ਮਾਂ ਬੇਟੇ ਵਿੱਚ ਚੱਲ ਰਹੀ ਤਿੱਖੀ ਬਹਿਸ ਅਚਾਨਕ ਸ਼ਾਂਤ ਹੋ ਗਈ, ਜਦੋਂ ਦਰਵਾਜ਼ੇ ਤੇ ਰਿਆਂਸ਼ ਦੇ ਪਿਤਾ ਜੀ ਆ ਗਏ। ਅਸਹਿਮਤੀ ਪ੍ਰਗਟਾਉਂਦੇ ਰਿਆਂਸ਼ ਦੇ ਪਿਤਾ ਨੇ ਕਿਹਾ, “ਬੇਟਾ, ਇਹ ਕੀ ਤਰੀਕਾ ਹੈ ਆਪਣੀ ਮੰਮੀ ਨਾਲ ਗੱਲ ਕਰਨ ਦਾ? ਤੇ ਤੁਸੀਂ ਦੋਵੇਂ ਇੰਨੀ ਉੱਚੀ ਉੱਚੀ ਕਿਉਂ ਬੋਲ ਰਹੇ ਹੋ?” ਰਿਆਂਸ਼ ਦੇ ਪਾਪਾ ਅੱਗੇ ਹੋਰ ਵੀ ਗੱਲ ਕਰਦੇ ਕਿ ਉਸ ਤੋਂ ਪਹਿਲਾਂ ਹੀ ਰਿਆਂਸ਼ ਦੀ ਮੰਮੀ ਨੇ ਉੱਚੀ ਉੱਚੀ ਰੋਂਦਿਆਂ ਕਹਿਣਾ ਸ਼ੁਰੂ ਕਰ ਦਿੱਤਾ, “ਸਾਡੀ ਤਾਂ ਕਿਸਮਤ ਹੀ ਖਰਾਬ ਹੈ। ਪਹਿਲਾਂ ਵੱਡੇ ਮੁੰਡੇ ਨੇ ਅੰਤਰਜਾਤੀ ਵਿਆਹ ਕਰ ਲਿਆ ਤੇ ਹੁਣ ਇਹ ਛੋਟਾ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਨ ਦੀ ਜ਼ਿਦ ਕਰ ਰਿਹਾ ਹੈ।” ਰਿਆਂਸ਼ ਦੇ ਪਾਪਾ ਨੇ ਇਸ਼ਾਰੇ ਨਾਲ ਰਿਆਂਸ਼ ਨੂੰ ਆਪਣਾ ਪੱਖ ਰੱਖਣ ਨੂੰ ਕਿਹਾ ਤਾ ਉਹਨੇ ਆਪਣੇ ਮੋਬਾਈਲ ‘ਚੋਂ ਆਪਣੀ ਦੋਸਤ ਕਾਵੇਰੀ ਦੀ ਫੋਟੋ ਵਿਖਾਉਂਦੇ ਦੱਸਿਆ ਕਿ ਇਹ ਲੜਕੀ ਉਨ੍ਹਾਂ ਦੀ ਹੀ ਜ਼ਾਤ ‘ਚੋਂ ਹੈ ਅਤੇ ਇਹ ਉਹਦੇ ਆਫ਼ਿਸ ਦੀ ਬਿਲਡਿੰਗ ਦੇ ਹੇਠਲੀ ਫ਼ਲੋਰ ਤੇ ਬਣੇ ਬੈਂਕ ਵਿੱਚ ਮੈਨੇਜਰ ਹੈ। ਕਾਵੇਰੀ ਦੇ ਪਰਿਵਾਰ ਵਾਲਿਆਂ ਨੂੰ ਵੀ ਉਨ੍ਹਾਂ ਦੋਹਾਂ ਦੇ ਰਿਸ਼ਤੇ ਤੇ ਕੋਈ ਇਤਰਾਜ਼ ਨਹੀਂ ਹੈ। ਪਰ ਮੰਮੀ ਮੈਨੂੰ ਇਸ ਰਿਸ਼ਤੇ ਲਈ ਮਨਾਂ ਕਰ ਰਹੀ ਹੈ। ਰਿਆਂਸ਼ ਦੀ ਮੰਮੀ ਚੀਕ ਕੇ ਕਹਿਣ ਲੱਗੀ, “ਇਹ ਕਿਉਂ ਨਹੀਂ ਦੱਸਦਾ ਕਿ ਉਹ ਇੱਕ ਪੈਰ ਤੋਂ ਅਪਾਹਿਜ ਹੈ।” ਰਿਆਂਸ਼ ਦੇ ਪਾਪਾ ਨੇ ਅਪਾਹਿਜ ਵਾਲੀ ਗੱਲ ਸੁਣ ਕੇ ਰਿਆਂਸ਼ ਦੇ ਰਿਸ਼ਤੇ ਤੇ ਅਸਹਿਮਤੀ ਪ੍ਰਗਟਾਉਂਦੇ ਹੋਏ ਉਹਨੂੰ ਸਮਝਾਇਆ, “ਬੇਟਾ, ਜ਼ਿੰਦਗੀ ਬੜੀ ਲੰਮੀ ਹੈ ਅਤੇ ਇੱਕ ਅਪਾਹਿਜ ਪਾਰਟਨਰ ਨਾਲ ਇੰਨਾ ਲੰਮਾ ਜੀਵਨ ਜੀਣ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।”
ਕੁਝ ਸਕਿੰਟ ਕਾਵੇਰੀ ਦੀ ਫੋਟੋ ਵੇਖਣ ਪਿੱਛੋਂ ਰਿਆਂਸ਼ ਰੋ ਕੇ ਕਹਿਣ ਲੱਗਾ, “ਪਾਪਾ, ਵੱਡੇ ਭਰਾ ਨੇ ਆਪਣੀ ਦੋਸਤ ਨਾਲ ਸ਼ਾਦੀ ਕਰਨ ਦੀ ਗੱਲ ਕਹੀ ਤਾਂ ਤੁਸੀਂ ਦੂਜੀ ਜ਼ਾਤ ਦੀ ਲੜਕੀ ਕਹਿ ਕੇ ਸ਼ਾਦੀ ‘ਚ ਜਾਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਹੁਣ ਮੈਂ ਆਪਣੀ ਜ਼ਾਤ ਦੀ ਲੜਕੀ ਨਾਲ ਸ਼ਾਦੀ ਦੀ ਗੱਲ ਕਰ ਰਿਹਾ ਹਾਂ ਤਾਂ ਤੁਸੀਂ ਦੋਵੇਂ ਕਾਵੇਰੀ ਦੇ ਅਪਾਹਿਜ ਹੋਣ ਦਾ ਮੁੱਦਾ ਬਣਾ ਰਹੇ ਹੋ। ਤੁਸੀਂ ਇਹ ਕਹਿ ਰਹੇ ਹੋ ਕਿ ਮੈਨੂੰ ਅਪਾਹਿਜ ਲੜਕੀ ਨੂੰ ਆਪਣਾ ਜੀਵਨ ਸਾਥੀ ਨਹੀਂ ਬਣਾਉਣਾ ਚਾਹੀਦਾ। ਪਰ ਮੰਮੀ ਪਾਪਾ, ਤੁਸੀਂ ਦੋਵੇਂ ਮੈਨੂੰ ਇੱਕ ਪ੍ਰਸ਼ਨ ਦਾ ਜਵਾਬ ਦਿਓ ਕਿ ਜੇ ਰੱਬ ਨਾ ਕਰੇ ਤੁਹਾਡੇ ਦੋਹਾਂ ‘ਚੋਂ ਕਿਸੇ ਨਾਲ ਕੋਈ ਹਾਦਸਾ ਹੋ ਜਾਵੇ ਤੇ ਅਪਾਹਿਜ ਹੋ ਜਾਵੇ ਤਾਂ ਤੁਸੀਂ ਦੋਵੇਂ ਆਪਣੇ ਬਚੇ ਹੋਏ ਜੀਵਨ ਲਈ ਆਪਣੇ ਅਪਾਹਿਜ ਪਾਰਟਨਰ ਦਾ ਸਹਿਯੋਗ ਅਤੇ ਖਿਆਲ ਰੱਖੋਗੇ ਜਾਂ ਫਿਰ ਪਾਰਟਨਰ ਹੀ ਬਦਲ ਲਵੋਗੇ।” ਇੰਨਾ ਕਹਿ ਕੇ ਰਿਆਂਸ਼ ਗੁੱਸੇ ਨਾਲ ਆਪਣੇ ਕਮਰੇ ਵਿੱਚ ਚਲਾ ਗਿਆ। ਹੁਣ ਕਮਰੇ ਵਿੱਚ ਪਿੱਛੇ ਰਹਿ ਗਏ ਮੰਮੀ ਪਾਪਾ ਖਾਮੋਸ਼ ਸਨ ਤੇ ਕੰਧ ਉੱਤੇ ਸਿਰਫ ਘੜੀ ਦੀ ਟਿਕ ਟਿਕ ਸੁਣਾਈ ਦੇ ਰਹੀ ਸੀ।

* ਮੂਲ : ਦਿਨੇਸ਼ ਦਿਨਕਰ, ਸੋਨੀਪਤ (ਹਰਿਆਣਾ)
* ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ-151302 (ਬਠਿੰਡਾ) 9417692015