ਉੱਚਾ ਦਰ ਬਾਬੇ ਨਾਨਕ ਦਾ’ ਮਿਉਜੀਅਮ ਬਾਰੇ ਕੀਤੇ ਗਏ ਅਨੇਕਾਂ ਵੱਖ-ਵੱਖ ਸੁਆਲ

ਕੋਟਕਪੂਰਾ, 16 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ ਕੱਢੇ ਗਏ ਨਗਰ ਕੀਰਤਨ ਦੇ ਮੂਹਰੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼ਹਿਰ ਕੋਟਕਪੂਰਾ ਦੇ ਗਲੀ-ਮੁਹੱਲਿਆਂ ਅਤੇ ਬਜਾਰਾਂ ’ਚ ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ ਵਲੋਂ ਨਿਵੇਕਲੇ ਢੰਗ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਨਾਲ ਸਬੰਧਤ 100 ਸਵਾਲ-100 ਜਵਾਬ (ਲਾਈਵ ਕੁਇਜ਼) ਦਾ ਪ੍ਰੋਗਰਾਮ ਚਲਾਇਆ ਗਿਆ। ਇਸ ਵਾਰ ਸ਼ੇਰਸ਼ਾਹ ਸੂਰੀ ਮਾਰਗ ’ਤੇ ਸਥਿੱਤ ਸ਼ੰਭੂ ਬੈਰੀਅਰ ਨੇੜੇ, ਪਿੰਡ ਬਪਰੌਰ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਵਿਖੇ ਬਣੇ 100 ਕਰੋੜੀ ਪ੍ਰੋਜੈਕਟ ‘ਉੱਚਾ ਦਰ ਬਾਬੇ ਨਾਨਕ ਦਾ’ ਅਜਾਇਬ ਘਰ ਮਿਉਜੀਅਮ ਬਾਰੇ ਵੀ ਸਵਾਲ ਜਵਾਬ ਕੀਤੇ ਗਏ, ਜਿਸ ਦੀ ਭਰਪੂਰ ਸ਼ਲਾਘਾ ਹੋਈ, ਕਿਉਂਕਿ ਇਲਾਕੇ ਦੀ ਸੰਗਤ ਨੇ ਉਕਤ ਪ੍ਰੋਗਰਾਮ ਨੂੰ ਭਰਪੂਰ ਹੁੰਗਾਰਾ ਦਿੱਤਾ ਅਤੇ ਇਸ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਜਥੇਬੰਦੀ ਦੇ ਸੰਸਥਾਪਕ ਅਮਰਦੀਪ ਸਿੰਘ ਦੀਪਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਭਾਵੇਂ ਪਿਛਲੇ ਲੰਮੇ ਸਮੇਂ ਤੋਂ ਨਗਰ ਕੀਰਤਨ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ ਪਰ ਜਥੇਬੰਦੀ ਨੇ ਉਕਤ ਰਵਾਇਤ ਤੋਂ ਹੱਟ ਕੇ ਕੋਈ ਨਿਵੇਕਲਾ ਉਪਰਾਲਾ ਕਰਨ ਦੀ ਕੌਸ਼ਿਸ਼ ਕੀਤੀ ਹੈ। ਪ੍ਰੋ. ਐੱਚ.ਐੱਸ. ਪਦਮ ਉਪ ਚੇਅਰਮੈਨ ਨੇ ਦੱਸਿਆ ਕਿ ਲਾਈਵ ਕੁਇਜ਼ ਪ੍ਰੋਗਰਾਮ ਰਾਹੀਂ ਰਸਤੇ ’ਚ ਆਉਂਦੇ ਮਾਰਗ ਅਰਥਾਤ ਗਲੀ-ਮੁਹੱਲਿਆਂ ਅਤੇ ਬਜਾਰਾਂ ’ਚ ਵੀਰ/ਭੈਣਾ, ਨੌਜਵਾਨਾਂ, ਬੱਚਿਆਂ ਅਤੇ ਬਜੁਰਗਾਂ ਨੂੰ ਗੁਰੂ ਜੀ ਦੀ ਜੀਵਨੀ ਨਾਲ ਸਬੰਧਤ ਸਵਾਲ ਪੁੱਛੇ ਜਾਂਦੇ ਹਨ ਅਤੇ ਸਹੀ ਜਵਾਬ ਦੇਣ ਵਾਲੇ ਨੂੰ ਇਸ ਵਾਰ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ, ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ., ਡਾ. ਮਨਜੀਤ ਸਿੰਘ ਢਿੱਲੋਂ, ਆਦਿ ਵੱਲੋਂ ਸਾਂਝੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਵੱਖ ਵੱਖ ਗਲੀ-ਮੁਹੱਲਿਆਂ ਅਤੇ ਬਜਾਰਾਂ ਵਿੱਚ ‘ਉੱਚਾ ਦਰ ਬਾਬੇ ਨਾਨਕ ਦਾ’ ਕਿਸ ਥਾਂ ਬਣਿਆ ਹੈ, ਇਸ ਅਜਾਇਬ ਘਰ ਨੂੰ ਦੇਖਣ ਤੋਂ ਬਾਅਦ ਕੀ ਗਿਆਨ ਹਾਸਲ ਹੁੰਦਾ ਹੈ, ਉੱਚਾ ਦਰ..’ ਕਿੰਨੇ ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ, ਇਸ ਵਿੱਚ ਦਿਖਾਈਆਂ ਜਾਣ ਵਾਲੀਆਂ ਫਿਲਮਾਂ ਦੀ ਗਿਣਤੀ ਕਿੰਨੀ ਹੈ, ਨਨਕਾਣਾ ਬਜਾਰ ਵਿੱਚ ਕੀ ਕੁਝ ਮਿਲਦਾ ਹੈ? ਆਦਿਕ ਸਵਾਲ ਚਰਚਾ ਦਾ ਵਿਛਾ ਬਣੇ ਰਹੇ। ਉਨਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਅਪੀਲ ਕੀਤੀ ਕਿ ਅਸੀਂ ਮੱਥਾ ਟੇਕਣ ਅਤੇ ਰਸਮੀ ਤੌਰ ’ਤੇ ਗੁਰਪੁਰਬ ਮਨਾਉਣ ਤੱਕ ਹੀ ਸੀਮਿਤ ਨਾ ਰਹਿ ਜਾਈਏ ਬਲਕਿ ਸਾਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਆਪਣੇ ਜੀਵਨ ’ਤੇ ਲਾਗੂ ਕਰਨ ਦੀ ਲੋੜ ਹੈ। ਵਿਸ਼ੇਸ਼ ਮਹਿਮਾਨਾਂ ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ, ਬਾਬਾ ਪੂਰਨ ਸਿੰਘ, ਇੰਸ. ਸੰਗਤ ਸਿੰਘ ਮੱਕੜ, ਦੀਪਕ ਸਿੰਘ ਮੌਂਗਾ, ਜਸਕਰਨ ਸਿੰਘ ਗੇਰਾ, ਸੁਖਚੈਨ ਸਿੰਘ ਸੁੱਖ ਬਰਾੜ, ਅੰਮਿ੍ਰਤਪਾਲ ਸਿੰਘ ਐਮੀ ਸੱਪਲ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਮਲਕੀਤ ਸਿੰਘ ਭੋਲਾ ਖੁਰਮੀ, ਜਸਬੀਰ ਸਿੰਘ ਰਿੰਕੀ, ਜਤਿੰਦਰ ਸਿੰਘ ਜਸ਼ਨ, ਐਡਵੋਕੇਟ ਜਰਨੈਲ ਸਿੰਘ, ਜਸਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ ਮੀਤਾ ਆਦਿ ਮੁਤਾਬਿਕ ਗੁਰੂ ਨਾਨਕ ਜੀ ਨੇ ਰੱਬ ਦਾ ਸੁਨੇਹਾ ਦੇਣ ਲਈ ਉਦਾਸੀਆਂ, ਪ੍ਰਚਾਰਕ ਦੌਰੇ ਜਾਂ ਕਿਹੜਾ ਰਸਤਾ ਚੁਣਿਆ? ਗੁਰੂ ਨਾਨਕ ਜੀ ਨੇ ਕਰਮਕਾਂਡਾਂ ਖਿਲਾਫ਼ ਕਿਹੜਾ ਤਰਕ ਦਿੱਤਾ? ਆਦਿਕ ਅਜਿਹੇ ਵਰਤਮਾਨ ਸਮੇਂ ’ਚ ਅਹਿਮੀਅਤ ਰੱਖਣ ਵਾਲੇ ਸਵਾਲਾਂ ਦਾ ਜਵਾਬ ਦੇਣ ਵਾਲਿਆਂ ਨੂੰ ਮੌਕੇ ’ਤੇ ਸਨਮਾਨਿਤ ਕਰਨ ਦੇ ਨਾਲ-ਨਾਲ ਗੁਰੂ ਨਾਨਕ ਦਾ ਫਲਸਫਾ ਆਪਣੇ ਜੀਵਨ ’ਤੇ ਲਾਗੂ ਕਰਨ ਦਾ ਵੀ ਸੁਨੇਹਾ ਦਿੱਤਾ ਗਿਆ।