ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਵਿੱਚ ਕਰਵਾਏ ਗਏ ਸਮਾਗਮ ਫੀਏਸਟਾ 2023 ’ਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿੱਚ ਬੱਚਿਆਂ ਨੇ ਆਪਣੀ ਕਲਾ ਦੇ ਜ਼ੌਹਰ ਦਿਖਾਉਂਦਿਆਂ ਵੱਖ-ਵੱਖ ਵੰਨਗੀਆਂ ਦੇ ਲੋਕ-ਨਾਚ ਪੇਸ਼ ਕਰਕੇ ਸਾਡੇ ਦੇਸ਼ ਦੇ ਅਮੀਰ ਸੱਭਿਆਚਾਰ ਦੀ ਤਸਵੀਰ ਪੇਸ਼ ਕੀਤੀ। ਸਮਾਗਮ ਦੇ ਸਵਾਗਤੀ ਗੀਤ ਤੋਂ ਲੈ ਕੇ ਭੰਗੜੇ ਅਤੇ ਗਿੱਧੇ ਤੋਂ ਇਲਾਵਾ ਵੱਖ-ਵੱਖ ਪੇਸ਼ਕਾਰੀਆਂ ਨੇ ਸਰੋਤਿਆਂ ਨੂੰ ਜਿਵੇਂ ਕੀਲ ਕੇ ਪਟਾਰੀ ਵਿੱਚ ਪਾ ਲਿਆ ਹੋਵੇ। ਸਮਾਗਮ ਵਿੱਚ ਆਏ ਮੁੱਖ ਮਹਿਮਾਨ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਸਮਾਗਮ ਵਿੱਚ ਵੱਖ-ਵੱਖ ਵਿਦਿਆਰਥੀਆਂ ਦੁਆਰਾ ਨਿਭਾਈ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਗੁਰਦੇਵ ਸਿੰਘ ਬਰਾੜ (ਸੇਵਾਮੁਕਤ ਆਈ.ਏ.ਐਸ.) ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਦੀ ਕਲਾ ਦੀ ਸ਼ਲਾਘਾ ਕਰਦਿਆਂ ਸਕੂਲ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਨੇ ਆਪਣੀ ਕਵਿਤਾ ਰਾਹੀਂ ਸਵਰਗਵਾਸੀ ਕਰਨੈਲ ਸਿੰਘ ਡੋਡ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸਖ਼ਸੀਅਤ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਡਾ. ਗੁਰਸੇਵਕ ਸਿੰਘ ਅਤੇ ਖ਼ਜਾਨਚੀ ਸਵਰਨਜੀਤ ਸਿੰਘ ਗਿੱਲ ਨੇ ਆਪਣੇ ਵਿਚਾਰਾਂ ਰਾਹੀਂ ਬੱਚਿਆਂ ਦੀ ਪੇਸ਼ਕਾਰੀ ਦੀ ਭਰਪੂਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਅਮਰਜੀਤ ਸਿੰਘ ਡੋਡ, ਜੁਆਇੰਟ ਸਕੱਤਰ ਸੁਖਪਾਲ ਸਿੰਘ ਕੰਗ, ਮੈਨੇਜਮੈਂਟ ਦੇ ਵੱਖ-ਵੱਖ ਮੈਂਬਰਾਂ ਤੋਂ ਇਲਾਵਾ ਦਸਮੇਸ਼ ਗਰੁੱਪ ਆਫ਼ ਸਕੂਲ ਅਤੇ ਕਾਲਜਾਂ ਦੇ ਪਿ੍ਰੰਸੀਪਲ ਸਾਹਿਬਾਨ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰ. ਅਪੂਰਵ ਦੇਵਗਨ ਨੇ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਕੂਲ ਦੀਆਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਸਮਾਗਮ ਵਿੱਚ ਬੱਚਿਆਂ ਵਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਸਕੂਲ ਦੇ ਸਮੁੱਚੇ ਸਟਾਫ਼, ਕੋਆਰਡੀਨੇਟਰ ਸਾਹਿਬਾਨ ਅਤੇ ਵਾਈਸ ਪਿ੍ਰੰ. ਰਾਕੇਸ਼ ਧਵਨ ਦਾ ਧੰਨਵਾਦ ਕੀਤਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਇਸ ਸ਼ਲਾਘਾਯੋਗ ਕਦਮ ’ਤੇ ਪ੍ਰਿੰਸੀਪਲ ਅਪੂਰਵ ਦੇਵਗਨ ਜੀ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅਜਿਹੇ ਕਾਰਜ਼ ਕਰਵਾਉਣ ਲਈ ਪ੍ਰੇਰਿਤ ਕੀਤਾ।