ਕੋਟਕਪੂਰਾ, 17 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਪੰਜਾਬ ਵਲੋਂ ਲਗਭਗ ਚਾਰ ਸਾਲ ਪਹਿਲਾਂ 1558 ਹੈੱਡ ਟੀਚਰਾਂ ਅਤੇ 375 ਸੈਂਟਰ ਹੈੱਡ ਟੀਚਰਾਂ ਦੀ ਨਿਯੁਕਤੀ ਸਿੱਧੀ ਭਰਤੀ ਰਾਹੀਂ ਦੂਰ ਦੁਰੇਡੇ ਜਿਲਿਆਂ ’ਚ ਕੀਤੀ ਗਈ ਸੀ। ਇਹਨਾਂ ਅਧਿਆਪਕਾਂ ਨੂੰ ਆਪਣੀ ਡਿਊਟੀ ’ਤੇ ਜਾਣ ਲਈ ਹਰ ਰੋਜ ਸੈਂਕੜੇ ਕਿਲੋਮੀਟਰ ਦਾ ਸਫਰ ਤੈਅ ਕਰਨਾ ਪੈਂਦਾ ਹੈ ਤੇ ਪਿਛਲੇ ਸਮੇਂ ਦੌਰਾਨ ਸਰਦੀ ਦੇ ਮੌਸਮ ਵਿੱਚ ਪੈ ਰਹੀ ਭਾਰੀ ਧੁੰਦ ਵਿੱਚ ਆਪਣੀ ਡਿਊਟੀ ’ਤੇ ਜਾਂਦੇ ਕਈ ਅਧਿਆਪਕਾਂ ਨੂੰ ਸੜਕ ਦੁਰਘਟਨਾਵਾਂ ਕਾਰਨ ਮੌਤ ਦਾ ਸ਼ਿਕਾਰ ਹੋਣਾ ਪਿਆ ਹੈ ਤੇ ਕਈਆਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਹਨ। ਸਿੱਖਿਆ ਵਿਭਾਗ ਪੰਜਾਬ ਸਰਕਾਰ ਵਲੋਂ ਅਧਿਆਪਕ ਤਬਾਦਲਾ ਨੀਤੀ ਤਹਿਤ ਸਾਲ 2024 ਦੌਰਾਨ ਬਦਲੀ ਕਰਵਾਉਣ ਦੇ ਇਛੁੱਕ ਅਧਿਆਪਕਾਂ ਨੂੰ ਈ-ਪੰਜਾਬ ਪੋਰਟਲ ’ਤੇ ਅਪਲਾਈ ਕਰਨ ਵਾਸਤੇ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਗੁਰਪ੍ਰੀਤ ਮਾੜੀ ਮੇਘਾ, ਵਿੱਤ ਸਕੱਤਰ ਨਵੀਨ ਸੱਚਦੇਵਾ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ, ਸਕਤੱਰ ਜਿੰਦਰ ਪਾਇਲਟ ਅਤੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਸਿੱਧੀ ਭਰਤੀ ਰਾਹੀਂ ਦੂਰ-ਦੁਰੇਡੇ ਜਿਲਿਆਂ ਵਿੱਚ ਨਿਯੁਕਤ ਅਧਿਆਪਕਾਂ ਨੂੰ ਇਸ ਵਾਰ ਬਦਲੀਆਂ ਲਈ ਅਪਲਾਈ ਕਰਨ ਵਾਸਤੇ ਵਿਸ਼ੇਸ਼ ਮੌਕਾ ਦਿੱਤਾ ਜਾਵੇ ਅਤੇ ਅੰਤਰ ਜਿਲਾ ਬਦਲੀਆਂ ਪਹਿਲਾਂ ਕੀਤੀਆਂ ਜਾਣ ਅਤੇ ਜਿਹੜੇ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਦੂਰ-ਦੁਰਾਡੇ ਜਿਲਿਆਂ ਵਿੱਚ ਸੇਵਾ ਨਿਭਾਅ ਰਹੇ ਹਨ, ਉਨਾਂ ਅਧਿਆਪਕਾਂ ਨੂੰ ਆਪਣੇ ਰਿਹਾਇਸ਼ੀ ਜਿਲਿਆਂ ’ਚ ਬਦਲੀ ਕਰਵਾਉਣ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ। ਇਹ ਬਦਲੀਆਂ ਜੂਨ ਤੇ ਜੁਲਾਈ ਮਹੀਨੇ ਦੇ ਅੰਦਰ-ਅੰਦਰ ਹੀ ਮੁਕੰਮਲ ਹੋ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀਆਂ ਦੀ ਪੜਾਈ ਤੇ ਬੁਰਾ ਪ੍ਰਭਾਵ ਨਾ ਪਵੇ।