ਸੂਬੇ ਅੰਦਰ ਹਕੂਮਤ ਕਰ ਰਹੀ ਆਮ ਆਦਮੀ ਪਾਰਟੀ ਨੇ ਸੱਤਾ ਪ੍ਰਾਪਤੀ ਤੋਂ ਪਹਿਲਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਅਨੇਕਾਂ ਵਾਅਦੇ ਕੀਤੇ। ਇਹ ਗੱਲ ਵੀ ਚਰਚਾ ਦਾ ਵਿਸ਼ਾ ਰਹੀ ਕਿ ਪੰਜਾਬ ਅੰਦਰ ਇਨੀ ਇੰਡਸਟਰੀ ਉੱਨਤ ਕੀਤੀ ਜਾਵੇਗੀ ਕਿ ਵਿਦੇਸ਼ਾਂ ਵਿੱਚੋਂ ਗੋਰੇ ਇੱਥੇ ਕੰਮ ਕਰਨ ਲਈ ਆਉਣਗੇ। ਹਰ ਸਾਲ ਬੇਰੁਜ਼ਗਾਰੀ ਦੀ ਮਾਰ ਸਦਕਾ ਕਰੋੜਾਂ ਦੀ ਗਿਣਤੀ ‘ਚ ਪ੍ਰਵਾਸ ਕਰਨ ਵਾਲੇ ਮੁੰਡੇ ਅਤੇ ਕੁੜੀਆਂ ਦੀ ਗਿਣਤੀ ਨੂੰ ਘਟਾਇਆ ਜਾਵੇਗਾ। ਪਿਛਲੀਆਂ ਸਰਕਾਰਾਂ ਵੱਲੋਂ ਯੁਵਾ ਵਰਗ ਨੂੰ ਰੁਜਗਾਰ ਦੇ ਅਵਸਰ ਨਾ ਦੇਣ ਤੇ ਨੌਜਵਾਨਾਂ ਨੇ ਆਪ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ। ਆਪਣੇ ਪੱਲਿਓ ਵਹੀਕਲਾਂ ਵਿੱਚ ਤੇਲ ਪਵਾ ਕੇ ਆਪ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਦਾ ਪ੍ਰਚਾਰ ਕੀਤਾ। ਜਿਸਦੇ ਫਲਸਰੂਪ ਕਾਗਰਸ, ਬੀਜੇਪੀ ਅਤੇ ਅਕਾਲੀ ਦਲ ਦੀ ਕਰੜੀ ਹਾਰ ਹੋਈ। ਆਪ ਪਾਰਟੀ ਦੇ 92 ਵਿਧਾਇਕਾਂ ਨੂੰ ਜਿੱਤ ਹਾਸਲ ਹੋਈ ਜੋ ਕਿ ਇੱਕ ਰਿਕਾਰਡ ਹੈ।
ਆਪਣੀ ਤਕਰੀਰ ਰਾਹੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰੇ ਪੈੱਨ ਦੀ ਵਰਤੋਂ ਨਾਲ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਮੁੜ—ਮੁੜ ਮੰਚਾਂ ਤੋਂ ਕੀਤੀ ਜਾਂਦੀ ਰਹੀ। ਜਿਸ ਨਾਲ ਨੌਜਵਾਨਾਂ ਨੂੰ ਆਪਣਾ ਭਵਿੱਖ ਸੰਵਰਦਾ ਦਿਖਿਆ। ਸਰਕਾਰ ਨੇ ਕੁੱਝ ਨਵੀਆਂ ਅਤੇ ਪੁਰਾਣੀ ਸਰਕਾਰ ਵੇਲੇ ਦੀਆਂ ਕੁੱਝ ਅਧੂਰੀਆਂ ਭਰਤੀਆਂ ਨੂੰ ਸਿਰੇ ਚੜ੍ਹਾ ਕੇ ਆਪਣੇ ਬੋਲਾਂ ਨੂੰ ਪੁਗਾਉਣ ਦੀ ਕੋਸਿ਼ਸ਼ ਕੀਤੀ। ਹਾਲਾਂਕਿ ਇਹ ਨੌਕਰੀਆਂ ਮਹਿਜ਼ ਊਠ ਦੇ ਮੂੰਹ ਵਿੱਚ ਜੀਰਾ ਦੇਣ ਵਾਲੀ ਗੱਲ ਹੀ ਸੀ। ਕਿਉਕਿ ਅੰਕੜੇ ਤਸਦੀਕ ਕਰਦੇ ਹਨ ਕਿ ਸੂਬੇ ਅੰਦਰ ਬੇਰੁਜ਼ਗਾਰ ਨੌਜਵਾਨਾਂ ਦੀ ਤਾਦਾਤ ਕਾਫੀ ਹੈ। ਅਜਿਹੇ ਵਿੱਚ ਸਰਕਾਰ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਨੌਜਵਾਨਾਂ ਦੇ ਲਈ ਵੱਡੀ ਭਰਤੀ ਦਾ ਇਸ਼ਤਿਹਾਰ ਜਾਰੀ ਕਰਕੇ ਚੋਣਾਂ ਸਮੇਂ ਕੀਤੇ ਗਏ ਵਾਅਦੇ ਨੂੰ ਪੁਗਾ ਕੇ ਲੋਕਾਂ ਦੇ ਮਨਾਂ ਅੰਦਰ ਆਪਣਾ ਕਿਰਦਾਰ ਨੂੰ ਉੱਚਾ ਰੱਖਣ ਵਿੱਚ ਕਾਮਯਾਬ ਹੋਵੇਗੀ। ਪਰੰਤੂ ਹੈਰਾਨੀ ਦੀ ਗੱਲ ਤਾਂ ਓਦੋ ਹੋਈ ਜਦ ਸਰਕਾਰ ਨੇ ਸਕੂਲਾਂ ਦੇ ਅੰਦਰ ਰੱਖੇ ਜਾਣ ਵਾਲੇ 150 ਕੈਪਸ ਮੈਨੇਜਰਾਂ ਦੀਆਂ ਪੋਸਟਾਂ ਵਿੱਚ ਨੌਜਵਾਨਾਂ ਨੂੰ ਅੱਖੋ ਪਰੋਖੇ ਕਰ ਦਿੱਤਾ ਜੋ ਕਿ ਕਿਸੇ ਵੀ ਲਿਹਾਜ਼ ਨਾਲ ਤਰਕਸੰਗਤ ਨਹੀਂ ਹੈ। ਇਸ ਫੈਸਲੇ ਨਾਲ ਸਰਕਾਰ ਦੀ ਨੌਜਵਾਨਾਂ ਲਈ ਰੁਜ਼ਗਾਰ ਦੇਣ ਦੀ ਨੀਤੀ ਤੇ ਸਵਾਲ ਉੱਠਣਾ ਲਾਜ਼ਮੀ ਹੈ। ਨੌਜਵਾਨਾਂ ਦੀ ਥਾਂ ਤੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਰੱਖਣਾ ਸਹੀ ਕਦਮ ਨਹੀਂ ਜਾਪਦਾ ਹੈ। ਇਸ ਚੋਣ ਪ੍ਰਕਿਰਿਆ ਨੂੰ ਲੈ ਕੇ ਨੌਜਵਾਨ ਕਾਫੀ ਚਿੰਤਤ ਹਨ। ਉਹਨਾਂ ਦੇ ਮਨ ਅੰਦਰ ਸਰਕਾਰ ਪ੍ਰਤਿ ਗੁੱਸੇ ਦੀ ਲਹਿਰ ਅਤੇ ਕੁੱਝ ਸਵਾਲ ਉੱਠ ਰਹੇ ਹਨ ਜਿਹਨਾਂ ਦਾ ਜਵਾਬ ਸਰਕਾਰ ਵੱਲੋਂ ਦੇਣਾ ਬਣਦਾ ਹੈ। ਸਰਕਾਰ ਦਾ ਦੱਸਣਾ ਫਰਜ਼ ਹੈ ਕਿ ਇਹ ਕੈਪਸ ਮੈਨੇਜਰ ਦੀ ਭਰਤੀ ਵਿੱਚ ਨੌਜਵਾਨਾਂ ਨੂੰ ਮੌਕਾ ਨਾ ਦੇ ਕੇ ਕੀ ਸਰਕਾਰ ਆਪਣੇ ਵਾਅਦਿਆਂ ਤੋਂ ਨਹੀਂ ਭੱਜ ਰਹੀ? ਕੀ ਨੌਜਵਾਨਾਂ ਨੂੰ ਟਰੇਨਿੰਗ ਦੇ ਕੇ ਕੈਪਸ ਮੈਨੇਜਰ ਦੀ ਅਸਾਮੀ ਦੇ ਲਈ ਤਜਰਬੇਕਾਰ ਨਹੀਂ ਬਣਾਇਆ ਜਾ ਸਕਦਾ ਸੀ? ਤਕਨੀਕੀ ਤੌਰ ਤੇ ਘੱਟ ਨਿਪੁੰਨਤਾ ਰੱਖਣ ਵਾਲੇ ਰਿਟਾਇਰ ਮੁਲਾਜ਼ਮਾਂ ਨੂੰ ਭਰਤੀ ਕਰਨਾ ਕਿੰਨਾ ਕੁ ਤਰਕਸੰਗਤ ਹੈ? ਜਦੋਂ ਨੌਜਵਾਨ ਰੁਜ਼ਗਾਰ ਲਈ ਠੋਕਰਾਂ ਖਾ ਰਹੇ ਹੋਣ ਤਾਂ ਸੇਵਾ ਮੁਕਤ ਮੁਲਾਜ਼ਮਾਂ ਨੂੰ ਮੁੜ ਨੌਕਰੀ ਦੇਣਾ ਕਿੰਨਾ ਕੁ ਜਾਇਜ ਹੈ? ਕੀ ਰਿਟਾਇਰ ਹੋਏ ਮੁਲਾਜ਼ਮਾਂ ਦੇ ਲਈ ਉਹਨਾਂ ਦੀ ਸਰੀਰਕ ਸਮਰੱਥਾ, ਉਮਰ, ਮਾਨਸਿਕ ਸਿਹਤ ਕੰਮ ਵਿੱਚ ਕੋਈ ਰੁਕਾਵਟ ਨਹੀਂ ਬਣੇਗੀ? ਕੀ ਸਰਕਾਰ ਨੂੰ ਨਹੀਂ ਪਤਾ ਕਿ ਕਿਵੇਂ ਨਵੇਂ ਮੁੰਡੇ/ਕੁੜੀਆਂ ਆਈਏਐੱਸ/ਪੀਸੀਐੱਸ ਪ੍ਰੀਖਿਆ ਪਾਸ ਕਰਕੇ ਮਹੱਵਪੂਰਨ ਜਿੰਮੇਵਾਰੀ ਨਿਭਾ ਰਹੇ ਹਨ?
ਸੱਤਾ ਦੀ ਪ੍ਰਾਪਤੀ ਤੋਂ ਪਹਿਲਾਂ ਵਰਤਮਾਨ ਸਰਕਾਰ ਦੇ ਨੇਤਾ ਆਖਦੇ ਰਹੇ ਕਿ ਅਧਿਆਪਕਾਂ ਤੋਂ ਲਏ ਜਾਣ ਵਾਲੇ ਗੈਰ ਵਿਦਿਅਕ ਕੰਮਾਂ ਲਈ ਜਿਵੇਂ ਬੂਥ ਲੈਵਲ ਅਫਸਰ ਅਤੇ ਮਰਦਮ ਸ਼ੁਮਾਰੀ ਆਦਿ ਕੰਮਾਂ ਲਈ ਵੱਖਰੇ ਤੌਰ ਤੇ ਭਰਤੀ ਕੀਤੀ ਜਾਵੇਗੀ। ਵਿਰੋਧੀ ਧਿਰ ਹੁੰਦੇ ਸਮੇਂ ਆਪ ਪਾਰਟੀ ਨੇ ਹੋਰਨਾਂ ਸਰਕਾਰਾਂ ਵੱਲੋਂ ਰੱਖੇ ਗਏ ਸੇਵਾ ਮੁਕਤ ਕਰਮਚਾਰੀਆਂ ਦੀ ਭਰਤੀ ਦੀ ਹਮੇਸ਼ਾ ਆਲੋਚਨਾ ਕੀਤੀ ਹੈ। ਹੁਣ ਮੁਕਦੀ ਗੱਲ ਤਾਂ ਇਹ ਹੈ ਕਿ ਸਰਕਾਰ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਦੇ ਹੋਏ ਇਹ ਅਸਾਮੀ ਦੇ ਲਈ ਨੌਜਵਾਨਾਂ ਦੀ ਭਰਤੀ ਹੀ ਕਰੇ।ਇਸ ਨਾਲ ਨੌਜਵਾਨਾਂ ਅੰਦਰ ਪਾਏ ਜਾ ਰਹੇ ਰੋਸ ਦਾ ਖਾਤਮਾ ਹੋਵੇਗਾ। ਸੂਬੇ ਅੰਦਰ ਬੇਰੁਜ਼ਗਾਰ ਮੁੰਡੇ ਅਤੇ ਕੁੜੀਆਂ ਨੂੰ ਕੰਮ ਮਿਲਣ ਨਾਲ ਅਮਨ, ਕਾਨੂੰਨ ਦੀ ਬਹਾਲੀ, ਮਾਲੀਆ ਹਾਲਤ ਵਿੱਚ ਕ੍ਰਾਂਤੀਕਾਰੀ ਸੁਧਾਰ ਵੇਖਣ ਨੂੰ ਮਿਲਣਗੇ। ਅਜਿਹੇ ਕਦਮਾਂ ਦੇ ਨਾਲ ਹੀ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕਦਾ ਹੈ।
![](https://i0.wp.com/worldpunjabitimes.com/wp-content/uploads/2023/11/3-5.jpg?resize=873%2C1024&ssl=1)
ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ— 95010 33005
Leave a Comment
Your email address will not be published. Required fields are marked with *