ਸੈਂਕੜੇ ਵਾਹਨਾ ਦੇ ਕਾਫਲੇ ਰਾਹੀਂ ਕੱਢੀ ਜਾਵੇਗੀ ਜਾਗਰੂਕਤਾ ਰੈਲੀ : ਡਾ. ਢਿੱਲੋਂ
ਕੋਟਕਪੂਰਾ, 13 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼ )
ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਰਹਿਣ ਵਾਲੀ ਨਿਸ਼ਕਾਮ ਸਮਾਜਸੇਵੀ ਸੰਸਥਾ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ 26 ਜੂਨ ਨਸ਼ਾ ਵਿਰੋਧੀ ਦਿਵਸ (ਐਂਟੀ ਡਰੱਗ ਡੇਅ) ਨੂੰ ਨਸ਼ਿਆਂ ਖਿਲਾਫ਼ ਵਿਸ਼ਾਲ ਰੈਲੀ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਗਿਆ। ਡਾ. ਢਿੱਲੋਂ ਨੇ ਦੱਸਿਆ ਕਿ 26 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ ਠੀਕ 8.00 ਵਜੇ ਨਵੀਂ ਦਾਣਾ ਮੰਡੀ ਫਰੀਦਕੋਟ ਵਿਖੇ ਵੱਖ ਵੱਖ ਸਮਾਜਸੇਵੀ ਸੰਸਥਾਵਾਂ/ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸਮਾਜ ਸੁਧਾਰਕ ਇਕੱਤਰ ਹੋਣਗੇ, ਜਿੱਥੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਹਰ ਬੁਲਾਰਾ ਸਿਰਫ ਨਸ਼ਿਆਂ ਦੀ ਕਰੋਪੀ ਦੇ ਹੱਲ ਲਈ ਆਪਣੇ ਵਿਚਾਰ ਸਾਂਝੇ ਕਰੇਗਾ। ਡਾ. ਢਿੱਲੋਂ ਮੁਤਾਬਿਕ ਉਸ ਤੋਂ ਬਾਅਦ ਨਸ਼ਾ ਵਿਰੋਧੀ ਰੈਲੀ ਵਿੱਚ ਸ਼ਾਮਲ ਕਾਰਾਂ, ਜੀਪਾਂ, ਸਕੂਟਰਾਂ, ਮੋਟਰਸਾਈਕਲਾਂ ਸਮੇਤ ਵੱਖ ਵੱਖ ਕਿਸਮ ਦੇ ਵਾਹਨਾ ਦਾ ਕਾਫਲਾ 9.30 ਵਜੇ ਬੱਤੀਆਂ ਵਾਲਾ ਚੋਂਕ ਕੋਟਕਪੂਰਾ ਵਿਖੇ ਪੁੱਜੇ ਅਤੇ ਇਸ ਜਗਾ ਵੀ ਵੱਖ ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਆਗੂ ਨਸ਼ਾ ਵਿਰੋਧੀ ਦਿਵਸ ਦੀ ਮਹੱਤਤਾ ਅਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਸਬੰਧੀ ਵਿਚਾਰ ਚਰਚਾ ਕਰਨਗੇ। ਡਾ ਮਨਜੀਤ ਸਿੰਘ ਢਿੱਲੋਂ ਅਤੇ ਪ੍ਰੋ. ਐੱਚ.ਐੱਸ. ਪਦਮ ਨੇ ਦੱਸਿਆ ਕਿ ਬੱਤੀਆਂ ਵਾਲਾ ਚੋਂਕ ਕੋਟਕਪੂਰਾ ਤੋਂ ਉਕਤ ਕਾਫਲਾ ਨਵੀਂ ਦਾਣਾ ਮੰਡੀ ਬਾਘਾਪੁਰਾਣਾ ਲਈ ਰਵਾਨਾ ਹੋਵੇਗਾ ਅਤੇ ਉੱਥੇ ਪਹੁੰਚ ਕੇ ਵੀ ਨਸ਼ਿਆਂ ਖਿਲਾਫ ਵਿਚਾਰ ਚਰਚਾ ਕਰਨ ਤੋਂ ਬਾਅਦ ਰੈਲੀ ਦੀ ਸਮਾਪਤੀ ਕੀਤੀ ਜਾਵੇਗੀ। ਉਹਨਾ ਦਾਅਵਾ ਕੀਤਾ ਕਿ ਸਾਰੇ ਪੋ੍ਰਗਰਾਮ ਦੌਰਾਨ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਬਠਿੰਡਾ ਰੋਡ ਕੋਟਕਪੂਰਾ ਦਾ ਪੂਰਨ ਸਹਿਯੋਗ ਰਹੇਗਾ।

