਿਲਦਬੰਦੀ,
ਮੈਂ ਇੱਕ ਖੁੱਲ੍ਹੀ ਕਿਤਾਬ ਨੂੰ ਵੇਖਦਾ ਆਂ।
ਇਹ ਵਿਸਾਖੀ ਦੀਆਂ ਮਿਹਰਬਾਨੀਆਂ ਨੇ,
ਬੰਬੇ ਵਿੱਚ ਵੀ ਪੰਜਾਬ ਨੂੰ ਵੇਖਦਾ ਆਂ।

ਸ. ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)