ਭਵਿੱਖ ਵਿੱਚ ਆਮ ਲੋਕਾਂ ਦੀ ਅਵਾਜ ਬਣ ਕੇ ਬੋਲਦਾ ਰਹਾਂਗਾ : ਸਪੀਕਰ ਸੰਧਵਾਂ
ਕੋਟਕਪੂਰਾ, 22 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤਰਨਤਾਰਨ ਅਦਾਲਤ ਤੋਂ ਆਪਣੇ ਸਾਥੀਆਂ ਸਮੇਤ ਬਾਇੱਜਤ ਬਰੀ ਹੋਣ ਦੀ ਖੁਸ਼ੀ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਮਿਉਸਪਲ ਪਾਰਕ ਕੋਟਕਪੂਰਾ ਵਿਖੇ ਰੱਖੇ ਸਨਮਾਨ ਸਮਾਰੋਹ ਦੌਰਾਨ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੌਰੀਆ ਦੀ ਅਗਵਾਈ ਵਿੱਚ ਚਾਹ-ਪਾਰਟੀ ਦਾ ਪ੍ਰਬੰਧ ਵੀ ਕੀਤਾ ਗਿਆ। ਤਰਨਤਾਰਨ ਵਾਲੇ ਕੇਸ ਸਮੇਤ ਹੋਰ ਮਾਮਲਿਆਂ ਬਾਰੇ ਪੁੱਛਣ ’ਤੇ ਸਪੀਕਰ ਸੰਧਵਾਂ ਨੇ ਵਿਸਥਾਰ ਵਿੱਚ ਦੱਸਿਆ ਕਿ ਜਦੋਂ ਉਹ ਵਿਰੋਧੀ ਧਿਰ ਵਿੱਚ ਸਨ ਤਾਂ ਉਹਨਾ ਦੀ ਜਿੰਮੇਵਾਰੀ ਬਣਦੀ ਸੀ ਕਿ ਉਹ ਆਮ ਲੋਕਾਂ ਦੀ ਆਵਾਜ ਬਣਨ। ਉਹਨਾ ਦੱਸਿਆ ਕਿ ਵਿਰੋਧੀਆਂ ਨੇ ਮੇਰੇ ਉੱਪਰ ਮਹਿਜ 250 ਰੁਪਏ ਦੀ ਪੈਨਸ਼ਨ ਦੇ ਘਪਲੇ ਦਾ ਝੂਠਾ ਮਾਮਲਾ ਦਰਜ ਕਰਾਇਆ ਅਤੇ ਇਹ ਸਿਲਸਿਲਾ ਸ਼ੁਰੂ ਹੋ ਗਿਆ। ਜਦੋਂ ਹਾਕਮ ਧਿਰ ਨੂੰ ਛੱਡ ਕੇ ਦੂਜਿਆਂ ਦੇ ਫਲੈਕਸ ਬੋਰਡ ਲਾਹੁਣ ਤੋਂ ਨਗਰ ਕੋਂਸਲ ਦੇ ਕਰਮਚਾਰੀਆਂ ਨੂੰ ਰੋਕਣਾ ਚਾਹਿਆ ਤਾਂ ਉਹਨਾ ਨੇ ਪਰਚਾ ਦਰਜ ਕਰਵਾ ਦਿੱਤਾ। ਪਾਣੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਮੁਹੱਲਾ ਵਾਸੀਆਂ ਵਲੋਂ ਲਾਏ ਧਰਨੇ ਵਿੱਚ ਬਤੌਰ ਵਿਧਾਇਕ ਸ਼ਮੂਲੀਅਤ ਕੀਤੀ ਤਾਂ ਸਾਥੀਆਂ ਸਮੇਤ ਇਕ ਹੋਰ ਪਰਚਾ ਦਰਜ ਕਰਵਾ ਦਿੱਤਾ ਗਿਆ। ਤਰਨਤਾਰਨ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ 150 ਦੇ ਕਰੀਬ ਹੋਈਆਂ ਮੌਤਾਂ ਦੀ ਖਬਰ ਲਾਉਣ ਵਾਲੇ ਪੱਤਰਕਾਰਾਂ ਨੂੰ ਹਵਾਲਾਤ ਵਿੱਚ ਬੰਦ ਕਰਨ ਦੇ ਵਿਰੋਧ ਵਿੱਚ ਰੋਲਾ ਪਾਇਆ ਤਾਂ ਉੱਥੇ ਵੀ ਪਰਚਾ ਦਰਜ ਹੋ ਗਿਆ। ਸਪੀਕਰ ਸੰਧਵਾਂ ਨੇ ਅੱਗੇ ਦੱਸਿਆ ਕਿ ਕੋਟਕਪੂਰਾ ਤੋਂ ਫਰੀਦਕੋਟ ਨੂੰ ਜਾਣ ਵਾਲੀ ਸੜਕ ਉੱਪਰ ਬਣੇ ਰੇਲਵੇ ਪੁਲ ਨੂੰ ਮੁਕੰਮਲ ਹੋ ਜਾਣ ਦੇ ਬਾਵਜੂਦ ਵੀ ਸ਼ੁਰੂ ਕਰਵਾਉਣ ਦੀ ਕੌਸ਼ਿਸ਼ ਕੀਤੀ ਤਾਂ ਪਰਚਾ ਦਰਜ ਕਰਵਾਉਣ ਦੇ ਡਰਾਵੇ ਦੇਣੇ ਸ਼ੁਰੂ ਕਰ ਦਿੱਤੇ ਪਰ ਅਸੀਂ ਪੁਲ ਦੀਆਂ ਰੋਕਾਂ ਹਟਾ ਕੇ ਨਿਰੰਤਰ ਆਵਾਜਾਈ ਬਹਾਲ ਕਰ ਦਿੱਤੀ ਪਰ ਪਤਾ ਨਹੀਂ ਕਿਉਂ ਉਸ ਸਮੇਂ ਅਫਸਰਸ਼ਾਹੀ ਨੇ ਪਰਚਾ ਦਰਜ ਕਰਨ ਤੋਂ ਸੰਕੋਚ ਵਰਤਿਆ। ਸਪੀਕਰ ਸੰਧਵਾਂ ਨੇ ਖੁਸ਼ੀ ਮਹਿਸੂਸ ਕੀਤੀ ਕਿ ਹੁਣ ਤੱਕ ਵਿਰੋਧੀ ਪਾਰਟੀਆਂ ਵਲੋਂ ਜਿੰਨੇ ਵੀ ਪਰਚੇ ਦਰਜ ਕਰਵਾਏ ਸਨ, ਸਾਰਿਆਂ ਵਿੱਚ ਬਾਇੱਜਤ ਬਰੀ ਹੋਣ ਦਾ ਮਾਣ ਹਾਸਲ ਹੋਇਆ ਹੈ। ਉਹਨਾ ਆਖਿਆ ਕਿ ਭਵਿੱਖ ਵਿੱਚ ਵੀ ਆਮ ਲੋਕਾਂ ਦੀ ਅਵਾਜ ਬਣਨ ਲਈ ਜਿੱਥੇ ਬੋਲਣਾ ਪਿਆ, ਉੱਥੇ ਜਰੂਰ ਬੋਲਾਂਗੇ, ਪਰਚੇ ਭਾਵੇਂ ਜਿੰਨੇ ਮਰਜੀ ਦਰਜ ਹੋ ਜਾਣ।
Leave a Comment
Your email address will not be published. Required fields are marked with *