ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ-ਕੋਟਕਪੂਰਾ ਸੜਕ ’ਤੇ ਸਥਿੱਤ ਰਾਜਸਥਾਨ ਤੇ ਸਰਹੰਦ ਫੀਡਰ ਉੱਪਰ 20 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਪੁਲ ਐਨ.ਜੀ.ਟੀ. ਵਲੋਂ ਐਨ.ਓ.ਸੀ. ਨਾ ਮਿਲਣ ਕਾਰਨ ਵਿਚਾਲੇ ਲਟਕ ਗਿਆ ਹੈ। ਸੂਚਨਾ ਅਨੁਸਾਰ 66 ਫੁੱਟ ਚੌੜੇ ਪੁਲ ਉੱਪਰ 20 ਕਰੋੜ ਰੁਪਏ ਖਰਚੇ ਜਾਣੇ ਹਨ ਅਤੇ ਇਹ ਪੁਲ ਲਗਭਗ ਬਣ ਕੇ ਤਿਆਰ ਹੋ ਗਿਆ ਹੈ ਅਤੇ ਪੁੱਲ ਨੂੰ ਅੰਤਿਮ ਛੂਹਾਂ ਦੇਣ ਲਈ ਚਾਰ ਸਫੈਦਿਆਂ ਦਾ ਪੱਟਿਆ ਜਾਣਾ ਜਰੂਰੀ ਹੈ ਅਤੇ ਪੰਜਾਬ ਸਰਕਾਰ ਇਸ ਸਬੰਧੀ ਪਹਿਲਾਂ ਹੀ ਐਨ.ਜੀ.ਟੀ. ਨੂੰ ਲਿਖ ਕੇ ਦੇ ਚੁੱਕੀ ਹੈ ਪਰ ਅਜੇ ਤੱਕ ਐਨ.ਜੀ.ਟੀ. ਨੇ ਇਹ ਚਾਰ ਸਫੈਦੇ ਪੁੱਟਣ ਦੀ ਮਨਜੂਰੀ ਨਹੀਂ ਦਿੱਤੀ, ਜਿਸ ਕਰਕੇ ਪੁਲ ਦਾ ਕੰਮ ਬੰਦ ਹੈ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਨਾਂ ਨੇ ਇਹ ਮੁੱਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਬੰਧਤ ਮੰਤਰੀ ਦੇ ਵੀ ਧਿਆਨ ਵਿੱਚ ਲਿਆਂਦਾ ਹੈ ਅਤੇ ਜਲਦ ਹੀ ਇਸ ਦੀ ਐੱਨਓਸੀ ਮਿਲਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਪੁੱਲ ਚੌੜਾ ਹੋਣਾ ਬਹੁਤ ਜਰੂਰੀ ਸੀ, ਇਸ ਲਈ ਇਹਦੇ ਸਾਹਮਣੇ ਆਉਂਦੇ ਚਾਰ ਸਫੈਦੇ ਵੀ ਪੱਟੇ ਜਾਣੇ ਹਨ ਪਰ ਐਨਜੀਟੀ ਵੱਲੋਂ ਅਜੇ ਤੱਕ ਇਸ ਦੀ ਐੱਨ.ਓ.ਸੀ. ਨਹੀਂ ਮਿਲੀ। ਸੂਚਨਾ ਅਨੁਸਾਰ ਇਸ ਪੁਲ ਦਾ ਕੰਮ ਫਰਵਰੀ 2024 ’ਚ ਸ਼ੁਰੂ ਹੋਇਆ ਸੀ ਅਤੇ 10 ਮਹੀਨਿਆਂ ਵਿੱਚ ਮੁਕੰਮਲ ਹੋਣਾ ਲਾਜਮੀ ਹੈ, ਨਹੀਂ ਤਾਂ ਠੇਕੇਦਾਰਾਂ ਨੇ ਆਰਬੀਟਰੇਸ਼ਨ ਵਿੱਚ ਜਾ ਕੇ ਪੁਲ ਦੀ ਲਾਗਤ ਕੀਮਤ ਵਧਾਉਣ ਦੀ ਚੇਤਾਵਨੀ ਦਿੱਤੀ ਹੈ। ਇਸ ਵੇਲੇ ਫਰੀਦਕੋਟ ’ਚ ਨਹਿਰਾਂ ਉੱਪਰ ਤਿੰਨ ਵੱਡੇ ਪੁੱਲ ਬਣ ਰਹੇ ਹਨ, ਜਿਨਾਂ ’ਚੋਂ ਇੱਕ ਚਾਲੂ ਹੋ ਗਿਆ ਹੈ ਅਤੇ ਦੂਜੇ ਪੁਲ ਲਗਭਗ ਤਿਆਰ ਹਨ ਪਰ ਵਿਭਾਗੀ ਮਨਜੂਰੀਆਂ ਨਾ ਮਿਲਣ ਕਾਰਨ ਇਹ ਪੁੱਲ ਅੱਧ ਵਿਚਕਾਰ ਲਟਕ ਗਏ ਹਨ, ਜਿਸ ਕਰਕੇ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ।